ਕੰਪਿਊਟਰ ਅਧਿਆਪਕਾਂ ਨੇ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ

Wednesday, Feb 07, 2018 - 01:31 PM (IST)

ਕੰਪਿਊਟਰ ਅਧਿਆਪਕਾਂ ਨੇ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ

ਨਵਾਂਸ਼ਹਿਰ (ਤ੍ਰਿਪਾਠੀ)— ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਦੁਆਰਾ ਸਰਕਾਰੀ ਸਕੂਲਾਂ 'ਚ ਪਿਛਲੇ 13 ਸਾਲਾਂ ਤੋਂ ਕੰਮ ਕਰ ਰਹੇ ਕੰਪਿਊਟਰ ਅਧਿਆਪਕਾਂ ਨੂੰ ਸਰਕਾਰੀ ਕਰਮਚਾਰੀ ਨਾ ਮੰਨ ਕੇ ਅਧਿਆਪਕਾਂ ਨੂੰ ਪਿਕਟਸ ਸੋਸਾਇਟੀ ਦੇ ਕਰਮਚਾਰੀ ਦੱਸਣ ਦੇ ਵਿਰੋਧ 'ਚ ਅੱਜ ਜ਼ਿਲੇ ਦੇ ਕੰਪਿਊਟਰ ਅਧਿਆਪਕਾਂ ਨੇ ਜ਼ਿਲਾ ਸਿੱਖਿਆ ਅਧਿਕਾਰੀ ਦੇ ਦਫਤਰ ਦੇ ਬਾਹਰ ਪੰਜਾਬ ਸਰਕਾਰ ਦੇ ਪੱਤਰ ਦੀਆਂ ਕਾਪੀਆਂ ਨੂੰ ਅੱਗ ਲਾ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਜ਼ਿਲਾ ਆਗੂ ਯੂਨਿਸ ਖੋਖਰ, ਪ੍ਰਦੀਪ ਸ਼ਰਮਾ, ਲਖਵਿੰਦਰ ਸਿੰਘ, ਰੋਹਿਤ, ਹਰਪ੍ਰੀਤ ਸਿੰਘ ਅਤੇ ਨਛੱਤਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪਿਛਲੇ 13 ਸਾਲਾਂ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਹਨ ਪਰ ਉਨ੍ਹਾਂ ਨੂੰ ਸਰਕਾਰ ਦੇ ਰੈਗੂਲਰ ਕਰਮਚਾਰੀਆਂ ਦੀ ਤਰ੍ਹਾਂ ਸੇਵਾਵਾਂ ਦੇ ਸਾਰੇ ਲਾਭ ਦੇਣ ਦੀ ਥਾਂ ਸਰਕਾਰ ਦੇ ਪਰਸੋਨਲ ਵਿਭਾਗ ਨੇ ਆਰ. ਟੀ. ਆਈ. ਦੇ ਸੂਚਨਾ ਅਧਿਕਾਰ ਐਕਟ ਤਹਿਤ ਹਾਸਲ ਕੀਤੀ ਗਈ 
ਜਾਣਕਾਰੀ 'ਚ ਪੱਤਰ ਜਾਰੀ ਕਰਕੇ ਕੰਪਿਊਟਰ ਅਧਿਆਪਕਾਂ ਨੂੰ ਸਰਕਾਰੀ ਕਰਮਚਾਰੀ ਮੰਨਣ ਤੋਂ ਮਨਾਹੀ ਕਰਦੇ ਹੋਏ ਪਿਕਟਸ ਸੋਸਾਇਟੀ ਦੇ ਕਰਮਚਾਰੀ ਦੱਸਿਆ ਹੈ, ਜਿਸ ਕਾਰਨ ਪੰਜਾਬ ਭਰ ਦੇ ਸਮੂਹ ਕੰਪਿਊਟਰ ਅਧਿਆਪਕਾਂ 'ਚ ਸਰਕਾਰ ਖਿਲਾਫ਼ ਭਾਰੀ ਰੋਸ ਪੈਦਾ ਹੋ ਗਿਆ ਹੈ। 
ਇਸ ਪੱਤਰ ਅਨੁਸਾਰ ਕੰਪਿਊਟਰ ਅਧਿਆਪਕਾਂ 'ਤੇ ਕੋਈ ਸਰਵਿਸ ਰੂਲ ਲਾਗੂ ਨਹੀਂ ਹੋਵੇਗਾ । ਸਾਲ 2005 'ਚ ਕਾਂਗਰਸ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਦੀ ਸਿੱਖਿਆ ਵਿਭਾਗ ਦੀ ਪੰਜਾਬ ਆਈ. ਸੀ. ਟੀ. ਅਧੀਨ ਭਰਤੀ ਕੀਤੀ ਸੀ, ਜਿਸ ਦੇ ਉਪਰੰਤ ਸਾਲ 2011 'ਚ ਉਨ੍ਹਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰ ਦਿੱਤਾ ਗਿਆ ਸੀ । ਪੰਜਾਬ ਸੀ. ਐੱਸ. ਆਰ. ਰੂਲਜ਼ ਅਧੀਨ ਸੇਵਾਵਾਂ ਨੂੰ ਰੈਗੂਲਰ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਸਰਕਾਰੀ ਸਰਵਿਸਿਜ਼ ਰੂਲਜ਼ ਤੋਂ ਵਾਂਝਾ ਰੱਖਿਆ ਗਿਆ, ਜਿਸ ਕਰਨ ਕੰਪਿਊਟਰ ਅਧਿਆਪਕ ਨੂੰ ਆਮ ਕਰਮਚਾਰੀਆਂ ਦੀ ਤਰ੍ਹਾਂ ਏ.ਸੀ.ਪੀ. ਅੰਤਰਿਮ ਰਿਲੀਫ,  ਸੀ. ਪੀ. ਐੱਫ. ਕਟੌਤੀ ਤੇ ਪੰਜਾਬ ਸੀ. ਐੱਸ. ਆਰ. ਰੂਲਜ਼ ਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਹਨ। ਸਰਕਾਰ ਦੀ ਇਸ ਧੱਕੇਸ਼ਾਹੀ ਦੇ ਖਿਲਾਫ ਪੂਰੇ ਸੂਬੇ 'ਚ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸੰਜੀਵ ਕੁਮਾਰ, ਵਿਜੇ ਕੁਮਾਰ, ਸ਼ਬੀਨਾ, ਅਮਰੀਕ ਸਿੰਘ ਤੇ ਵਰਿੰਦਰ ਕੁਮਾਰ ਆਦਿ ਮੌਜੂਦ ਸਨ ।


Related News