RTA ਆਫਿਸ ’ਚ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਵਿਰੁੱਧ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ

08/10/2020 12:24:54 PM

ਜਲੰਧਰ(ਮ੍ਰਿਦੁਲ) – ਆਰ. ਟੀ. ਏ. ਦਫਤਰ ’ਚ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਹਾਲਾਂਕਿ ਤਿੰਨ ਮਹੀਨੇ ਤੱਕ ਲੱਗੇ ਲਾਕਡਾਊਨ ਅਤੇ ਕਰਫਿਊ ਕਾਰਣ ਇਹ ਭ੍ਰਿਸ਼ਟਾਚਾਰ ਹੋਰ ਵਧ ਗਿਆ ਹੈ, ਜਿਸ ਕਾਰਣ ਜਨਤਾ ਕਾਫੀ ਪ੍ਰੇਸ਼ਾਨ ਹੋ ਰਹੀ ਹੈ। ਹਾਲਤ ਇਹ ਹੈ ਕਿ ਕੋਵਿਡ-19 ਕਾਰਣ ਕਾਰੋਬਾਰ ਵਿਚ ਨੁਕਸਾਨ ਹੋਣ ਕਰ ਕੇ ਲੋਕ ਪਹਿਲਾਂ ਹੀ ਆਰਥਿਕ ਮੰਦੀ ਝੱਲ ਰਹੇ ਹਨ ਅਤੇ ਉਪਰੋਂ ਜੇਕਰ ਕਿਸੇ ਵਿਅਕਤੀ ਨੂੰ ਆਰ. ਟੀ. ਏ. ਦਫਤਰ ਵਿਚ ਕੰਮ ਪੈ ਜਾਵੇ ਤਾਂ ਅਧਿਕਾਰੀਆਂ ਨੇ ਰਿਸ਼ਵਤ ਦੇ ਮਨਚਾਹੇ ਰੇਟ ਤੈਅ ਕੀਤੇ ਹੋਏ ਹਨ। ਹਾਲਾਂਕਿ ਕਈ ਯੂਥ ਕਾਂਗਰਸੀ ਆਗੂ ਵੀ ਇਨ੍ਹਾਂ ਰਿਸ਼ਵਤਖੋਰ ਅਧਿਕਾਰੀਆਂ ਨੂੰ ਸਰਪ੍ਰਸਤੀ ਦੇ ਰਹੇ ਹਨ ਕਿਉਂਕਿ ਉਕਤ ਆਗੂ ਡੈਮੇਜ ਗੱਡੀਆਂ ’ਤੇ ਲੱਗੇ ਵਿੰਟੇਜ ਨੰਬਰਾਂ ਦੀ ਪਾਸਿੰਗ ਐੱਮ. ਵੀ. ਆਈ. ਤੋਂ ਕਰਵਾ ਕੇ ਉਹੀ ਨੰਬਰ ਅੱਗੇ ਮਹਿੰਗੇ ਭਾਅ ’ਤੇ ਵੇਚ ਕੇ ਭ੍ਰਿਸ਼ਟਾਚਾਰ ਫੈਲਾਅ ਰਹੇ ਹਨ। ਉਕਤ ਯੂਥ ਆਗੂ ਪੂਰੇ ਪੰਜਾਬ ਵਿਚ ਇਸ ਸਮੇਂ ਵਿੰਟੇਜ ਨੰਬਰਾਂ ਦੀ ਕਾਲੀ ਖੇਡ, ਖੇਡ ਰਹੇ ਹਨ। ਤਾਜ਼ੇ ਮਾਮਲੇ ਦੀ ਗੱਲ ਕਰੀਏ ਤਾਂ ਆਰ. ਟੀ. ਏ. ਦਫਤਰ ਵਿਚ ਐੱਮ. ਵੀ.ਆਈ. (ਮੋਟਰ ਵ੍ਹੀਕਲ ਇੰਸਪੈਕਟਰ) ਅਤੇ ਉਸ ਦੇ 2 ਨਿੱਜੀ ਕਰਿੰਦਿਆਂ ਖਿਲਾਫ ਮੋਟੀ ਰਿਸ਼ਵਤ ਲੈਣ ਅਤੇ ਭ੍ਰਿਸ਼ਟਾਚਾਰ ਫੈਲਾਉਣ ਦੀ ਸ਼ਿਕਾਇਤ ਕੀਤੀ ਗਈ ਹੈ। ਇਸ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਕਿਸੇ ਵੱਡੇ ਪੁਲਸ ਅਧਿਕਾਰੀ ਦਾ ਨਜ਼ਦੀਕੀ ਦੱਸਿਆ ਜਾ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਸਬੰਧੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ, ਜਿਸ ਦੀ ਜਾਂਚ ਉਨ੍ਹਾਂ ਵੱਲੋਂ ਇਕ ਏ. ਸੀ. ਪੀ. ਰੈਂਕ ਦੇ ਅਧਿਕਾਰੀ ਨੂੰ ਸੌਂਪੀ ਗਈ ਹੈ। ਏ. ਸੀ. ਪੀ. ਨੇ ਮਾਮਲੇ ਸਬੰਧੀ ਐੱਮ. ਵੀ.ਆਈ. ਨੂੰ ਪੇਸ਼ ਹੋ ਕੇ ਆਪਣੀ ਸਫਾਈ ਰੱਖਣ ਦਾ ਫਰਮਾਨ ਜਾਰੀ ਕੀਤਾ ਹੈ ਪਰ ਉਹ ਅਜੇ ਤੱਕ ਪੇਸ਼ ਨਹੀਂ ਹੋਇਆ। ਏ. ਸੀ. ਪੀ. ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਫਿਲਹਾਲ ਜਾਂਚ ਮੁੱਢਲੇ ਪੱਧਰ ’ਤੇ ਚੱਲ ਰਹੀ ਹੈ ਪਰ ਇਸ ਿਸ਼ਕਾਇਤ ਵਿਚ ਿਸ਼ਕਾਇਤਕਰਤਾ ਵੱਲੋਂ ਐੱਮ. ਵੀ.ਆਈ. ਦੇ ਨਾਲ-ਨਾਲ ਆਰ. ਟੀ. ਏ. ਦਫਤਰ ਦੇ ਕਥਿਤ ਏਜੰਟ, ਜੋ ਕਿ ਕਾਫੀ ਦੇਰ ਤੋਂ ਇਸ ਕਾਰੋਬਾਰ ਵਿਚ ਸ਼ਾਮਲ ਹੈ, ਦੇ ਨਾਂ ਵੀ ਦੱਸੇ ਹਨ, ਜਿਸ ਨੂੰ ਪੁਲਸ ਜਾਂਚ ਵਿਚ ਬਾਅਦ ਵਿਚ ਸ਼ਾਮਲ ਕਰੇਗੀ।

