ਵਿਗਿਆਪਨ ਨੂੰ ਲੈ ਕੇ ਭਾਜਪਾ ਤੇ ਸ਼ਿਵ ਸੈਨਾ ’ਚ ਦਿਸੀ ਤਕਰਾਰ, ਉਪ ਮੁੱਖ ਮੰਤਰੀ ਫੜਨਵੀਸ ਨੂੰ ਨੀਂਵਾਂ ਦਿਖਾਉਣ ਦੀ ਕੋਸ਼ਿਸ਼

Saturday, Jun 17, 2023 - 04:39 PM (IST)

ਵਿਗਿਆਪਨ ਨੂੰ ਲੈ ਕੇ ਭਾਜਪਾ ਤੇ ਸ਼ਿਵ ਸੈਨਾ ’ਚ ਦਿਸੀ ਤਕਰਾਰ, ਉਪ ਮੁੱਖ ਮੰਤਰੀ ਫੜਨਵੀਸ ਨੂੰ ਨੀਂਵਾਂ ਦਿਖਾਉਣ ਦੀ ਕੋਸ਼ਿਸ਼

ਮੁੰਬਈ/ਜਲੰਧਰ (ਪਾਹਵਾ) : ਮਹਾਰਾਸ਼ਟਰ ’ਚ ਸ਼ਿਵ ਸੈਨਾ ਸ਼ਿੰਦੇ ਅਤੇ ਭਾਜਪਾ ਦੀ ਸਰਕਾਰ ਚੱਲ ਰਹੀ ਹੈ ਪਰ ਆਏ ਦਿਨ ਸਰਕਾਰ ’ਚ ਕੋਈ ਨਾ ਕੋਈ ਵਿਵਾਦ ਪੈਦਾ ਹੋ ਰਿਹਾ ਹੈ, ਜਿਸ ਕਾਰਨ ਗਠਜੋੜ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋ ਜਾਂਦੀਆਂ ਹਨ। ਇਨ੍ਹੀਂ ਦਿਨੀਂ ਮਹਾਰਾਸ਼ਟਰ ਦੇ ਪ੍ਰਮੁੱਖ ਅਖਬਾਰਾਂ ਵਿਚ ਪ੍ਰਕਾਸ਼ਿਤ ਹੋਏ ਵੱਖ-ਵੱਖ ਵਿਗਿਆਪਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਜਿਸ ਨੇ ਮਹਾਰਾਸ਼ਟਰ ਦੀ ਸਿਆਸਤ ’ਚ ਕਾਫੀ ਮਾਹੌਲ ਭਖਾ ਦਿੱਤਾ ਹੈ।

