ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਨ 'ਤੇ ਮਿਲੀਆਂ ਵਧਾਈਆਂ ਪਰ ਮੁੱਖ ਮੰਤਰੀ ਵਲੋਂ ਨਹੀਂ ਆਇਆ ਕੋਈ ਸੁਨੇਹਾ
Monday, Jul 19, 2021 - 02:36 AM (IST)
ਚੰਡੀਗੜ੍ਹ- ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਦੇ ਫੈਸਲੇ ਤੋਂ ਬਾਅਦ ਸਿੱਧੂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਜੋ ਕਿ ਦੇਰ ਰਾਤ ਚੱਲਦਾ ਰਿਹਾ। ਸਿੱਧੂ ਦੇ ਪੰਜਾਬ ਪ੍ਰਧਾਨ ਬਣਨ ਦੀ ਖੁਸ਼ੀ 'ਚ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਉਨ੍ਹਾਂ ਦੀ ਅੰਮ੍ਰਿਤਸਰ ਰਿਹਾਇਸ਼ 'ਤੇ ਲੱਡੂ ਵੀ ਵੰਡੇ ਗਏ।
ਇਹ ਵੀ ਪੜ੍ਹੋ- ਹਰਸਿਮਰਤ ਬਾਦਲ ਨੇ ਹੁਣ ਬਿਜਲੀ ਸੋਧ ਬਿੱਲ ਨੂੰ ਲੈ ਕੇ ਘੇਰੀ ਕੇਂਦਰ ਸਰਕਾਰ
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਨਹੀਂ ਦਿੱਤੀਆਂ ਸ਼ੁਭਕਾਮਨਾਵਾਂ
ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਦੇ ਐਲਾਨ ਤੋਂ ਬਾਅਦ ਵੀ ਦੇਰ ਰਾਤ ਤੱਕ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਸ਼ੁਭਕਾਮਨਾਵਾਂ ਦਾ ਕੋਈ ਸੁਨੇਹਾ ਨਹੀਂ ਆਇਆ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਦੇਰ ਸ਼ਾਮ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਦੇ ਨਾਲ ਮੰਤਰੀ ਰਾਣਾ ਗੁਰਮੀਤ ਸੋਢੀ, ਸਪੀਕਰ ਰਾਣਾ ਕੇ. ਪੀ. ਸਿੰਘ ਵੀ ਮੌਜੂਦ ਸਨ। ਬਕਾਇਦਾ ਇਨ੍ਹਾਂ ਨੇਤਾਵਾਂ ਦੀਆਂ ਤਸਵੀਰਾਂ ਨੂੰ ਵੀ ਸਾਂਝਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਨਵਜੋਤ ਸਿੰਘ ਸਿੱਧੂ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ
ਸਿੱਧੂ ਨੂੰ ਤਾਜਪੋਸ਼ੀ ਦੀਆਂ ਇਸ ਅੰਦਾਜ਼ ’ਚ ਮਿਲੀਆਂ ਸ਼ੁਭਕਾਮਨਾਵਾਂ
ਸ੍ਰੀ ਮੁਕਤਸਰ ਸਾਹਿਬ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਫੇਸਬੁੱਕ ਪੇਜ਼ ਰਾਹੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਏ ਜਾਣ ਦੀ ਵਧਾਈ ਦਿੱਤੀ। ਉਨ੍ਹਾਂ ਪੋਸਟ ਸ਼ੇਅਰ ਕਰਦਿਆਂ ਕਿਹਾ ਕਿ ਉਹ ਦਿਨ ਆ ਗਿਆ ਜਿਸ ਦਾ ਸਾਰੇ ਪੰਜਾਬ ਨੂੰ ਇੰਤਜ਼ਾਰ ਸੀ।
ਇਹ ਵੀ ਪੜ੍ਹੋ- ਪੰਜਾਬ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਹੋਏ ਨਤਮਸਤਕ (ਵੀਡੀਓ)
ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਵੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਏ ਜਾਣ ਦੀ ਵਧਾਈ ਦਿੱਤੀ ਗਈ ਹੈ। ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਸਿੱਧੂ ਦੇ ਪ੍ਰਧਾਨ ਬਣਨ ਨਾਲ ਪੰਜਾਬ ਦੇ ਸਾਰੇ ਰੁਕੇ ਹੋਏ ਮੁੱਦੇ ਨੇਪਰੇ ਚੜ ਜਾਣਗੇ। ਉਨ੍ਹਾਂ ਨਾਲ ਹੀ ਕਾਂਗਰਸ ਹਾਈਕਮਾਂਡ ਦੇ ਇਸ ਫੈਸਲੇ ਲਈ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਦਾ ਧੰਨਵਾਦ ਵੀ ਕੀਤਾ।