ਸ਼ਿਕਾਇਤਕਰਤਾ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਕਿਹਾ ਕਿ ਆਰ. ਟੀ. ਏ. ਦਫਤਰ ਵਿਚ ਐੱਮ. ਵੀ.ਆਈ., ਜੋ ਕਿ ਟਰੱਕ, ਬੱਸ ਅਤੇ ਆਟੋ ਸਮੇਤ ਹੋਰ ਹੈਵੀ ਵ੍ਹੀਕਲਜ਼ ਦੀ ਪਾਸਿੰਗ ਕਰਦਾ ਹੈ, ਨੇ ਬਿਨਾਂ ਇੰਸਪੈਕਸ਼ਨ ਅਤੇ ਬਿਨਾਂ ਦੇਖੇ ਪਾਸਿੰਗ ਦਾ ਕੰਮ ਕਰਨ ਲਈ ਮੋਟੀ ਰਿਸ਼ਵਤ ਮੰਗੀ। ਇਹ ਵੀ ਦੋਸ਼ ਹੈ ਕਿ ਐੱਮ. ਵੀ. ਆਈ. ਖੁਦ ਸਿੱਧਾ ਪੈਸੇ ਨਹੀਂ ਫੜਦਾ, ਉਸ ਨੇ ਕੰਮ ਬਦਲੇ ਪੈਸੇ ਫੜਨ ਲਈ 2 ਨਿੱਜੀ ਕਰਿੰਦੇ ਰੱਖੇ ਹੋਏ ਹਨ।

ਰਿਸ਼ਵਤ ਦੇ ਮਾਮਲੇ ਵਿਚ ਝਗੜਾ ਹੋਣ ’ਤੇ ਅੰਮ੍ਰਿਤਸਰ ਸਥਿਤ ਦਫਤਰ ਤੋਂ ਦੌੜਿਆ ਸੀ ਐੱਮ. ਵੀ.ਆਈ.

