ਪਟਿਆਲਾ ਲੋਕ ਸਭਾ ਸੀਟ ''ਤੇ ਦਿਲਚਸਪ ਹੋਵੇਗਾ ਮੁਕਾਬਲਾ

Thursday, Feb 14, 2019 - 01:34 AM (IST)

ਪਟਿਆਲਾ ਲੋਕ ਸਭਾ ਸੀਟ ''ਤੇ ਦਿਲਚਸਪ ਹੋਵੇਗਾ ਮੁਕਾਬਲਾ

ਪਟਿਆਲਾ—ਬਠਿੰਡਾ ਤੋਂ ਬਾਅਦ ਪੰਜਾਬ ਦੀ ਦੂਸਰੀ ਸਭ ਤੋਂ ਹਾਈ-ਪ੍ਰੋਫਾਈਲ ਸੀਟ ਪਟਿਆਲਾ ਮੰਨੀ ਜਾ ਰਹੀ ਹੈ ਕਿਉਂਕਿ ਇਸ ਸੀਟ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦਾ ਕਬਜ਼ਾ ਰਿਹਾ ਹੈ। ਉਸ ਦੀ ਪਤਨੀ ਪਰਨੀਤ ਕੌਰ ਇਸ ਸੀਟ ਤੋਂ ਲਗਾਤਾਰ 3 ਵਾਰ ਸੰਸਦ ਮੈਂਬਰ ਰਹੀ ਹੈ। ਭਾਵੇਂ ਪਿਛਲੀ ਵਾਰ ਉਹ ਚੋਣ ਹਾਰ ਗਈ ਸੀ ਅਤੇ ਇਸ ਵਾਰ ਵੀ ਪਾਰਟੀ ਵਲੋਂ ਉਸ ਦੀ ਉਮੀਦਵਾਰੀ ਤੈਅ ਮੰਨੀ ਜਾ ਰਹੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਧਰਮਵੀਰ ਗਾਂਧੀ ਮੈਦਾਨ ਵਿਚ ਕਮਜ਼ੋਰ ਹੋਏ ਹਨ ਅਤੇ ਉਹ ਇਸ ਵਾਰ ਮੈਦਾਨ ਵਿਚ ਨਹੀਂ ਆਉਣਗੇ ਪਰ 'ਆਪ' ਤੋਂ ਵੱਖ ਹੋ ਕੇ ਸੁਖਪਾਲ ਖਹਿਰਾ ਵਲੋਂ ਬਣਾਈ ਗਈ ਪੰਜਾਬੀ ਏਕਤਾ ਪਾਰਟੀ ਅਤੇ ਧਰਮਵੀਰ ਗਾਂਧੀ ਵਿਚਕਾਰ ਸਮਝੌਤਾ ਹੋਣ ਤੋਂ ਬਾਅਦ ਗਾਂਧੀ ਨੂੰ ਇਕ ਵਾਰ ਫਿਰ ਖਹਿਰਾ ਗੁੱਟ ਦੇ ਸਮਰਥਨ ਤੋਂ ਬਾਅਦ ਮਜ਼ਬੂਤੀ ਮਿਲੀ ਹੈ। ਭਾਵੇਂ 'ਆਪ' ਵੀ ਇਸ ਸੀਟ 'ਤੇ ਉਮੀਦਵਾਰ ਉਤਾਰੇਗੀ ਪਰ ਉਹ ਨਵਾਂ ਚਿਹਰਾ ਹੋਵੇਗਾ। ਅਕਾਲੀ ਦਲ ਵੀ ਇਸ ਸੀਟ 'ਤੇ ਪੂਰੀ ਤਾਕਤ ਨਾਲ ਚੋਣ ਲੜੇਗਾ। ਲੋਕ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਲਈ ਆਪਣੇ ਘਰ ਵਿਚ ਹੀ ਇਹ ਸੀਟ ਬਚਾਉਣਾ ਜਿੰਨੀ ਵੱਡੀ ਚੁਣੌਤੀ ਹੋਵੇਗੀ, ਵਿਰੋਧੀਆਂ ਲਈ ਕੈਪਟਨ ਤੋਂ ਇਹ ਸੀਟ ਖੋਹਣੀ ਵੀ ਓਨਾ ਵੱਡਾ ਹੀ ਚੈਲੰਜ ਹੋਵੇਗਾ ਅਤੇ ਇਸ ਸੀਟ ਦੇ ਨਤੀਜੇ ਕੈਪਟਨ ਅਮਰਿੰਦਰ ਦੇ ਪਰਿਵਾਰ ਦੇ ਸਿਆਸੀ ਭਵਿੱਖ ਨੂੰ ਤੈਅ ਕਰਨਗੇ।


author

Hardeep kumar

Content Editor

Related News