ਮੈਡਲ ਜੇਤੂ ਵਿਕਾਸ ਦੇ ਘਰ ਪਹੁੰਚੇ ਐੱਮ. ਐੱਲ. ਏ., ਮੇਅਰ ਸਮੇਤ 3 ਕੌਂਸਲਰ

04/17/2018 1:32:11 PM

ਲੁਧਿਆਣਾ (ਵਿੱਕੀ)-ਕਾਮਨਵੈਲਥ ਖੇਡਾਂ 'ਚ ਬ੍ਰਾਊਂਜ਼ ਮੈਡਲ ਚੁੰਮਣ ਵਾਲੇ ਵੇਟ-ਲਿਫਟਰ ਵਿਕਾਸ ਠਾਕੁਰ ਦਾ ਐਤਵਾਰ ਨੂੰ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਪਹੁੰਚਣ 'ਤੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਈ ਸਵਾਗਤ ਨਾ ਕੀਤੇ ਜਾਣ ਸਬੰਧੀ 'ਜਗ ਬਾਣੀ' 'ਚ ਸੋਮਵਾਰ ਨੂੰ ਛਪੀ ਖ਼ਬਰ ਤੋਂ ਬਾਅਦ ਕਾਂਗਰਸ ਵਿਧਾਇਕ ਰਾਕੇਸ਼ ਪਾਂਡੇ ਤੋਂ ਇਲਾਵਾ ਮੇਅਰ ਬਲਕਾਰ ਸੰਧੂ ਵੀ 2 ਕੌਂਸਲਰਾਂ ਦੇ ਨਾਲ ਮੈਡਲ ਜੇਤੂ ਦੇ ਘਰ ਪਹੁੰਚ ਗਏ।  ਰਾਕੇਸ਼ ਪਾਂਡੇ ਨੇ ਜਿੱਥੇ ਵਿਕਾਸ ਦੇ ਪਿਤਾ ਬ੍ਰਿਜ ਲਾਲ ਠਾਕੁਰ ਨੂੰ ਉਸ ਦੀ ਉਪਲੱਬਧੀ ਲਈ ਵਧਾਈ ਦਿੱਤੀ, ਉਥੇ ਮੇਅਰ ਬਲਕਾਰ ਸੰਧੂ ਨੇ ਇਸ ਉਪਲੱਬਧੀ ਦੇ ਲਈ ਵਿਕਾਸ ਦੇ ਪਿਤਾ ਨੂੰ ਦੋਸ਼ਾਲਾ ਭੇਟ ਕਰ ਕੇ ਉਨ੍ਹਾਂ ਦਾ ਮੂੰਹ ਵੀ ਮਿੱਠਾ ਕਰਵਾਇਆ। ਇਹ ਹੀ ਨਹੀਂ ਮੇਅਰ ਨੇ ਸੰਸਦ ਰਵਨੀਤ ਬਿੱਟੂ ਦੀ ਗੱਲ ਵੀ ਵਿਕਾਸ ਦੇ ਪਿਤਾ ਨਾਲ ਕਰਵਾਈ।  ਇਥੇ ਦੱਸ ਦੇਈਏ ਕਿ 'ਜਗ ਬਾਣੀ' ਨੇ ਆਪਣੇ ਸੋਮਵਾਰ ਦੇ ਅੰਕ ਵਿਚ ਬ੍ਰਾਊਂਜ਼ ਮੈਡਲਿਸਟ ਵਿਕਾਸ ਦਾ ਰੇਲਵੇ ਸਟੇਸ਼ਨ 'ਤੇ ਸਵਾਗਤ ਨਾ ਕਰਨ ਆਉਣ 'ਤੇ ਸਰਕਾਰ ਅਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਸਬੰਧੀ ਪ੍ਰਮੁੱਖਤਾ ਨਾਲ ਖ਼ਬਰ ਪ੍ਰਕਾਸ਼ਿਤ ਕਰਦੇ ਹੋਏ ਦੱਸਿਆ ਕਿ ਪਿਤਾ ਨੇ ਮੈਡਲ ਜੇਤੂ ਬੇਟੇ ਦੀ ਖੁਸ਼ੀ ਲਈ ਜੇਬ 'ਚੋਂ 70,000 ਰੁਪਏ ਖਰਚ ਕਰ ਕੇ ਘਰ ਦੇ ਸਾਹਮਣੇ ਬਣੇ ਪਾਰਕ ਵਿਚ ਲੰਚ ਸੈਰੇਮਨੀ ਆਯੋਜਿਤ ਕਰਵਾਈ ਪਰ ਸਰਕਾਰ ਅਤੇ ਪ੍ਰਸ਼ਾਸਨ ਨੇ ਕੋਈ ਇੰਤਜ਼ਾਮ ਨਹੀਂ ਕੀਤੇ। ਸੰਸਦ ਬਿੱਟੂ ਨੇ ਬ੍ਰਿਜ ਠਾਕੁਰ ਨੂੰ ਵਧਾਈ ਦਿੰਦੇ ਹੋਏ ਵਿਕਾਸ ਨੂੰ ਦੇਸ਼ ਨੂੰ ਮਾਣ ਦੱਸਿਆ। ਉਨ੍ਹਾਂ ਨੇ ਕਿਹਾ ਕਿ ਗੋਲਡ ਕੋਸਟ 'ਚ ਮੈਡਲ ਜਿੱਤ ਕੇ ਇਸ ਵੇਟ ਲਿਫਟਰ ਨੇ ਲੁਧਿਆਣਾ ਦਾ ਨਾਂ ਵੀ ਰੌਸ਼ਨ ਕੀਤਾ ਹੈ। ਬਿੱਟੂ ਨੇ ਕਿਹਾ ਕਿ ਕਾਮਨਵੈਲਥ ਖੇਡਾਂ ਵਿਚ ਪੰਜਾਬ ਦੇ ਜਿਨ੍ਹਾਂ ਖਿਡਾਰੀਆਂ ਨੇ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਉਨ੍ਹਾਂ ਨੂੰ ਰਾਜ ਸਰਕਾਰ ਤੋਂ ਸਪੈਸ਼ਲ ਐਵਾਰਡ ਦਿਵਾਉਣ ਲਈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿਫਾਰਿਸ਼ ਵੀ ਕਰਨਗੇ।