ਸੂਤਰਾਂ ਦੀ ਮੰਨੀਏ ਤਾਂ ਕਥਿਤ ਤੌਰ ਤੇ ਉਕਤ ਐੱਮ. ਵੀ.ਆਈ. ਜੋ ਕਿ ਜਲੰਧਰ ਵਿਚ ਤਾਇਨਾਤ ਹੈ, ਜਦੋਂ ਉਹ ਅੰਮ੍ਰਿਤਸਰ ਸਥਿਤ ਆਰ. ਟੀ. ਏ. ਦਫਤਰ ਵਿਚ ਤਾਇਨਾਤ ਸੀ, ਉਸ ਸਮੇਂ ਰਿਸ਼ਵਤ ਲੈ ਕੇ ਐੱਮ. ਵੀ. ਆਈ. ਵਿਰੁੱਧ ਧਰਨਾ ਲੱਗਾ ਸੀ ਅਤੇ ਐੱਮ. ਵੀ. ਆਈ. ਦੇ ਭ੍ਰਿਸ਼ਟਾਚਾਰ ਤੋਂ ਨਾਰਾਜ਼ ਵਿਅਕਤੀ ਨੇੇ ਕਾਫੀ ਪ੍ਰਦਰਸ਼ਨ ਕੀਤਾ ਸੀ, ਜਿਸ ਨੂੰ ਲੈ ਕੇ ਦਫਤਰ ਵਿਚੋਂ ਐੱਮ. ਵੀ. ਆਈ. ਭੱਜ ਗਿਆ ਸੀ।

ਬਿਨਾਂ ਇੰਸਪੈਕਸ਼ਨ ਕੀਤੇ ਅਤੇ ਬਿਨਾਂ ਗੱਡੀ ਦੇਖੇ ਹੀ ਪੈਸੇ ਲੈ ਕੇ ਬੱਸ, ਆਟੋ ਤੇ ਟਰੱਕਾਂ ਦੀ ਪਾਸਿੰਗ ਦੇ ਰਿਹੈ ਐੱਮ. ਵੀ. ਆਈ. : ਸ਼ਿਕਾਇਤਕਰਤਾ

ਸ਼ਿਕਾਇਤਕਰਤਾ ਨੇ ਆਪਣਾ ਨਾਂ ਨਾ ਦੱਸਣ ਦੀ ਸ਼ਰਤ ’ਤੇ ਦੱਸਿਆ ਕਿ ਬਿਨਾਂ ਇੰਸਪੈਕਸ਼ਨ ਦੇ ਐੱਮ. ਵੀ. ਆਈ. ਬੱਸ, ਆਟੋ ਤੇ ਟਰੱਕਾਂ ਦੀ ਪਾਸਿੰਗ ਦੇ ਰਿਹਾ ਹੈ, ਉਹ ਵੀ ਪੈਸੇ ਲੈ ਕੇ। ਪੈਸੇ ਲੈਣ ਲਈ ਉਸ ਨੇ ਆਪਣੇ ਦੋ ਕਰਿੰਦੇ ਰੱਖੇ ਹੋਏ ਹਨ, ਜਿਹੜੇ ਸਾਰੇ ਪੈਸਿਆਂ ਦੀ ਕੁਲੈਕਸ਼ਨ ਕਰਦੇ ਹਨ।

