ICSE ਵਿਚ ਸ਼ੁਰੂ ਹੋਇਆ ਕੰਪਾਰਟਮੈਂਟ ਪੇਪਰ ਸਿਸਟਮ, ਇੰਗਲਿਸ਼ ’ਚੋਂ ਪਾਸ ਹੋਣਾ ਜ਼ਰੂਰੀ

04/16/2019 9:19:29 PM

ਲੁਧਿਆਣਾ, (ਵਿੱਕੀ)- ਆਈ. ਸੀ. ਐੱਸ. ਈ. ਦੇ ਸਕੂਲਾਂ ’ਚ ਪਡ਼੍ਹਨ ਵਾਲਾ ਕੋਈ ਵੀ ਵਿਦਿਆਰਥੀ ਜੇਕਰ 10ਵੀਂ ਤੇ 12ਵੀਂ ਦੀ ਪ੍ਰੀਖਿਆ ਦੇ ਕਿਸੇ ਇਕ ਵਿਸ਼ੇ ’ਚ ਫੇਲ ਹੋਵੇਗਾ ਤਾਂ ਉਸ ਨੂੰ ਮੁਡ਼ ਪੇਪਰ ਦੇਣ ਲਈ ਪੂਰਾ ਸਾਲ ਉਡੀਕ ਨਹੀਂ ਕਰਨੀ ਪਵੇਗੀ, ਕਿਉਂਕਿ ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ ਨੇ ਅਜਿਹੇ ਵਿਦਿਆਰਥੀਆਂ ਨੂੰ ਰਾਹਤ ਦਿੰਦੇ ਹੋਏ ਕੰਪਾਰਟਮੈਂਟ ਪ੍ਰੀਖਿਆ ਵਿਚ ਅਪੀਅਰ ਹੋਣ ਦਾ ਰਸਤਾ ਖੋਲ੍ਹ ਦਿੱਤਾ ਹੈ।

ਕੌਂਸਲ ਦੀ ਅਧਿਕਾਰਕ ਵੈੱਬਸਾਈਟ ’ਤੇ ਜਾਰੀ ਨੋਟੀਫਿਕੇਸ਼ਨ ਮੁਤਾਬਕ ਕੰਪਾਰਟਮੈਂਟ ਦੀ ਪ੍ਰੀਖਿਆ ਸਾਲ ’ਚ ਇਕ ਵਾਰ ਸਿਰਫ ਜੁਲਾਈ ਮਹੀਨੇ ’ਚ ਹੋਵੇਗੀ। ਕੰਪਾਰਟਮੈਂਟ ਪ੍ਰੀਖਿਆ ’ਚ ਅਪੀਅਰ ਹੋਣ ਲਈ ਵਿਦਿਆਰਥੀਆਂ ਨੂੰ ਸਿਰਫ ਸਾਲ ਵਿਚ 1 ਮੌਕਾ ਹੀ ਮਿਲੇਗਾ। ਇਸ ਸਾਲ ਪ੍ਰੀਖਿਆ 15 ਤੋਂ 17 ਜੁਲਾਈ ਵਿਚ ਹੋਵੇਗੀ। ਜਾਣਕਾਰੀ ਮੁਤਾਬਕ ਪ੍ਰੀਖਿਆਰਥੀਆਂ ਨੂੰ ਕੁਲ 5 ਵਿਸ਼ਿਆਂ ’ਚੋਂ ਕਿਸੇ ਇਕ ਵਿਸ਼ੇ ਵਿਚ ਹੀ ਕੰਪਾਰਟਮੈਂਟ ਦੀ ਪ੍ਰੀਖਿਆ ਦੇਣ ਦਾ ਮੌਕਾ ਮਿਲੇਗਾ। ਕੌਂਸਲ ਮੁਤਾਬਕ 10ਵੀਂ ਦੀ ਕੰਪਾਰਟਮੈਂਟ ਪ੍ਰੀਖਿਆ ’ਚ ਘੱਟ ਤੋਂ ਘੱਟ 5 ਵਿਸ਼ਿਆਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਹੀ ਬੈਠ ਸਕਣਗੇ। ਇਨ੍ਹਾਂ ’ਚੋਂ ਅੰਗਰੇਜ਼ੀ ਤੇ 3 ਹੋਰਨਾਂ ਵਿਸ਼ਿਆਂ ’ਚ ਪਾਸ ਹੋਣਾ ਜ਼ਰੂਰੀ ਹੈ। ਵਿਦਿਆਰਥੀ ਕਿਸੇ ਇਕ ਹੀ ਵਿਸ਼ੇ ’ਚ ਫੇਲ ਹੋਣ ’ਤੇ ਕੰਪਾਰਟਮੈਂਟ ਦੀ ਪ੍ਰੀਖਿਆ ਦੇਣ ਦੇ ਯੋਗ ਹੋਵੇਗਾ। ਇਸੇ ਤਰ੍ਹਾਂ 12ਵੀਂ ਕਲਾਸ ’ਚ ਘੱਟੋ-ਘੱਟ ਚਾਰ ਵਿਸ਼ਿਆਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਕੰਪਾਰਟਮੈਂਟ ਦੀ ਪ੍ਰੀਖਿਆ ਦੇ ਸਕਣਗੇ। ਇਸ ਵਿਚ ਵੀ ਅੰਗਰੇਜ਼ੀ ਤੇ ਹੋਰਨਾਂ ਦੋ ਵਿਸ਼ਿਆਂ ਦੀ ਪ੍ਰੀਖਿਆ ਵਿਚ ਪਾਸ ਹੋਣਾ ਜ਼ਰੂਰੀ ਹੈ। ਕਿਸੇ ਇਕ ਵਿਸ਼ੇ ਵਿਚ ਫੇਲ ਹੋਣ ’ਤੇ ਹੀ ਕੰਪਾਰਟਮੈਂਟ ਪ੍ਰੀਖਿਆ ਦੇਣ ਦਾ ਮੌਕਾ ਮਿਲੇਗਾ। ਕੌਂਸਲ ਨੇ ਸਾਫ ਕੀਤਾ ਹੈ ਕਿ ਕੰਪਾਰਟਮੈਂਟ ਦੀ ਪ੍ਰੀਖਿਆ ’ਚ ਬੈਠਣ ਲਈ ਅੰਦਰੂਨੀ ਮੁਲਾਂਕਣ ਤਹਿਤ ਸਾਰੇ ਥਿਊਰੀ ਪੇਪਰ ਦੀ ਪ੍ਰੀਖਿਆ ਦਾ ਦਿੱਤਾ ਹੋਣਾ ਜ਼ਰੂਰੀ ਹੈ।