ਵਿਗੜੀ ਗੱਲ ਸੁਧਾਰਨ ਲਈ ਡੈਮੇਜ ਕੰਟਰੋਲ
ਚਰਚਾ ਤਾਂ ਇਹ ਵੀ ਹੈ ਕਿ ਇਸ ਵਿਗਿਆਪਨ ਤੋਂ ਬਾਅਦ ਮੁੱਖ ਮੰਤਰੀ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਫੜਨਵੀਸ ਨੇ ਇਕ-ਦੂਜੇ ਤੋਂ ਦੂਰੀ ਵੀ ਬਣਾ ਲਈ ਹੈ। ਉਸ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਵਿਗਿਆਪਨ ਨੂੰ ਲੈ ਕੇ ਡੈਮੇਜ ਕੰਟਰੋਲ ’ਤੇ ਉਤਰ ਆਈ ਹੈ ਅਤੇ ਸਰਕਾਰ ਨੇ ਬੁੱਧਵਾਰ ਨੂੰ ਨਵਾਂ ਵਿਗਿਆਪਨ ਜਾਰੀ ਕਰ ਦਿੱਤਾ। ਇਸ ਵਿਗਿਆਪਨ ਵਿਚ ਸ਼ਿੰਦੇ ਅਤੇ ਫੜਨਵੀਸ ਦੀ ਫੋਟੋ ਤਾਂ ਸੀ ਹੀ, ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਬਾਲਾ ਸਾਹਿਬ ਠਾਕਰੇ ਅਤੇ ਸ਼ਿੰਦੇ ਦੇ ਸਿਆਸੀ ਗੁਰੂ ਆਨੰਦ ਦੀਘੇ ਦੀ ਵੀ ਤਸਵੀਰ ਸ਼ਾਮਲ ਕਰ ਦਿੱਤੀ ਗਈ। ਇਸ ਵਿਗਿਆਪਨ ਵਿਚ ਕਿਹਾ ਗਿਆ ਕਿ ਮਹਾਰਾਸ਼ਟਰ ਦੀ 84 ਫੀਸਦੀ ਜਨਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਨੂੰ ਪਸੰਦ ਕਰਦੀ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਵੀ ਕੁਝ ਅੰਕੜੇ ਦਿੱਤੇ ਗਏ, ਜਿਸ ਵਿਚ ਕਿਹਾ ਗਿਆ ਕਿ 49 ਫੀਸਦੀ ਲੋਕ ਸ਼ਿਵ ਸੈਨਾ-ਭਾਜਪਾ ਗਠਜੋੜ ਨੂੰ ਪਸੰਦ ਕਰਦੇ ਹਨ। ਇਸ ਵਿਗਿਆਪਨ ਵਿਚ ਸੂਬੇ ਦੀ ਡਬਲ ਇੰਜਣ ਸਰਕਾਰ ਨੂੰ ਵੀ ਬਿਹਤਰ ਦੱਸਿਆ ਗਿਆ।

ਇਹ ਵੀ ਪੜ੍ਹੋ : ਅਹੁਦਾ ਸੰਭਾਲਣ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ

ਭਾਜਪਾ-ਸ਼ਿੰਦੇ ਸਰਕਾਰ ’ਚ ਸਭ ਕੁਝ ਠੀਕ ਨਹੀਂ
ਇਸ ਵਿਗਿਆਪਨ ਦੇ ਜਾਰੀ ਹੋਣ ਤੋਂ ਬਾਅਦ ਸੂਬੇ ਵਿਚ ਭਾਜਪਾ ਅਤੇ ਸ਼ਿਵ ਸੈਨਾ ਦਰਮਿਆਨ ਪੈ ਰਿਹਾ ਪਾੜ ਕੁਝ ਘੱਟ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਕੇਂਦਰੀ ਲੀਡਰਸ਼ਿਪ ਨੇ ਵਿਗਿਆਪਨ ਰਾਹੀਂ ਸ਼ਿੰਦੇ ਸਰਕਾਰ ਨੂੰ ਲਕਸ਼ਮਣ ਰੇਖਾ ਵਿਚ ਰਹਿਣ ਦੀ ਚਿਤਾਵਨੀ ਦਿੱਤੀ ਹੈ ਅਤੇ ਨਾਲ ਹੀ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਦੀਆਂ ਕੋਸ਼ਿਸ਼ਾਂ ’ਤੇ ਵੀ ਲਗਾਮ ਕੱਸਣ ਲਈ ਸੰਦੇਸ਼ ਦਿੱਤਾ ਹੈ ਪਰ ਜੋ ਵੀ ਹੈ, ਇਸ ਵਿਗਿਆਪਨ ਵਿਵਾਦ ਨੇ ਇਹ ਗੱਲ ਤਾਂ ਸਾਬਿਤ ਕਰ ਦਿੱਤੀ ਹੈ ਕਿ ਮਹਾਰਾਸ਼ਟਰ ਵਿਚ ਸ਼ਿੰਦੇ ਦੀ ਸ਼ਿਵ ਸੈਨਾ ਅਤੇ ਭਾਜਪਾ ਦਰਮਿਆਨ ਸਭ ਕੁਝ ਠੀਕ ਨਹੀਂ ਹੈ।

