ਮੇਰਾ ਭਾਵੇਂ ਸਿਰ ਕਲਮ ਕਰ ਦਿਓ ਆਪਣੇ ਸਟੈਂਡ ''ਤੇ ਕਾਇਮ ਰਹਾਂਗਾ : ਬਾਜਵਾ

Wednesday, Jan 15, 2020 - 06:57 PM (IST)

ਮੇਰਾ ਭਾਵੇਂ ਸਿਰ ਕਲਮ ਕਰ ਦਿਓ ਆਪਣੇ ਸਟੈਂਡ ''ਤੇ ਕਾਇਮ ਰਹਾਂਗਾ : ਬਾਜਵਾ

ਚੰਡੀਗ਼ੜ੍ਹ : ਮੰਤਰੀਆਂ ਵਲੋਂ ਅਨੁਸ਼ਾਸਨਹੀਣਤਾ ਦੀ ਕਾਰਵਾਈ ਨੂੰ ਲੈ ਕੇ ਕੀਤੀ ਗਈ ਮੰਗ ਤੋਂ ਬਾਅਦ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਸੁਰ ਹੋਰ ਵੀ ਤਿੱਖੇ ਹੋ ਗਏ ਹਨ। ਬਾਜਵਾ ਨੇ ਆਖਿਆ ਹੈ ਕਿ ਭਾਵੇਂ ਮੇਰਾ ਸਿਰ ਵੀ ਕਲਮ ਹੋ ਜਾਵੇ, ਮੈਂ ਫਿਰ ਵੀ ਆਪਣੇ ਸਟੈਂਡ 'ਤੇ ਕਾਇਮ ਰਹਾਂਗਾ ਅਤੇ ਮੈਂ ਕਿਸੇ ਦੀਆਂ ਗਿੱਦੜ ਭੱਬਕੀਆਂ ਤੋਂ ਡਰਨ ਵਾਲਾ ਨਹੀਂ ਹਾਂ। ਖੁਲਾਸਾ ਕਰਦਿਆਂ ਬਾਜਵਾ ਨੇ ਆਖਿਆ ਕਿ ਜਿਹੜੇ ਮੰਤਰੀਆਂ ਵਲੋਂ ਮੇਰੇ ਖਿਲਾਫ ਮਤਾ ਪਾਸ ਕੀਤਾ ਗਿਆ ਹੈ ਉਨ੍ਹਾਂ ਵਿਚੋਂ 6 ਦੇ ਫੋਨ ਮੈਨੂੰ ਆਏ ਸਨ ਜਦਕਿ ਦੋ ਮੰਗਲਵਾਰ ਵਾਲੀ ਮੀਟਿੰਗ ਵਿਚ ਸ਼ਾਮਲ ਹੀ ਨਹੀਂ ਸਨ। ਇਹ ਪ੍ਰੈੱਸ ਨੋਟ ਐਡਵਾਇਜ਼ਰਾਂ ਨੇ ਜਾਰੀ ਕੀਤਾ ਹੈ ਜਦਕਿ ਅੱਧੇ ਮੰਤਰੀ ਮੀਟਿੰਗ ਵਿਚ ਸ਼ਾਮਲ ਹੀ ਨਹੀਂ ਸਨ। 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਮੁੜ ਸ਼ਬਦੀ ਹਮਲਾ ਕਰਦਿਆਂ ਬਾਜਵਾ ਨੇ ਕਿਹਾ ਕਿ ਜਿਹੜਾ ਮੰਤਰੀ ਸਾਲ 'ਚ ਸਿਰਫ ਇਕ ਵਾਰ ਹੀ ਦਰਸ਼ਨ ਦਿੰਦਾ ਹੈ ਫਿਰ ਕੰਮ ਕਿਵੇਂ ਕਰੇਗਾ। ਜੇਕਰ ਸਾਲ ਵਿਚ ਸਿਰਫ ਇਕ ਦਿਨ ਹੀ ਕੰਮ ਕਰਨਾ ਹੈ ਤਾਂ ਕਿਸੇ ਹੋਰ ਨੂੰ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਗੁਟਕਾ ਸਾਹਿਬ ਹੱਥ 'ਚ ਫੜ ਕੇ ਖਾਧੀ ਗਈ ਕਸਮ ਨੂੰ ਤਿੰਨ ਸਾਲ ਹੋ ਗਏ ਹਨ ਜਦਕਿ ਅਜੇ ਵੀ ਕੁਝ ਨਹੀਂ ਹੋਇਆ। ਲਗਾਤਾਰ ਬਿਜਲੀ ਦੇ ਰੇਟ ਵਧਾਏ ਜਾ ਰਹੇ ਹਨ, ਜਿਹੜੇ ਲੋਕਾਂ ਨੂੰ ਵਾਅਦੇ ਕੀਤੇ ਸਨ, ਉਹ ਵੀ ਅਜੇ ਤਕ ਨਹੀਂ ਨਿਭਾਏ ਗਏ, ਜੇਕਰ ਮੌਕਾ ਨਾ ਸੰਭਾਲਿਆ ਗਿਆ ਤਾਂ ਸਮਾਂ ਆਉਣ 'ਤੇ ਲੋਕ ਕਾਂਗਰਸ ਨੂੰ ਸਬਕ ਸਿਖਾਉਣਗੇ।


author

Gurminder Singh

Content Editor

Related News