ਹਾਦਸੇ ’ਚ ਜਾਨ ਗੁਆਉਣ ਵਾਲੇ ਰਾਜ ਮਿਸਤਰੀ ਦੇ ਪਰਿਵਾਰ ਨੂੰ 18.39 ਲੱਖ ਦਾ ਮੁਆਵਜ਼ਾ

Tuesday, Dec 17, 2024 - 02:45 PM (IST)

ਹਾਦਸੇ ’ਚ ਜਾਨ ਗੁਆਉਣ ਵਾਲੇ ਰਾਜ ਮਿਸਤਰੀ ਦੇ ਪਰਿਵਾਰ ਨੂੰ 18.39 ਲੱਖ ਦਾ ਮੁਆਵਜ਼ਾ

ਮੋਹਾਲੀ (ਸੰਦੀਪ) : ਲਾਲੜੂ ’ਚ ਸੜਕ ਹਾਦਸੇ ਵਿਚ ਜਾਨ ਗੁਆਉਣ ਵਾਲੇ ਰਾਜ ਮਿਸਤਰੀ ਦਯਾਨੰਦ ਸਦਾ ਦੇ ਪਰਿਵਾਰ ਨੂੰ 18,39,566 ਰੁਪਏ ਮੁਆਵਜ਼ਾ ਦੇਣ ਦੇ ਹੁਕਮ ਐੱਮ. ਏ. ਸੀ. ਟੀ. ਨੇ ਦਿੱਤੇ ਹਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਟ੍ਰਿਬੀਊਨਲ ’ਚ ਪਟੀਸ਼ਨ ਦਾਇਰ ਕਰਕੇ ਇਕ ਕਰੋੜ ਦੀ ਮੰਗ ਕੀਤੀ ਸੀ। ਹਾਦਸਾ 8 ਮਾਰਚ 2023 ਨੂੰ ਲਾਲੜੂ ਹਾਈਵੇ ’ਤੇ ਵਾਪਰਿਆ ਸੀ ਜਦੋਂ ਤੇਜ਼ ਰਫ਼ਤਾਰ ਕਾਰ ਨੇ ਅੰਬਾਲਾ ਵਾਸੀ ਦਯਾ ਨੰਦ ਸਦਾ (44 ਸਾਲ) ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ।

ਦਯਾ ਨੰਦ ਮਿਸਤਰੀ ਸੀ ਅਤੇ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾਉਂਦਾ ਸੀ। ਉਸ ਦੀ ਮੌਤ ਤੋਂ ਬਾਅਦ ਪਤਨੀ ਨੇ ਕਾਰ ਚਾਲਕ ਤੇ ਬੀਮਾ ਕੰਪਨੀ ਖ਼ਿਲਾਫ਼ ਕਲੇਮ ਦਾਇਰ ਕੀਤਾ। ਦਾਅਵੇ ’ਚ ਕਿਹਾ ਗਿਆ ਸੀ ਕਿ ਦਯਾਨੰਦ ਦੀ ਤਨਖ਼ਾਹ ਨਾਲ ਪਰਿਵਾਰ ਦਾ ਗੁਜ਼ਾਰਾ ਹੁੰਦਾ ਸੀ। ਅਜਿਹੇ ’ਚ ਹੁਣ ਆਰਥਿਕ ਸੰਕਟ ਖੜ੍ਹਾ ਹੋ ਗਿਆ ਹੈ। ਦੂਜੇ ਪਾਸੇ ਕਾਰ ਚਾਲਕ ਨੇ ਦਾਅਵਾ ਕੀਤਾ ਕਿ ਹਾਦਸਾ ਉਸ ਦੀ ਕਾਰ ਕਾਰਨ ਨਹੀਂ ਵਾਪਰਿਆ, ਸਗੋਂ ਉਸ ਨੇ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਉਣ ’ਚ ਮਦਦ ਕੀਤੀ। ਬੀਮਾ ਕੰਪਨੀ ਨੇ ਕਿਹਾ ਕਿ ਚਾਲਕ ਕੋਲ ਵੈਧ ਡਰਾਈਵਿੰਗ ਲਾਇਸੈਂਸ ਨਹੀਂ ਸੀ, ਜਿਸ ਕਾਰਨ ਬੀਮੇ ਦੀਆਂ ਸ਼ਰਤਾਂ ਦੀ ਉਲੰਘਣਾ ਹੋਈ। ਅਜਿਹੀ ਸਥਿਤੀ ’ਚ ਉਹ ਮੁਆਵਜ਼ਾ ਦੇਣ ਲਈ ਪਾਬੰਦ ਨਹੀਂ ਹੈ। ਟ੍ਰਿਬੀਊਨਲ ਨੇ ਇਹ ਫ਼ੈਸਲਾ ਤਿੰਨੇ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦਿੱਤਾ ਹੈ।
 


author

Babita

Content Editor

Related News