''ਜ਼ਹਿਰੀਲੇ ਜਾਨਵਰ ਦੇ ਡੰਗਣ ''ਤੇ ਮਿਲਦੈ 3 ਲੱਖ ਰੁਪਏ ਦਾ ਮੁਆਵਜ਼ਾ''

Sunday, Aug 20, 2017 - 08:23 AM (IST)

''ਜ਼ਹਿਰੀਲੇ ਜਾਨਵਰ ਦੇ ਡੰਗਣ ''ਤੇ ਮਿਲਦੈ 3 ਲੱਖ ਰੁਪਏ ਦਾ ਮੁਆਵਜ਼ਾ''

ਮੋਗਾ  (ਗਰੋਵਰ/ਗੋਪੀ) - ਆਮ ਲੋਕਾਂ ਨੂੰ ਬਹੁਤ ਸਾਰੀਆਂ ਸਰਕਾਰੀ ਸਕੀਮਾਂ ਦੀ ਜਾਣਕਾਰੀ ਅਤੇ ਉਨ੍ਹਾਂ ਤੋਂ ਮਿਲਣ ਵਾਲੇ ਲਾਭਾਂ ਦਾ ਪਤਾ ਨਾ ਹੋਣ ਕਾਰਨ ਅਤੇ ਸਬੰਧਿਤ ਅਧਿਕਾਰੀਆਂ ਵੱਲੋਂ ਸਹੀ ਜਾਣਕਾਰੀ ਨਾ ਮੁਹੱਈਆ ਕਰਵਾਉਣ 'ਤੇ ਪੀੜਤ ਪਰਿਵਾਰ ਸਰਕਾਰੀ ਸਕੀਮਾਂ ਦਾ ਲਾਭ ਉਠਾਉਣ ਤੋਂ ਵਾਂਝੇ ਰਹਿ ਜਾਂਦੇ ਹਨ, ਜਿਸ ਕਾਰਨ ਸਰਕਾਰ ਵੱਲੋਂ ਜਾਰੀ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਵਾਪਸ ਹੋ ਜਾਂਦੀਆਂ ਹਨ। ਇਹ ਪ੍ਰਗਟਾਵਾ ਸਮਾਜ ਸੇਵੀ ਸੰਸਥਾ ਮਿਸ਼ਨ ਵੈੱਲਫੇਅਰ ਸੁਸਾਇਟੀ ਦੇ ਆਗੂ ਸੁਖਚੈਨ ਸਿੰਘ ਰਾਮੂੰਵਾਲੀਆ ਨੇ ਗੱਲਬਾਤ ਕਰਦਿਆਂ ਕੀਤਾ।  ਉਨ੍ਹਾਂ ਕਿਹਾ ਕਿ ਅੱਜਕਲ ਮੀਂਹ ਦੇ ਮੌਸਮ 'ਚ ਸੱਪਾਂ ਦੇ ਡੰਗਣ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਖਾਸ ਕਰ ਕੇ ਖੇਤਾਂ 'ਚ ਕੰਮ ਕਰਨ ਵਾਲੇ ਮਜ਼ਦੂਰਾਂ, ਕਿਸਾਨਾਂ ਦੀ ਮੌਤ ਅਕਸਰ ਸੱਪ ਦੇ ਡੰਗਣ ਨਾਲ ਹੋ ਜਾਂਦੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨਿਯਮਾਂ ਬਾਰੇ ਪਤਾ ਨਾ ਹੋਣ ਕਾਰਨ ਮੁਆਵਜ਼ਾ ਨਹੀਂ ਮਿਲ ਪਾਉਂਦਾ। ਰਾਜੀਵ ਗਾਂਧੀ ਪਰਿਵਾਰ ਬੀਮਾ ਯੋਜਨਾ ਤਹਿਤ ਸੱਪ ਦੇ ਡੰਗ ਨਾਲ ਹੋਈ ਮੌਤ 'ਤੇ ਮੁਆਵਜ਼ੇ ਦੇ ਰੂਪ 'ਚ 3 ਲੱਖ ਰੁਪਏ ਸਹਾਇਤਾ ਰਾਸ਼ੀ ਦੇ ਤੌਰ 'ਤੇ ਮਿਲਦੇ ਹਨ ਪਰ ਇਸ ਲਈ ਪੋਸਟਮਾਰਟਮ ਕਰਵਾਉਣਾ ਜ਼ਰੂਰੀ ਹੈ।  ਇਸ ਤੋਂ ਇਲਾਵਾ ਜ਼ਹਿਰੀਲਾ ਕੋਈ ਵੀ ਜਾਨਵਰ ਚੂਹਾ, ਬਿੱਲੀ ਅਤੇ ਕੁੱਤੇ ਦੇ ਵੱਢਣ ਕਾਰਨ ਤੇ ਕਰੰਟ ਲੱਗਣਾ, ਪਾਣੀ 'ਚ ਡੁੱਬਣਾ, ਹਵਾਈ ਹਾਦਸਾ, ਜਾਨਵਰਾਂ ਦੇ ਹਮਲੇ ਜਾਂ ਜਣੇਪੇ ਸਮੇਂ ਔਰਤ ਦੀ ਮੌਤ ਹੋਣ 'ਤੇ ਸਰਕਾਰ ਵੱਲੋਂ ਇਸ ਸਕੀਮ ਤਹਿਤ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਸਮੇਂ ਉਨ੍ਹਾਂ ਨਾਲ ਅਨਿਲ ਮਿੱਤਲ, ਅਮਰਜੀਤ ਕੋਲਕਾਤਾ, ਹਰਜੀਤ ਸਿੰਘ ਟੀਟੂ, ਜਗਜੀਤ ਸਿੰਘ ਜੌੜਾ, ਮਹਿੰਦਰ ਸਿੰਘ ਗਿੱਲ ਆਦਿ ਹਾਜ਼ਰ ਸਨ।


Related News