13 ਸਾਲਾਂ ਬਾਅਦ ਵੀ ਕੰਪਿਊਟਰ ਅਧਿਆਪਕ ਨਹੀਂ ਹਨ ਪੰਜਾਬ ਸਰਕਾਰ ਦੇ ਮੁਲਾਜ਼ਮ
Tuesday, Feb 06, 2018 - 03:05 PM (IST)
ਨਵਾਂਸ਼ਹਿਰ (ਮਨੋਰੰਜਨ)— ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਕੰਪਿਊਟਰ ਅਧਿਆਪਕ ਯੂਨੀਅਨ (ਪੰਜਾਬ) ਇਕਾਈ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਅਤੇ ਸੁਰਿੰਦਰ ਸਹਿਜਲ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਕੰਪਿਊਟਰ ਅਧਿਆਪਕਾਂ ਨਾਲ ਕੀਤੀ ਜਾ ਰਹੀ ਲਗਾਤਾਰ ਧੱਕੇਸ਼ਾਹੀ ਦੇ ਵਿਰੋਧ ਵਿਚ ਸਰਕਾਰ ਖਿਲਾਫ ਵਾਅਦਾਖਿਲਾਫੀ ਮੁਹਿੰਮ ਦਾ ਐਲਾਨ ਕਰ ਦਿੱਤਾ ਹੈ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਆਰ. ਟੀ. ਆਈ. ਰਾਹੀਂ ਪ੍ਰਾਪਤ ਸੂਚਨਾ ਤੋਂ ਪਤਾ ਲੱਗਾ ਹੈ ਕਿ ਸਿੱਖਿਆ ਵਿਭਾਗ ਕੰਪਿਊਟਰ ਅਧਿਆਪਕਾਂ ਨੂੰ ਪੰਜਾਬ ਦੇ ਕਰਮਚਾਰੀ ਨਹੀਂ ਮੰਨ ਰਿਹਾ। ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਮਿਤੀ 27 ਦਸੰਬਰ 2017 ਨੂੰ ਜਾਰੀ ਪੱਤਰ ਮੁਤਾਬਕ ਕੰਪਿਊਟਰ ਅਧਿਆਪਕ ਰਾਜ ਸਰਕਾਰ ਦੇ ਨਹੀਂ, ਸਗੋਂ ਸੋਸਾਇਟੀ ਦੇ ਕਰਮਚਾਰੀ ਹਨ, ਇਸ ਲਈ ਇਨ੍ਹਾਂ 'ਤੇ ਸਰਕਾਰੀ ਲਾਭ ਲਾਗੂ ਨਹੀਂ ਕੀਤੇ ਜਾਣਗੇ। ਆਰ. ਟੀ. ਆਈ. ਰਾਹੀਂ ਅੱਗੇ ਖੁਲਾਸਾ ਹੋਇਆ ਕਿ ਪੰਜਾਬ ਦੇ ਸਰਕਾਰੀ ਸਕੂਲ ਵਿਚ 13 ਸਾਲਾਂ ਦੀਆਂ ਲਗਾਤਾਰ ਸੇਵਾਵਾਂ ਨਿਭਾਉਣ ਦੇ ਬਾਵਜੂਦ ਸਿੱਖਿਆ ਵਿਭਾਗ ਦੀ ਪੰਜਾਬ ਆਈ. ਸੀ. ਟੀ. ਸੋਸਾਇਟੀ ਅਧੀਨ ਕੰਪਿਊਟਰ ਅਧਿਆਪਕਾਂ 'ਤੇ ਕੋਈ ਸਰਵਿਸ ਰੂਲਜ਼ ਲਾਗੂ ਨਹੀਂ ਹਨ।
