ਕਾਂਗਰਸ ਨੇ ਪੰਜਾਬ ਦਾ ਕੋਰੋਨਾ ਤੋਂ ਵੀ ਵੱਧ ਨੁਕਸਾਨ ਕੀਤਾ : ਚੰਦੂਮਾਜਰਾ

Friday, May 15, 2020 - 09:09 PM (IST)

ਪਟਿਆਲਾ (ਬਲਜਿੰਦਰ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਦਾ ਕੋਰੋਨਾ ਤੋਂ ਵੱਧ ਨੁਕਸਾਨ ਕਰ ਦਿੱਤਾ ਹੈ। ਕਾਂਗਰਸ ਵੱਲੋਂ ਮਚਾਈ ਇਸ ਲੁੱਟ ਵਿਚ ਹਾਲਾਤ ਇਹ ਬਣ ਗਏ ਹਨ ਕਿ ਮੰਤਰੀ ਇਕ ਦੂਜੇ ਨਾਲ ਕੁਕੜਾਂ ਵਾਂਗ ਲੜ ਰਹੇ ਹਨ। ਇਕੱਲੀ ਸ਼ਰਾਬ 'ਤੇ ਉਠ ਸਵਾਲ ਤੋਂ ਪਰਦਾਫਾਸ਼ ਹੋ ਗਿਆ ਕਿ ਕਿਸ ਤਰ੍ਹਾਂ ਕਾਂਗਰਸੀਆਂ ਨੇ ਆਪਣੀਆਂ ਜੇਬਾਂ ਭਰਨ ਲਈ ਪੰਜਾਬ ਦੇ ਖਜ਼ਾਨੇ ਨੂੰ ਲੀਰੋ-ਲੀਰ ਕਰ ਦਿੱਤਾ ਹੈ। ਮੁੱਖ ਮੰਤਰੀ ਦੇ ਆਪਣੇ ਜ਼ਿਲੇ ਵਿਚ ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਫੜੇ ਜਾਣ ਤੋਂ ਬਾਅਦ ਤਾਂ ਬਿੱਲੀ ਹੀ ਥੱਲੇ ਤੋਂ ਬਾਹਰ ਆ ਗਈ ਹੈ। ਇਸ ਪੈਦਾ ਹੋਈ ਸਥਿਤੀ ਦਾ ਪੰਜਾਬ ਦੇ ਰਾਜਪਾਲ ਨੂੰ ਖੁਦ ਨੋਟਿਸ ਲੈਣਾ ਚਾਹੀਦਾ ਹੈ। ਅਕਾਲੀ ਦਲ ਅਤੇ ਭਾਜਪਾ ਵੱਲੋਂ ਜਲਦ ਹੀ ਰਾਜਪਾਲ ਨੂੰ ਮਿਲ ਕੇ ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਵੱਡੀ ਖਬਰ, ਕੇਂਦਰ ਦੀ ਕੋਰੋਨਾ ਮਰੀਜ਼ਾਂ 'ਤੇ ਬਣਾਈ ਡਿਸਚਾਰਜ ਪਾਲਿਸੀ ਪੰਜਾਬ 'ਚ ਲਾਗੂ 

