ਘਰੁਲੇ ਝਗੜੇ ਦੇ ਚੱਲਦਿਆਂ ਸਹੁਰਿਆਂ ਤੋਂ ਆਏ ਹਥਿਆਰਬੰਦ ਵਿਅਕਤੀਆਂ ਨੇ ਚਲਾਈਆਂ ਗੋਲ਼ੀਆਂ

Sunday, Sep 17, 2023 - 07:01 PM (IST)

ਘਰੁਲੇ ਝਗੜੇ ਦੇ ਚੱਲਦਿਆਂ ਸਹੁਰਿਆਂ ਤੋਂ ਆਏ ਹਥਿਆਰਬੰਦ ਵਿਅਕਤੀਆਂ ਨੇ ਚਲਾਈਆਂ ਗੋਲ਼ੀਆਂ

ਮੋਗਾ (ਆਜ਼ਾਦ) : ਪਤੀ-ਪਤਨੀ ਵਿਚਕਾਰ ਚੱਲਦੇ ਘਰੇਲੂ ਵਿਵਾਦ ਕਾਰਣ ਸਹੁਰਿਆਂ ਤੋਂ ਆਏ ਹਥਿਆਰਬੰਦ ਵਿਅਕਤੀਆਂ ਵੱਲੋਂ ਹਵਾਈ ਫਾਇਰਿੰਗ ਕਰਨ ਤੋਂ ਇਲਾਵਾ ਜਰਨੈਲ ਸਿੰਘ ਅਤੇ ਉਸਦੀ ਮਸੈਰੀ ਭੈਣ ਕਿਰਨਪ੍ਰਤੀ ਕੌਰ ਨੂੰ ਕੁੱਟ-ਮਾਰ ਕਰ ਕੇ ਜ਼ਖਮੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਾਉਣਾ ਪਿਆ। ਇਸ ਸਬੰਧ ਵਿਚ ਥਾਣਾ ਫਤਿਹਗੜ੍ਹ ਪੰਜਤੂਰ ਪੁਲਸ ਵੱਲੋਂ ਜਰਨੈਲ ਸਿੰਘ ਨਿਵਾਸੀ ਪਿੰਡ ਖੰਭਾ ਦੀ ਸ਼ਿਕਾਇਤ ’ਤੇ ਉਸਦੀ ਪਤਨੀ ਗੁਰਜੀਤ ਕੌਰ, ਸਾਲੇ ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਨਿਵਾਸੀ ਪਿੰਡ ਆਸਿਫ਼ਵਾਲਾ, ਗੁਰਬਚਨ ਸਿੰਘ, ਸਾਰਜ ਸਿੰਘ, ਸੁਖਦੇਵ ਸਿੰਘ ਉਰਫ ਸੁੱਖਾ ਨਿਵਾਸੀ ਪਿੰਡ ਟਿੱਬੀ ਅਰਾਈਆਂ, ਅੰਗਰੇਜ਼ ਸਿੰਘ ਅਤੇ 15-20 ਅਣਪਛਾਤੇ ਹਥਿਆਰਬੰਦ ਵਿਅਕਤੀਆਂ ਖ਼ਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਜਰਨੈਲ ਸਿੰਘ ਨੇ ਕਿਹਾ ਕਿ ਉਸਦਾ ਵਿਆਹ 2002 ਵਿਚ ਗੁਰਜੀਤ ਕੌਰ ਨਿਵਾਸੀ ਪਿੰਡ ਆਸਿਫਵਾਲਾ ਨਾਲ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਹੋਇਆ ਸੀ। ਘਰੇਲੂ ਵਿਵਾਦ ਕਾਰਣ ਸਾਡਾ ਲੜਾਈ ਝਗੜਾ ਚੱਲਦਾ ਰਹਿੰਦਾ ਸੀ। ਉਸ ਨੇ ਕਿਹਾ ਕਿ ਬੀਤੀ 14 ਸਤੰਬਰ ਨੂੰ ਮੇਰੀ ਪਤਨੀ ਦੇ ਕਹਿਣ ’ਤੇ ਕਥਿਤ ਦੋਸ਼ੀ ਗੱਡੀਆਂ ਵਿਚ ਸਵਾਰ ਹੋ ਕੇ ਆਏ, ਜਿਨ੍ਹਾਂ ਕੋਲ ਅਸਲਾ ਅਤੇ ਹੋਰ ਹਥਿਆਰ ਸਨ, ਜਿਨ੍ਹਾਂ ਸਾਡੇ ਘਰ ਅੰਦਰ ਦਾਖਲ ਹੁੰਦਿਆਂ ਹੀ, ਮੈਂਨੂੰ ਮਾਰ ਦੇਣ ਦੀ ਨੀਅਤ ਨਾਲ ਗੋਲ਼ੀ ਚਲਾ ਦਿੱਤੀ ਪਰ ਮੈਂ ਹੇਠਾਂ ਲੰਮਾ ਪੈ ਗਿਆ। ਗੋਲ਼ੀ ਲੱਗਣ ਕਾਰਣ ਸਾਡੇ ਘਰ ਦੇ ਦਰਵਾਜ਼ੇ ਅਤੇ ਬਾਰੀਆਂ ਨੂੰ ਨੁਕਸਾਨ ਪੁੱਜਾ।

ਇਸ ਉਪਰੰਤ ਕਥਿਤ ਦੋਸ਼ੀਆਂ ਨੇ ਮੈਂਨੂੰ ਫੜ ਕੇ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ, ਜਦੋਂ ਮੇਰੀ ਮਾਸੀ ਲੜਕੀ ਕਿਰਨਪ੍ਰੀਤ ਕੌਰ ਨਿਵਾਸੀ ਡੱਬਵਾਲੀ ਢਾਬ ਜੋ ਮਿਲਣ ਲਈ ਆਈ ਸੀ, ਮੈਂਨੂੰ ਛੁਡਾਉਣ ਲੱਗੀ ਤਾਂ ਉਨ੍ਹਾਂ ਉਸਦੀ ਵੀ ਕੁੱਟ-ਮਾਰ ਕੀਤੀ ਅਤੇ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਇਸ ਉਪਰੰਤ ਸਾਨੂੰ ਦੋਹਾਂ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।


author

Gurminder Singh

Content Editor

Related News