ਕਾਂਗਰਸੀ ਐੱਮ. ਸੀ., ਇਕ ਨੇਤਾ ਸਣੇ 5 ਹੋਏ ਡੇਂਗੂ ਦਾ ਸ਼ਿਕਾਰ

09/14/2017 1:45:22 PM

ਕਪੂਰਥਲਾ (ਮਲਹੋਤਰਾ) - ਸਿਵਲ ਹਸਪਤਾਲ ਤੇ ਨਗਰ ਕੌਂਸਲ ਦੀ ਲਾਪ੍ਰਵਾਹੀ ਨਾਲ ਕਪੂਰਥਲਾ ਸ਼ਹਿਰ 'ਚ ਡੇਂਗੂ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਹੁਣ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਡੇਂਗੂ ਨਾਲ ਪੀੜਤ ਇਕ ਕੌਂਸਲਰ, ਇਕ ਨੇਤਾ ਸਮੇਤ ਪੰਜ ਲੋਕ ਆਪਣਾ ਇਲਾਜ ਕਰਵਾ ਰਹੇ ਹਨ। ਸਮਾਂ ਰਹਿੰਦੇ ਹੀ ਜੇਕਰ ਨਗਰ ਕੌਂਸਲ ਕਪੂਰਥਲਾ ਵੱਲੋਂ ਲਗਾਤਾਰ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਫੌਗਿੰਗ ਕਰਵਾਈ ਹੁੰਦੀ ਤਾਂ ਵੱਧ ਰਹੀ ਡੇਂਗੂ ਦੀ ਬੀਮਾਰੀ ਤੋਂ ਲੋਕਾਂ ਨੂੰ ਬਚਾਇਆ ਜਾ ਸਕਦਾ ਸੀ।  ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਇਲਾਜ ਅਧੀਨ ਕਾਂਗਰਸੀ ਕੌਂਸਲਰ ਸਤਨਾਮ ਸਿੰਘ ਵਾਲੀਆ (ਸੱਤਾ) ਪੁੱਤਰ ਤਰਲੋਕ ਸਿੰਘ ਵਾਲੀਆ ਵਾਸੀ ਮੁਹੱਲਾ ਸੂਦਾਂ ਮੰਦਰ ਕਪੂਰਥਲਾ ਨੇ ਦੱਸਿਆ ਕਿ ਉਸ ਨੂੰ 2-3 ਦਿਨਾਂ ਤੋਂ ਤੇਜ਼ ਬੁਖਾਰ ਚੜ੍ਹ ਰਿਹਾ ਹੈ। ਹਸਪਤਾਲ 'ਚ ਟੈਸਟ ਕਰਵਾਉਣ 'ਤੇ ਪਤਾ ਲੱਗਿਆ ਕਿ ਉਸ ਦੇ ਸਰੀਰ 'ਚ ਸਿਰਫ 28 ਹਜ਼ਾਰ ਸੈੱਲ ਹੀ ਰਹਿ ਗਏ ਹਨ। ਪੀੜਤ ਨੇ ਦੱਸਿਆ ਕਿ ਉਸ ਦਾ ਸਰੀਰ ਬੁਰੀ ਤਰ੍ਹਾਂ ਟੁੱਟ ਰਿਹਾ ਹੈ ਤੇ ਉਸ ਨੂੰ ਉਲਟੀਆਂ ਵੀ ਆ ਰਹੀਆਂ ਹਨ। ਇਸੇ ਤਰ੍ਹਾਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਇਲਾਜ ਅਧੀਨ ਕੁਲਵੰਤ ਸਿੰਘ ਸੋਹੀ ਪੁੱਤਰ ਸਾਧੂ ਸਿੰਘ ਸੋਹੀ ਨਿਵਾਸੀ ਮੁਹੱਲਾ ਪ੍ਰੀਤ ਨਗਰ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਬੁਖਾਰ ਨਾਲ ਪੀੜਤ ਹੈ, ਜਿਸ ਨੂੰ ਲੈ ਕੇ ਉਹ ਕਪੂਰਥਲਾ ਦੇ ਸਿਵਲ ਹਸਪਤਾਲ 'ਚ ਇਲਾਜ ਕਰਵਾਉਣ ਆਇਆ ਸੀ। ਟੈਸਟ ਕਰਵਾਉਣ 'ਤੇ ਉਸ ਨੂੰ ਪਤਾ ਲੱਗਿਆ ਕਿ ਸਰੀਰ 'ਚ ਸੈੱਲ ਕਾਫੀ ਘੱਟ ਹੋ ਗਏ ਹਨ। 