ਚੰਦੂਮਾਜਰਾ ਨੇ ਇਹ ਵੀ ਮੰਗ ਕੀਤੀ ਕਿ ਨਕਲੀ ਸ਼ਰਾਬ ਬਣਾ ਕੇ ਰੋਜ਼ਾਨਾ ਲੱਖਾਂ ਰੁਪਏ ਕਮਾਉਣ ਵਾਲਿਆਂ ਨੂੰ ਸਰਪ੍ਰਸਤੀ ਦੇਣ ਵਾਲਿਆਂ ਨੂੰ ਇਸ ਮਾਮਲੇ ਵਿਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਉਹ ਹਲਕਾ ਘਨੌਰ ਵਿਚ ਹੀ ਕਈ ਥਾਂਵਾਂ ਬਦਲ ਕੇ ਇਸ ਫੈਕਟਰੀ ਨੂੰ ਲੰਬੇ ਸਮੇਂ ਤੋਂ ਚਲਾਉਂਦੇ ਆ ਰਹੇ ਹਨ। ਚੰਦੂਮਾਜਰਾ ਨੇ ਕਿਹਾ ਕਿ ਜਿਹੜੇ ਆਗੂਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਦੀਆਂ ਕਾਲ ਡਿਟੇਲਾਂ ਅਤੇ ਹੋਰ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਜਿਸ ਤਰ੍ਹਾਂ ਇੰਨੀ ਵੱਡੀ ਮਾਤਰਾ ਵਿਚ ਨਕਲੀ ਸ਼ਰਾਬ ਬਣਾ ਕੇ ਵੇਚੀ ਜਾ ਰਹੀ ਸੀ, ਉਸ ਤੋਂ ਸਾਫ ਹੈ ਕਿ ਉਹ ਬਿਨ੍ਹਾਂ ਸਿਆਸੀ ਸਰਪ੍ਰਸਤੀ ਤੋਂ ਨਹੀਂ ਵੇਚੀ ਜਾ ਸਕਦੀ।

ਇਹ ਵੀ ਪੜ੍ਹੋ : ਕੋਰੋਨਾ ਦੌਰ ''ਚ ਰਾਹਤ, ਸਰਕਾਰ ਨੇ ਸ਼ਰਤਾਂ ''ਚ ਛੋਟ ਨਾਲ ਜਾਰੀ ਕੀਤੀ ਨਵੀਂ ਅਫੋਰਡੇਬਲ ਹਾਊਸਿੰਗ ਪਾਲਿਸੀ    

ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਵਿਚ ਹਾਲਾਤ ਅਜਿਹੇ ਪੈਦਾ ਹੋਏ ਕਿ ਸੰਵਿਧਾਨਿਕ ਸੰਕਟ ਖੜ੍ਹਾ ਹੋ ਗਿਆ ਹੈ। ਮੰਤਰੀ ਆਪਸ ਵਿਚ ਲੜ ਰਹੇ ਹਨ। ਅਫਸਰ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਨਿਰਦੇਸ਼ ਦੇ ਰਹੇ ਹਨ। ਸ਼ਰਾਬ ਮਾਫੀਆ ਅਤੇ ਮਾਈਨਿੰਗ ਮਾਫੀਆ ਵੱਲੋ ਦੋਵੇਂ ਹੱਥਾਂ ਨਾਲ ਲੁੱਟ ਮਚਾਈ ਜਾ ਰਹੀ ਹੈ। ਇਸ ਮੌਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਿਮਰਨਜੀਤ ਸਿੰਘ ਚੰਦੂਮਾਜਰਾ, ਜਗਜੀਤ ਸਿੰਘ ਕੋਹਲੀ, ਸੁਖਵਿੰਦਰਪਾਲ ਸਿੰਘ ਮਿੰਟਾ, ਜਰਨੈਲ ਸਿੰਘ ਅਲੀਪੁਰ, ਸੁਖਬੀਰ ਸਿੰਘ ਅਬਲੋਵਾਲ, ਜਤਿੰਦਰ ਪਹਾੜੀਪੁਰ, ਰਵੀ ਸਨੋਰੀਆ, ਜਤਿੰਦਰਪਾਲ ਸਿੰਘ ਚੱਢਾ ਅਤੇ ਪਲਵਿੰਦਰ ਸਿੰਘ ਰਿੰਕੂ ਵੀ ਵਿਸ਼ੇਸ ਤੌਰ 'ਤੇ ਹਾਜ਼ਰ ਸਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਚੰਗੀ ਖਬਰ, 95 ਸ਼ਰਧਾਲੂਆਂ ਨੇ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਾਏ ਚਾਲੇ


Gurminder Singh

Content Editor

Related News