ਸ਼ਹਿਰ ਦੇ ਕਈ ਨਾਮੀ ਏਜੰਟ ਵੀ ਆਉਣਗੇ ਪੁਲਸ ਦੇ ਨਿਸ਼ਾਨੇ ’ਤੇ

ਉੱਥੇ ਹੀ ਇਸ ਮਾਮਲੇ ਵਿਚ ਐੱਮ. ਵੀ. ਆਈ. ਅਤੇ ਕਰਿੰਦਿਆਂ ਸਮੇਤ ਸ਼ਹਿਰ ਦੇ ਕਈ ਏਜੰਟ ਵੀ ਪੁਲਸ ਦੇ ਨਿਸ਼ਾਨੇ ’ਤੇ ਆਉਣਗੇ। ਏ. ਸੀ. ਪੀ. ਨੇ ਕਿਹਾ ਕਿ ਉਨ੍ਹਾਂ ਕੋਲ ਜਿਹੜੀ ਸ਼ਿਕਾਇਤ ਆਈ ਹੈ, ਉਸ ਵਿਚ ਕਈ ਏਜੰਟਾਂ ਦੇ ਨਾਂ ਆਏ ਹਨ, ਜਿਨ੍ਹਾਂ ਨੂੰ ਜਾਂਚ ਲਈ ਬੁਲਾਇਆ ਜਾਵੇਗਾ। ਏਜੰਟ ਜਿਹੜੇ ਲੋਕਾਂ ਕੋਲੋਂ ਅਫਸਰਾਂ ਦੇ ਨਾਂ ’ਤੇ ਰਿਸ਼ਵਤ ਲੈ ਕੇ ਕੰਮ ਕਰਵਾਉਂਦੇ ਹਨ, ਉਨ੍ਹਾਂ ’ਤੇ ਵੀ ਸ਼ਿਕੰਜਾ ਕੱਸਿਆ ਜਾਵੇਗਾ। ਕਿਉਂਕਿ ਕਿੰਨੇ ਹੀ ਏਜੰਟ ਲੋਕਾਂ ਤੋਂ ਪੈਸੇ ਲੈ ਕੇ ਐੱਮ. ਵੀ. ਆਈ. ਤੋਂ ਬਿਨਾਂ ਵ੍ਹੀਕਲ ਇੰਸਪੈਕਸ਼ਨ ਕਰਵਾਏ ਅਤੇ ਬਿਨਾਂ ਦੇਖੇ ਪਾਸਿੰਗ ਕਰਵਾਉਂਦੇ ਹਨ।

ਆਰ. ਟੀ. ਏ. ਦਫਤਰ ’ਚ ਭ੍ਰਿਸ਼ਟਾਚਾਰ ਨੂੰ ਲੈ ਕੇ ਸੀ. ਆਈ. ਡੀ. ਅਤੇ ਇੰਟੈਲੀਜੈਂਸ ਵੀ ਨਾਕਾਮ?

ਉੱਥੇ ਹੀ ਇਸ ਮਾਮਲੇ ਵਿਚ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸ਼ਹਿਰ ਦੇ ਸਰਕਾਰੀ ਦਫਤਰਾਂ ਵਿਚ ਸੀ. ਆਈ. ਡੀ. ਅਤੇ ਇੰਟੈਲੀਜੈਂਸ ਦੇ ਮੁਲਾਜ਼ਮ ਹੁੰਦੇ ਹਨ, ਜਿਹੜੇ ਵੱਖ-ਵੱਖ ਸ਼ਹਿਰਾਂ ਵਿਚ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ਦੀ ਰਿਪੋਰਟ ਚੰਡੀਗੜ੍ਹ ਭੇਜਦੇ ਹਨ, ਤਾਂ ਕਿ ਸਰਕਾਰ ਨੂੰ ਪਤਾ ਰਹੇ ਕਿ ਕਿੱਥੇ ਕੀ ਹੋ ਰਿਹਾ ਹੈ ਪਰ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕੇ ਜਲੰਧਰ ਆਰ. ਟੀ. ਏ. ਦਫਤਰ ਵਿਚ ਸਾਲਾਂ ਤੋਂ ਚੱਲ ਰਹੇ ਭ੍ਰਿਸ਼ਟਾਚਾਰ ਨੂੰ ਲੈ ਕੇ ਸੀ. ਆਈ. ਡੀ. ਅਤੇ ਇੰਟੈਲੀਜੈਂਸ ਕਿਉਂ ਕੁੰਭਕਰਨੀ ਨੀਂਦ ਸੌਂ ਰਹੇ ਹਨ, ਇਹ ਉਨ੍ਹਾਂ ਦੀ ਕਾਰਜ-ਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ।


Harinder Kaur

Content Editor

Related News