ਮੱਧ ਪ੍ਰਦੇਸ਼ ''ਚ 6 ਕਿਸਾਨਾਂ ਦੀ ਹੱਤਿਆ ਦੇ ਵਿਰੋਧ ''ਚ ਕਾਮਰੇਡ ਭੜਕੇ
Friday, Jun 09, 2017 - 02:33 AM (IST)
ਅਜਨਾਲਾ, (ਬਾਠ)- ਦਿੱਲੀ ਵਿਖੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾ. ਸੀਤਾ ਰਾਮ ਯੇਚੁਰੀ ਤੇ ਆਰ. ਐੱਸ. ਐੱਸ. ਕਾਰਕੁੰਨਾਂ ਵੱਲੋਂ ਹਮਲਾਨੁਮਾ ਬਦਸਲੂਕੀ ਕੀਤੇ ਜਾਣ ਅਤੇ ਮੋਦੀ ਸਰਕਾਰ ਵੱਲੋਂ ਪਸ਼ੂ ਮੰਡੀਆਂ 'ਚ ਪਸ਼ੂਆਂ ਦੀ ਖਰੀਦੋ-ਫਰੋਖਤ ਸਬੰਧੀ ਕਥਿਤ ਮਾਰੂ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਦੇ ਰੋਸ ਵਜੋਂ ਅੱਜ ਇਥੇ ਸੀ. ਪੀ. ਆਈ. ਐੱਮ. ਜ਼ਿਲਾ ਸਕੱਤਰੇਤ ਮੈਂਬਰਾਂ ਕਾ. ਸੁੱਚਾ ਸਿੰਘ ਅਜਨਾਲਾ ਤੇ ਜੀਤ ਰਾਜ ਦੀ ਸਾਂਝੀ ਅਗਵਾਈ 'ਚ ਪਾਰਟੀ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਪਿੱਟ-ਸਿਆਪਾ ਕੀਤਾ।
ਇਸ ਮੌਕੇ ਬੋਲਦਿਆਂ ਜ਼ਿਲਾ ਆਗੂ ਕਾ. ਸੁੱਚਾ ਸਿੰਘ ਅਜਨਾਲਾ ਨੇ ਕਿਹਾ ਕਿ ਮੱਧ ਪ੍ਰਦੇਸ਼ 'ਚ ਸੂਬਾ ਭਾਜਪਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦਬਾਏ ਜਾਣ ਦੀ ਕਾਰਵਾਈ ਤਹਿਤ ਗੋਲੀ ਚਲਾ ਕੇ 6 ਕਿਸਾਨਾਂ ਨੂੰ ਸ਼ਹੀਦ ਕੀਤੇ ਜਾਣ ਬਾਰੇ ਪ੍ਰਤੀਕਰਮ ਦੇਣ ਲਈ ਬੁਲਾਈ ਗਈ ਪ੍ਰੈੱਸ ਕਾਨਫਰੰਸ ਮੌਕੇ ਕਾ. ਸੀਤਾ ਰਾਮ ਯੇਚੁਰੀ ਨਾਲ ਕੀਤੀ ਗਈ ਕਥਿਤ ਬਦਸਲੂਕੀ ਨੇ ਇਕ ਵਾਰ ਫਿਰ ਪ੍ਰਤੱਖ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਦੇ ਕਾਰਜਕਾਲ 'ਚ ਬੋਲਣ ਤੇ ਲਿਖਣ ਦੀ ਆਜ਼ਾਦੀ 'ਤੇ ਅਣ-ਐਲਾਨੀ ਪਾਬੰਦੀ ਲਾ ਕੇ ਅਸਹਿਣਸ਼ੀਲਤਾ ਵਾਲੇ ਮਾਹੌਲ ਦੀ ਸਿਰਜਣਾ ਕੀਤੀ ਗਈ ਹੈ। ਉਨ੍ਹਾਂ ਨੇ ਪਸ਼ੂਆਂ ਦੀ ਖਰੀਦੋ-ਫਰੋਖਤ ਲਈ ਜਾਰੀ ਨੋਟੀਫਿਕੇਸ਼ਨ ਨੂੰ ਮੋਦੀ ਸਰਕਾਰ ਦਾ ਕਿਸਾਨ ਮਾਰੂ ਫੈਸਲਾ ਕਰਾਰ ਦਿੱਤਾ।
ਇਸ ਮੌਕੇ ਦਿਲਬਾਗ ਸਿੰਘ ਭੀਲੋਵਾਲ ਕੱਚਾ, ਮਾਨ ਸਿੰਘ, ਤਰਸੇਮ ਸਿੰਘ ਟਪਿਆਲਾ, ਜਸਪਾਲ ਸਿੰਘ ਮੋਹਲੇਕੇ, ਸੁੱਖਾ ਸਿੰਘ ਮੁਜ਼ੱਫਰਪੁਰਾ, ਸੁਰਜੀਤ ਸਿੰਘ ਡੱਗ ਤੂਤ, ਬਚਨ ਸਿੰਘ ਗਿੱਲ, ਸੁਖਦੇਵ ਸਿੰਘ, ਸਵਿੰਦਰ ਸਿੰਘ ਮੰਡਿਆਂਵਾਲਾ ਆਦਿ ਹਾਜ਼ਰ ਹਨ।