ਇਸ ਫਾਰਮੂਲੇ ਤੋਂ ਮਿਲਣਗੇ ਅੰਕ

ਕੌਂਸਲ ਨੇ ਕਿਹਾ ਕਿ ਜੇਕਰ ਵਿਦਿਆਰਥੀ 10ਵੀਂ ’ਚ ਇੰਟਰਨਲ ਮੁਲਾਂਕਣ ਦੇ ਸਮੇਂ ਗੈਰ-ਹਾਜ਼ਰ ਰਿਹਾ ਹੋਵੇ ਤਾਂ ਨਾ ਸਿਰਫ ਉਹ ਥਿਊਰੀ ਪੇਪਰ ਦੀ ਪ੍ਰੀਖਿਆ ਦੇਵੇਗਾ, ਸਗੋਂ ਉਸ ਨੂੰ ਅਸਾਈਨਮੈਂਟ ਤੇ ਪ੍ਰਾਜੈਕਟ ਵਰਕ ਵੀ ਜਮ੍ਹਾ ਕਰਵਾਉਣਾ ਹੋਵੇਗਾ। ਕੰਪਾਰਟਮੈਂਟ ਦੀ ਪ੍ਰੀਖਿਆ ’ਚ ਬੈਠਣ ਲਈ ਇੰਟਰਨਲ ਮੁਲਾਂਕਣ ਤਹਿਤ ਸਾਰੇ ਥਿਊਰੀ ਪੇਪਰ ਦੀ ਪ੍ਰੀਖਿਆ ਦਾ ਦਿੱਤਾ ਹੋਣਾ ਜ਼ਰੂਰੀ ਹੈ। ਇਨ੍ਹਾਂ ਅੰਕਾਂ ਨੂੰ ਕੌਂਸਲ ਦੇ ਪੋਰਟਲ ਕੈਰੀਅਰ ਰਾਹੀਂ ਆਨਲਾਈਨ ਦਿੱਤਾ ਜਾਵੇਗਾ। ਇਸੇ ਤਰ੍ਹਾਂ 12ਵੀਂ ’ਚ ਪ੍ਰੈਕਟੀਕਲ ਤੇ ਪ੍ਰਾਜੈਕਟ ਵਰਕ ਦੇ ਮੁਲਾਂਕਣ ਦੇ ਸਮੇਂ ਗੈਰ-ਹਾਜ਼ਰ ਰਿਹਾ ਹੋਵੇਗਾ ਤਾਂ ਉਸ ਨੂੰ ਥਿਊਰੀ ਪ੍ਰੀਖਿਆ ਦੇਣੀ ਹੋਵੇਗੀ, ਨਾਲ ਹੀ ਪ੍ਰਾਜੈਕਟ ਵਰਕ ਅਤੇ ਪ੍ਰੈਕਟੀਕਲ ਵਰਕ ਜਮ੍ਹਾ ਕਰਵਾਉਣਾ ਹੋਵੇਗਾ। ਇਨ੍ਹਾਂ ਦਾ ਮੁਲਾਂਕਣ ਕਰ ਕੇ ਉਸ ਨੂੰ ਅੰਕ ਦਿੱਤੇ ਜਾਣਗੇ।