ਜ਼ਿਕਰਯੋਗ ਹੈ ਕਿ ਸਾਲ 2005 ਵਿਚ ਕਾਂਗਰਸ ਸਰਕਾਰ ਨੇ ਸਿੱਖਿਆ ਵਿਭਾਗ ਦੀ ਪੰਜਾਬ ਆਈ. ਸੀ. ਟੀ. ਸੋਸਾਇਟੀ ਅਧੀਨ ਕੰਪਿਊਟਰ ਅਧਿਆਪਕਾਂ ਦੀ ਭਰਤੀ ਕੀਤੀ ਸੀ। ਉਪਰੰਤ ਕੰਪਿਊਟਰ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਸਾਲ 2011 ਵਿਚ ਰੈਗੂਲਰ ਕਰ ਦਿੱਤਾ ਗਿਆ ਸੀ ਅਤੇ ਨੋਟੀਫਿਕੇਸ਼ਨ ਵਿਚ ਪੰਜਾਬ ਸੀ. ਐੱਸ. ਆਰ. ਰੂਲਜ਼ ਅਧੀਨ ਸੇਵਾਵਾਂ ਰੈਗੂਲਰ ਕੀਤੀਆਂ ਗਈਆਂ ਸਨ ਪਰ ਅਫਸੋਸ ਦੀ ਗੱਲ ਹੈ ਕਿ ਇਨ੍ਹਾਂ ਸ਼ਰਤਾਂ ਨੂੰ ਕੰਪਿਊਟਰ ਅਧਿਆਪਕਾਂ 'ਤੇ ਲਾਗੂ ਨਹੀਂ ਕੀਤਾ ਗਿਆ, ਜਿਸ ਕਾਰਨ ਕੰਪਿਊਟਰ ਅਧਿਆਪਕਾਂ ਨੂੰ ਆਮ ਕਰਮਚਾਰੀਆਂ ਵਾਂਗ ਏ. ਸੀ. ਪੀ., ਅੰਤਰਿਮ ਰਿਲੀਫ, ਮੈਡੀਕਲ ਰੀਐਂਬਰਸਮੈਂਟ, ਸੀ. ਪੀ. ਐੱਫ. ਕਟੌਤੀ ਅਤੇ ਪੰਜਾਬ ਸੀ. ਐੱਸ. ਆਰ. ਰੂਲਜ਼ ਦੀਆਂ ਸਹੂਲਤਾਂ ਨਹੀਂ ਦਿੱਤੀ ਜਾ ਰਹੀਆਂ ਹਨ।
7000 ਕੰਪਿਊਟਰ ਅਧਿਆਪਕਾਂ ਵਿਚ ਸਰਕਾਰ ਖਿਲਾਫ ਭਾਰੀ ਰੋਸ ਹੈ ਕਿਉਂਕਿ 13 ਸਾਲਾਂ ਦੀਆਂ ਸੇਵਾਵਾਂ ਤੋਂ ਬਾਅਦ ਵੀ ਉਨ੍ਹਾਂ ਨੂੰ ਸਾਰੀਆਂ ਸਹੂਲਤਾਂ ਤੋਂ ਵਾਂਝੇ ਰੱਖਿਆ ਗਿਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਰਕਾਰ ਸਾਡੇ ਨਾਲ ਧੋਖਾ ਅਤੇ ਵਾਅਦਾਖਿਲਾਫੀ ਕਰ ਰਹੀ ਹੈ ਅਤੇ ਇਸ ਲੰਬੇ ਸਮੇਂ ਤੋਂ ਹੋ ਰਹੇ ਵਿਤਕਰੇ ਨਾਲ ਸਬਰ ਦਾ ਬੰਨ੍ਹ ਟੁੱਟ ਚੁੱਕਿਆ ਹੈ। ਹੁਣ ਕੰਪਿਊਟਰ ਅਧਿਆਪਕ ਕਰੋ ਜਾਂ ਮਰੋ ਵਾਲੀ ਨੀਤੀ ਅਪਣਾ ਕੇ ਸੰਘਰਸ਼ ਲਈ ਮੁੜ ਤੋਂ ਮਜਬੂਰ ਹੋ ਗਏ ਹਨ। ਸੰਘਰਸ਼ ਦੀ ਸ਼ੁਰੂਆਤ ਵੱਜੋਂ ਆਗੂਆਂ ਨੇ ਜ਼ਿਲਾ ਮੁੱਖ ਦਫਤਰ 'ਤੇ ਇਕੱਠੇ ਹੋ ਕੇ ਇਸ ਪੱਤਰ ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਨਿਸ ਖੋਖਰ, ਪ੍ਰਦੀਪ ਸ਼ਰਮਾ, ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਨਛੱਤਰ ਰਾਮ, ਵਿਜੇ ਕੁਮਾਰ, ਵੀਨਾ, ਨੀਰੂ ਜੱਸਲ, ਅਮਨ ਕੁਮਾਰ, ਵਰਿੰਦਰ ਕੁਮਾਰ, ਅਮਰੀਕ ਸਿੰਘ, ਸ਼ਬੀਨਾ, ਸੰਜੀਵ ਕੁਮਾਰ ਅਤੇ ਹੋਰ ਹਾਜ਼ਰ ਸਨ।
