ਕੰਪਿਊਟਰ ਅਧਿਆਪਕਾਂ ਰੋਸ-ਪ੍ਰਦਰਸ਼ਨ ਕਰਕੇ ਕਾਡਰ ਵਿਰੋਧੀ ਪੱਤਰ ਦੀਆਂ ਫੂਕੀਆਂ ਕਾਪੀਆਂ

09/05/2017 2:06:38 PM

ਕਪੂਰਥਲਾ(ਮੱਲ੍ਹੀ)— ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ ਕਪੂਰਥਲਾ ਇਕਾਈ ਵੱਲੋਂ ਸ਼ਨੀਵਾਰ ਨੂੰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਅਰੁਣਦੀਪ ਸਿੰਘ ਸੈਦਪੁਰ ਤੇ ਜ਼ਿਲਾ ਪ੍ਰਧਾਨ ਰਮਨ ਸ਼ਰਮਾ ਦੀ ਅਗਵਾਈ ਹੇਠ ਆਪਣੀਆਂ ਭਖ਼ਦੀਆਂ ਮੰਗਾਂ ਨੂੰ ਲੈ ਕੇ ਸਥਾਨਕ ਸ਼ਾਲਾਮਾਰ ਬਾਗ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਰੋਸ ਵਜੋਂ ਸਿੱਖਿਆ ਵਿਭਾਗ ਵੱਲੋਂ ਕਾਡਰ ਵਿਰੋਧੀ ਜਾਰੀ ਕੀਤੇ ਪੱਤਰਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਪ੍ਰਦਰਸ਼ਨਕਾਰੀ ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ ਪੰਜਾਬ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਨਾਂ ਐੱਸ. ਡੀ. ਐੱਮ. ਕਪੂਰਥਲਾ ਡਾ. ਨਾਇਨ ਭੁੱਲਰ ਨੂੰ ਲਿਖਤੀ ਮੰਗ ਪੱਤਰ ਦਿੱਤਾ ਗਿਆ। 
ਰੋਸ ਪ੍ਰਦਰਸ਼ਨ ਦੌਰਾਨ ਯੂਨੀਅਨ ਦੇ ਸੂਬਾ ਸਕੱਤਰ ਅਰੁਣਦੀਪ ਸਿੰਘ ਸੈਦਪੁਰ ਨੇ ਕਿਹਾ ਕਿ ਪੰਜਾਬ ਦੇ 700 ਕੰਪਿਊਟਰ ਅਧਿਆਪਕਾਂ ਨਾਲ ਪਿਛਲੇ 10 ਸਾਲਾਂ ਤੋਂ ਸਮੇਂ ਦੀਆਂ ਸਰਕਾਰਾਂ ਤੇ ਸਿੱਖਿਆ ਵਿਭਾਗ ਵੱਲੋਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਅਤੇ ਸੇਵਾਵਾਂ ਰੈਗੂਲਰ ਹੋਣ ਦੇ ਬਾਵਜੂਦ ਵੀ ਕੰਪਿਊਟਰ ਟੀਚਰਾਂ ਨੂੰ ਬਣਦੇ ਲਾਭਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਤਾਂ ਇਕੋ ਹੀ ਮੰਗ ਹੈ ਕੰਪਿਊਟਰ ਟੀਚਰਾਂ ਨੂੰ ਸਿੱਖਿਆ ਵਿਭਾਗ 'ਚ ਸ਼ਾਮਲ ਕੀਤਾ ਜਾਵੇ ਅਤੇ ਸਾਡੇ ਨਿਯੁਕਤੀ ਪੱਤਰਾਂ 'ਚ ਸ਼ਾਮਲ ਸ਼ਰਤਾਂ ਅਨੁਸਾਰ ਪੰਜਾਬ ਸਿਵਲ ਸੇਵਾਵਾਂ ਨਿਯਮ ਲਾਗੂ ਕੀਤੇ ਜਾਣ। 
ਉਨ੍ਹਾਂ ਕਿਹਾ ਕਿ 5 ਸਤੰਬਰ 2017 ਨੂੰ ਅਧਿਆਪਕ ਦਿਵਸ ਵਾਲੇ ਦਿਨ ਸਮੂਹ ਕੰਪਿਊਟਰ ਟੀਚਰਾਂ ਵੱਲੋਂ ਰੋਸ ਵਜੋਂ ਕਾਲੇ ਬਿੱਲੇ ਲਗਾ ਕੇ ਸਕੂਲਾਂ 'ਚ ਆਪਣੀ ਡਿਊਟੀ ਨਿਭਾਈ ਜਾਵੇਗੀ। ਇਸ ਮੌਕੇ ਯੂਨੀਅਨ ਦੇ ਜ਼ਿਲਾ ਜਨਰਲ ਸਕੱਤਰ ਜਗਜੀਤ ਸਿੰਘ ਥਿੰਦ, ਜਸਪਾਲ ਸਿੰਘ, ਪਰਮਜੀਤ ਸਿੰਘ, ਹਰਮਿੰਦਰ ਸਿੰਘ ਸੁਲਤਾਨਪੁਰ ਲੋਧੀ, ਸਰਵਨ ਕੁਮਾਰ, ਹਰੀਸ਼ ਕੁਮਾਰ ਭੁਲੱਥ, ਗੁਰਪ੍ਰੀਤ ਸਿੰਘ, ਸੁਖਵੰਤ ਸਿੰਘ, ਰਣਜੀਤ ਫਗਵਾੜਾ, ਤਲਵਿੰਦਰ ਸਿੰਘ, ਪ੍ਰੇਮ ਸਿੰਘ, ਪੰਕਜ ਰਾਵਤ, ਪਰਮਿੰਦਰ ਕੌਰ, ਨਿਸ਼ੀ ਸੈਵੀ, ਹਰਮੀਤ ਕੌਰ, ਸਨੀਤਾ, ਜਸਦੀਪ ਕੌਰ, ਮਨਦੀਪ ਕੌਰ, ਵੀਨੂੰ ਸੂਦ ਤੇ ਮਨਿੰਦਰਪਾਲ ਸਿੰਘ ਆਦਿ ਹਾਜ਼ਰ ਸਨ, ਜਿਨ੍ਹਾਂ ਆਪਣੀਆਂ ਮੰਗਾਂ ਖਾਤਰ ਕੈਪਟਨ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।


Related News