ਜੂਨ ’ਚ ਹੋਵੇਗੀ ਰਜਿਸਟ੍ਰੇਸ਼ਨ, ਪੇਪਰ ਦੇਣ ਤੋਂ ਖੁੰਝੇ ਤਾਂ ਦੇਣੀ ਹੋਵੇਗੀ ਸਾਰੀ ਪ੍ਰੀਖਿਆ

ਕੰਪਾਰਟਮੈਂਟ ਪ੍ਰੀਖਿਆ ਲਈ ਸਕੂਲ ਜੂਨ ਦੇ ਮੱਧ ’ਚ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕਰਨਗੇ। 7 ਦਿਨਾਂ ਲਈ ਕੌਂਸਲ ਦੇ ਪੋਰਟਲ ਦੀ ਵਿੰਡੋ ਨੂੰ ਖੋਲ੍ਹਿਆ ਜਾਵੇਗਾ, ਜਿੱਥੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਹੋਵੇਗੀ। ਕੰਪਾਰਟਮੈਂਟ ਪ੍ਰੀਖਿਆ ਦਾ ਨਤੀਜਾ ਅਗਸਤ ’ਚ ਜਾਰੀ ਹੋਵੇਗਾ। ਪ੍ਰੀਖਿਆ ਲਈ ਵਿਦਿਆਰਥੀਆਂ ਤੋਂ 1500 ਰੁਪਏ ਪ੍ਰਤੀ ਵਿਦਿਆਰਥੀ ਫੀਸ ਲਈ ਜਾਵੇਗੀ। ਕੰਪਾਰਟਮੈਂਟ ਦੀ ਪ੍ਰੀਖਿਆ ’ਚ ਅਸਫਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਕੁਲ ਅੰਕਾਂ ਦੀ ਪ੍ਰਤੀ ਸਕੂਲ ਰਾਹੀਂ ਕੌਂਸਲ ਨੂੰ ਮੋਡ਼ਨੀ ਹੋਵੇਗੀ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਸੋਧ ਕੀਤੇ ਗਏ ਅੰਕਾਂ ਦੀ ਕਾਪੀ ਜਾਰੀ ਕੀਤੀ ਜਾਵੇਗੀ, ਜੋ ਵਿਦਿਆਰਥੀਆਂ ਨੂੰ ਸੋਧੇ ਨੰਬਰਾਂ ਦੀ ਕਾਪੀ ਜਾਰੀ ਕੀਤੀ ਜਾਵੇਗੀ। ਜੋ ਵਿਦਿਆਰਥੀ ਕੰਪਾਰਟਮੈਂਟ ਪ੍ਰੀਖਿਆ ’ਚ ਅਸਫਲ ਰਹਿੰਦੇ ਹਨ ਜਾਂ ਗੈਰ-ਹਾਜ਼ਰ ਹੋਣਗੇ, ਉਨ੍ਹਾਂ ਨੂੰ ਮੁਡ਼ ਸਾਰੇ ਵਿਸ਼ਿਆਂ ਦੀ ਪ੍ਰੀਖਿਆ ਫਰਵਰੀ-ਮਾਰਚ ਦੀ ਪ੍ਰੀਖਿਆ ਦੌਰਾਨ ਦੇਣੀ ਹੋਵੇਗੀ।


Arun chopra

Content Editor

Related News