ਸਮਾਣਾ ਹਲਕੇ ਦੀਆਂ 6 ਅਕਾਲੀ ਪੰਚਾਇਤਾਂ ਕਾਂਗਰਸ ''ਚ ਸ਼ਾਮਲ

12/18/2017 7:02:22 PM

ਪਟਿਆਲਾ (ਰਾਜੇਸ਼) : ਵਿਧਾਨ ਸਭਾ ਹਲਕਾ ਸਮਾਣਾ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਕਰਾਰਾ ਝਟਕਾ ਲੱਗਾ ਜਦੋਂ ਅਕਾਲੀ ਦਲ ਨਾਲ ਸਬੰਧਤ 6 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਕਾਂਗਰਸ ਵਿਚ ਸ਼ਾਮਲ ਹੋ ਗਈਆਂ। ਕਾਂਗਰਸ ਵਿਚ ਸ਼ਾਮਲ ਹੋਣ ਵਾਲੀਆਂ ਪੰਚਾਇਤਾਂ ਵਿਚ ਫਤਿਹਮਾਜਰੀ, ਤਰਖਾਣਮਾਜਰਾ, ਗਾਜੀਸਲਾਰ, ਰੰਧਾਵਾ, ਦੁੱਲੜ ਅਤੇ ਤਰੋੜਾਂਕਲਾਂ ਸ਼ਾਮਲ ਹਨ। ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਇਨ੍ਹਾਂ 6 ਪਿੰਡਾਂ ਦੇ ਸਮੂਹ ਪੰਚਾਂ-ਸਰਪੰਚਾਂ ਦਾ ਹਲਕਾ ਵਿਧਾਇਕ ਰਜਿੰਦਰ ਸਿੰਘ ਨੇ ਸਨਮਾਨ ਕੀਤਾ। ਇਸ ਮੌਕੇ ਰਜਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵਿਕਾਸ ਦੀ ਸੋਚ ਰੱਖਣ ਵਾਲੇ ਲੋਕ ਕਾਂਗਰਸ ਵਿਚ ਸ਼ਾਮਲ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਹੁਣ ਬੀਤੇ ਸਮੇਂ ਦੀ ਕਹਾਣੀ ਹੋ ਗਈ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵਲੋਂ 10 ਸਾਲ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਗਿਆ। ਕੈਪਟਨ ਸਰਕਾਰ ਵਲੋਂ ਪੰਜਾਬ ਵਿਚ ਪਾਰਦਰਸ਼ੀ ਤੇ ਨਿਰਪੱਖ ਪ੍ਰਸ਼ਾਸਨ ਦਿੱਤਾ ਜਾ ਰਿਹਾ ਹੈ, ਜਿਸ ਕਰਕੇ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਤੋਂ ਬੇਹੱਦ ਖੁਸ਼ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਹਲਕਾ ਸਮਾਣਾ ਨਾਲ ਵਿਸ਼ੇਸ਼ ਪਿਆਰ ਹੈ। ਇਸ ਮੌਕੇ ਕਾਂਗਰਸ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਤਰੋੜਾਂਕਲਾਂ ਦੇ ਸਰਪੰਚ ਜਗਦੇਵ ਸਿੰਘ ਅਤੇ ਸਮੁੱਚੀ ਪੰਚਾਇਤ, ਗਾਜੀਸਲਾਰ ਦੇ ਸਰਪੰਚ ਜੱਸਾ ਰਾਮ ਅਤੇ ਸਮੂਹ ਪੰਚ, ਰੰਧਾਵਾ ਦੇ ਸਰਪੰਚ ਨਿਰਮਲ ਸਿੰਘ ਤੇ ਸਮੂਹ ਪੰਚ, ਤਰਖਾਣਮਾਜਰਾ ਦੇ ਸਰਪੰਚ ਰਜਿੰਦਰ ਸਿੰਘ ਅਤੇ ਸਮੂਹ ਪੰਚ, ਦੁੱਲੜ ਦੀ ਸਰਪੰਚ ਸੁਸ਼ਮਾ ਦੇਵੀ ਤੇ ਸਮੁੱਚੀ ਪੰਚਾਇਤ, ਫਤਿਹਮਾਜਰੀ ਦਾ ਸਰਪੰਚ ਭਰਪੂਰ ਸਿੰਘ ਤੇ ਸਮੁੱਚੀ ਪੰਚਾਇਤ ਤੋਂ ਇਲਾਵਾ 70 ਦੇ ਲਗਭਗ ਅਕਾਲੀ ਪਰਿਵਾਰ ਸ਼ਾਮਲ ਸਨ।


Related News