ਅੰਮ੍ਰਿਤਸਰ ਪੂਰਬੀ ’ਚ ਭਾਜਪਾ ਤੇ ਕਾਂਗਰਸ ਨੂੰ ਝਟਕਾ, ਸਾਬਕਾ ਮੇਅਰ ਤੇ ਸਾਬਕਾ ਐੱਮ. ਸੀ ਅਕਾਲੀ ਦਲ ’ਚ ਸ਼ਾਮਲ

Monday, Feb 07, 2022 - 05:44 PM (IST)

ਅੰਮ੍ਰਿਤਸਰ (ਗੁਰਿੰਦਰ ਸਾਗਰ) : ਅੰਮ੍ਰਿਤਸਰ ਪੂਰਬੀ ਹਲਕੇ ਵਿਚ ਭਾਜਪਾ ਤੇ ਕਾਂਗਰਸ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸਾਬਕਾ ਮੇਅਰ ਸੁਭਾਸ਼ ਸ਼ਰਮਾ ਅਤੇ ਸਾਬਕਾ ਐੱਮ. ਸੀ. ਰਛਪਾਲ ਕੌਰ ਆਪੋ-ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਦੌਰਾਨ ਹਲਕੇ ਦੇ ਵੱਖ-ਵੱਖ ਵਾਰਡਾਂ ਤੋਂ ਕਰੀਬ ਪੰਜ ਦਰਜਨ ਕਾਂਗਰਸੀ ਆਗੂ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਮਜੀਠੀਆ ਨੇ ਸਾਬਕਾ ਮੇਅਰ ਤੇ ਸਾਬਕਾ ਐੱਮ. ਸੀ. ਸਮੇਤ ਸਾਰੇ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਅਤੇ ਭਰੋਸਾ ਦੁਆਇਆ ਕਿ ਉਨ੍ਹਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਅਤੇ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ।

ਇਸ ਮੌਕੇ ਸੁਭਾਸ਼ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਭਾਜਪਾ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਇਸ ਕਰਕੇ ਕੀਤਾ ਹੈ ਕਿਉਂਕਿ ਭਾਜਪਾ ਵਿਚ ਹੁਣ ਸਿਰਫ ਤਾਨਾਸ਼ਾਹੀ ਚੱਲ ਰਹੀ ਹੈ ਜਦਕਿ ਅਕਾਲੀ ਦਲ ਹਮੇਸ਼ਾ ਨਿਮਾਣਾ ਹੋ ਕੇ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ। ਅਕਾਲੀ ਦਲ ਦੇ ਮੈਂਬਰ ਵੀ ਲੋਕਾਂ ਲਈ ਆਪਣੀ ਜੀ ਜਾਨ ਲਗਾ ਦਿੰਦੇ ਹਨ। ਸਾਬਕਾ ਐੱਮ. ਸੀ. ਰਛਪਾਲ ਕੌਰ ਨੇ ਕਿਹਾ ਕਿ ਉਨ੍ਹਾਂ ਕਾਂਗਰਸ ਛੱਡਣ ਦਾ ਫੈਸਲਾ ਇਸ ਕਰਕੇ ਲਿਆ ਕਿਉਂਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਹਲਕੇ ਦੇ ਕਾਂਗਰਸੀ ਵਰਕਰਾਂ ਨੂੰ ਪੰਜ ਸਾਲਾਂ ਦੌਰਾਨ ਉੱਕਾ ਹੀ ਵਿਸਾਰ ਲਿਆ ਜਦਕਿ ਬਿਕਰਮ ਮਜੀਠੀਆ ਰੋਜ਼ਾਨਾ ਆਪਣੇ ਸਾਥੀਆਂ ਨੂੰ ਮਿਲਦੇ ਹਨ ਅਤੇ ਪੂਰਾ ਮਾਣ ਸਤਿਕਾਰ ਦਿੰਦੇ ਹਨ।

ਇਸ ਦੌਰਾਨ ਮੇਅਰ ਸੁਭਾਸ਼ ਸ਼ਰਮਾ ਨਾਲ ਹਰਪ੍ਰੀਤ ਸਿੰਘ ਹੈਪੀ, ਵਿੱਕੀ ਵੇਰਕਾ, ਬਿੱਲੂ ਮਕਬੂਲਪੁਰਾ, ਕੁਲਦੀਪ ਸਿੰਘ, ਹਰਬੰਤ ਸਿੰਘ ਤੇ ਕਰਨਵੀਰ ਸਿੰਘ ਵੀ ਅਕਾਲੀ ਦਲ ਵਿਚ ਸ਼ਾਮਲ ਹੋਏ ਜਦਕਿ ਵਾਰਡ ਨੰਬਰ 22 ਅਤੇ ਵਾਰਡ ਨੰਬਰ 24 ਸਮੇਤ ਵੱਖ-ਵੱਖ ਵਾਰਡਾਂ ਤੋਂ ਪੰਜ ਦਰਜਨ ਦੇ ਕਰੀਬ ਆਗੂ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ। ਇਸ ਮੌਕੇ ਮੈਡੀਕਲ ਸੈੱਲ ਐਸੋਸੀਏਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਨੇ ਵੀ ਸਾਥੀਆਂ ਸਮੇਤ ਅਕਾਲੀ ਦਲ ਦਾ ਪੱਲਾ ਫੜ ਲਿਆ।


Gurminder Singh

Content Editor

Related News