ਪੀੜਤ ਨੇ ਦੱਸਿਆ ਕਿ ਉਹ ਪਨਸਪ ਵਿਭਾਗ ਤੋਂ ਰਿਟਾ. ਅਧਿਕਾਰੀ ਹੈ ਤੇ ਹੁਣ ਸਮਾਜ ਸੇਵਾ ਦਾ ਕੰਮ ਕਰਦਾ ਹੈ। ਇਸੇ ਤਰ੍ਹਾਂ ਸਿਵਲ ਹਸਪਤਾਲ 'ਚ ਇਲਾਜ ਅਧੀਨ ਜੂਲੀ (17) ਪੁੱਤਰੀ ਰੁਸਤਮ ਖਾਨ ਵਾਸੀ ਮੁਹੱਲਾ ਪ੍ਰੀਤ ਨਗਰ ਨੇ ਦੱਸਿਆ ਕਿ ਜਦੋਂ ਉਹ ਸਕੂਲ 'ਚ ਪੜ੍ਹਨ ਲਈ ਗਈ ਤਾਂ ਉਸ ਨੂੰ ਤੇਜ਼ ਬੁਖਾਰ ਚੜ੍ਹ ਗਿਆ ਤਾਂ ਉਹ ਛੁੱਟੀ ਲੈ ਕੇ ਵਾਪਸ ਆ ਗਈ। ਸਿਵਲ ਹਸਪਤਾਲ 'ਚ ਇਲਾਜ ਕਰਵਾਉਣ ਆਈ ਤਾਂ ਪਤਾ ਲੱਗਿਆ ਕਿ ਉਸ ਦੇ ਸਰੀਰ 'ਚ ਸੈੱਲ ਘੱਟ ਹੋ ਗਏ ਹਨ। 
ਇਸੇ ਤਰ੍ਹਾਂ ਸਿਵਲ ਹਸਪਤਾਲ 'ਚ 15 ਸਾਲਾ ਪੂਜਾ ਪੁੱਤਰੀ ਰਾਜਵਿੰਦਰ ਸਿੰਘ ਨਿਵਾਸੀ ਮੁਹੱਲਾ ਅਸ਼ੋਕ ਵਿਹਾਰ ਕਪੂਰਥਲਾ ਦੇ ਪਿਤਾ ਨੇ ਦੱਸਿਆ ਕਿ ਇਸ ਨੂੰ 3-4 ਦਿਨਾਂ ਤੋਂ ਬੁਖਾਰ ਤੇ ਉਲਟੀਆਂ ਆ ਰਹੀਆਂ ਹਨ। ਟੈਸਟ ਕਰਵਾਉਣ ਤੋਂ ਬਾਅਦ ਪਤਾ ਲੱਗਿਆ ਕਿ ਇਸ ਦੇ ਸੈੱਲ ਘੱਟ ਰਹੇ ਹਨ। ਇਸ ਸਬੰਧੀ ਜਦੋਂ ਸਿਵਲ ਸੀਨੀਅਰ ਮੈਡੀਕਲ ਅਧਿਕਾਰੀ ਡਾ. ਅਨੂਪ ਮੇਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਡੇਂਗੂ ਬੀਮਾਰੀ ਦੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ 'ਚ ਹਰ ਤਰ੍ਹਾਂ ਦੇ ਉਚਿਤ ਪ੍ਰਬੰਧ ਹਨ। ਦਵਾਈਆਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਦਾ ਆਈਸੋਲੇਸ਼ਨ ਵਾਰਡ ਤਿਆਰ ਹੈ। ਡੇਂਗੂ ਬੀਮਾਰੀ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਡੀ. ਸੀ. ਮੁਹੰਮਦ ਤਇਅਬ ਦੇ ਹੁਕਮਾਂ 'ਤੇ ਕੀਤੀ ਗਈ ਮੀਟਿੰਗ ਤੋਂ ਬਾਅਦ ਸ਼ਹਿਰ 'ਚ ਚੱਲ ਰਹੀ ਫੌਗਿੰਗ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ। 


Related News