ਇਹ ਵੀ ਪੜ੍ਹੋ : ਡੱਲੇਵਾਲ ਨੇ ਕੀਤਾ ਐਲਾਨ - ਸਾਡੀਆਂ 7 ਮੰਗਾਂ ਮੰਨੀਆਂ ਗਈਆਂ, ਬਾਕੀਆਂ ਲਈ ਜਾਰੀ ਰਹੇਗੀ ਲੜਾਈ

ਪਹਿਲੇ ਵਿਗਿਆਪਨ ’ਚ ਸਿਰਫ਼ ਮੋਦੀ ਅਤੇ ਸ਼ਿੰਦੇ
ਦਰਅਸਲ ਮਹਾਰਾਸ਼ਟਰ ਦੇ ਪ੍ਰਮੁੱਖ ਅਖਬਾਰਾਂ ਵਿਚ ਮੰਗਲਵਾਰ ਨੂੰ ਇਕ ਵਿਗਿਆਪਨ ਪ੍ਰਕਾਸ਼ਿਤ ਹੋਇਆ ਸੀ। ਇਸ ਵਿਗਿਆਪਨ ਨੇ ਇਕ ਸਰਵੇ ਦੇ ਹਵਾਲੇ ਨਾਲ ਮੁੱਖ ਮੰਤਰੀ ਅਹੁਦੇ ਲਈ ਏਕਨਾਥ ਸ਼ਿੰਦੇ ਨੂੰ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਮੁਕਾਬਲੇ ਵੱਧ ਲੋਕਾਂ ਦੀ ਪਸੰਦ ਦੱਸਿਆ ਗਿਆ ਸੀ। ਇਸ ਵਿਗਿਆਪਨ ਵਿਚ ਨਾ ਤਾਂ ਬਾਲਾ ਸਾਹਿਬ ਠਾਕਰੇ ਦੀ ਤਸਵੀਰ ਸੀ ਅਤੇ ਨਾ ਹੀ ਫੜਨਵੀਸ ਦੀ ਤਸਵੀਰ ਲਾਈ ਗਈ ਸੀ। ਇਸ ਵਿਗਿਆਪਨ ਤੋਂ ਬਾਅਦ ਮਹਾਰਾਸ਼ਟਰ ਦੀ ਸਿਆਸਤ ਵਿਚ ਕਈ ਤਰ੍ਹਾਂ ਦੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ। ਇਸ ਵਿਗਿਆਪਨ ਵਿਚ ਲਿਖਿਆ ਗਿਆ ਸੀ, ‘ਰਾਸ਼ਟਰ ਵਿਚ ਮੋਦੀ, ਮਹਾਰਾਸ਼ਟਰ ਵਿਚ ਸ਼ਿੰਦੇ’ ਸਰਕਾਰ। ਇਸ ਵਿਗਿਆਪਨ ਦੇ ਉਪਰ ਸ਼ਿਵ ਸੈਨਾ ਦਾ ਚੋਣ ਨਿਸ਼ਾਨ ਤੀਰਕਮਾਨ ਵੀ ਬਣਾਇਆ ਗਿਆ ਸੀ। ਇਨ੍ਹਾਂ ਵਿਗਿਆਪਨਾਂ ’ਤੇ ਸਿਆਸੀ ਪਾਰਟੀਆਂ ਵਲੋਂ ਵੱਖ-ਵੱਖ ਟਿੱਪਣੀਆਂ ਕੀਤੀਆਂ ਗਈਆਂ ਸਨ। ਐੱਨ. ਸੀ. ਪੀ. ਨੇਤਾ ਅਜੀਤ ਪਵਾਰ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਸ਼ਿੰਦੇ ਬਾਲਾ ਸਾਹਿਬ ਠਾਕਰੇ ਦੇ ਫੌਜੀ ਹਨ ਤਾਂ ਫਿਰ ਵਿਗਿਆਪਨ ’ਚ ਬਾਲਾ ਸਾਹਿਬ ਦੀ ਤਸਵੀਰ ਕਿਥੇ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ, ਸਰਕਾਰ ਨੇ ਮੱਕੀ ਦਾ ਸਮਰਥਨ ਮੁੱਲ ਵਧਾਇਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News