ਵਿਕਾਸ ਤੋਂ ਪ੍ਰੇਰਣਾ ਲੈਣ ਦੇਸ਼ ਦੇ ਨੌਜਵਾਨ : ਪਾਂਡੇ
ਵਿਧਾਇਕ ਰਾਕੇਸ਼ ਪਾਂਡੇ ਨੇ ਵਧਾਈ ਦਿੰਦੇ ਕਿਹਾ ਕਿ ਵਿਕਾਸ ਵਰਗੇ ਖਿਡਾਰੀ ਤੋਂ ਦੇਸ਼ ਦੇ ਨੌਜਵਾਨਾਂ ਨੂੰ ਪ੍ਰੇਰਣਾ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਖੇਡ ਸੁਵਿਧਾਵਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਅਤੇ ਉਹ ਸਰਕਾਰ ਨਾਲ ਇਸ ਦੇ ਲਈ ਗੱਲ ਕਰਨਗੇ। ਇਸ ਦੌਰਾਨ ਵਿਧਾਇਕ ਪਾਂਡੇ ਦੇ ਨਾਲ ਕੌਂਸਲਰ ਪਤੀ ਬਲਜਿੰਦਰ ਸਿੰਘ ਸੰਧੂ, ਦੁਸ਼ਯੰਤ ਪਾਂਡੇ, ਵਿੱਕੀ ਦੱਤਾ ਆਦਿ ਮੌਜੂਦ ਸਨ। ਉਥੇ ਮੇਅਰ ਦੇ ਨਾਲ ਵਿਧਾਇਕ ਰਾਕੇਸ਼ ਪਰਾਸ਼ਰ, ਅਸ਼ਵਨੀ ਸ਼ਰਮਾ, ਫਰੈਂਡਸ ਢਾਬਾ ਦੇ ਮਾਲਕ ਅਸ਼ੋਕ ਸੇਠੀ ਨੇ ਵੀ ਬ੍ਰਿਜ ਠਾਕੁਰ ਨੂੰ ਵਧਾਈ ਦਿੱਤੀ। 

ਵਿਕਾਸ ਨੂੰ ਦਿਵਾਉਂਗਾ ਉਸ ਦਾ ਰੁਕਿਆ ਹੋਇਆ ਮਹਾਰਾਜਾ ਰਣਜੀਤ ਸਿੰਘ ਐਵਾਰਡ : ਬਿੱਟੂ
ਬਿੱਟੂ ਨੇ ਵਿਕਾਸ ਦੇ ਪਿਤਾ ਨੂੰ ਵਿਸ਼ਵਾਸ ਦਿਵਾਇਆ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਤੋਂ ਰੁਕਿਆ ਵਿਕਾਸ ਦਾ ਮਹਾਰਾਜਾ ਰਣਜੀਤ ਸਿੰਘ ਐਵਾਰਡ ਵੀ ਜਲਦੀ ਹੀ ਕਾਂਗਰਸ ਸਰਕਾਰ ਉਸ ਦੇ ਹੱਥਾਂ 'ਚ ਸੌਂਪ ਕੇ ਉਸ ਨੂੰ ਉਪਲੱਬਧੀਆਂ ਦਾ ਤੋਹਫਾ ਦੇਵੇਗੀ। ਬਿੱਟੂ ਨੇ 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਕਿਹਾ ਕਿ ਰਾਜ ਦੇ ਖਿਡਾਰੀਆਂ ਨੂੰ ਮਿਲਣ ਵਾਲੇ ਜਿੰਨੇ ਵੀ ਲਾਭ ਜਾਂ ਐਵਾਰਡ ਸਰਕਾਰ ਜਾਂ ਖੇਡ ਵਿਭਾਗ ਦੇ ਕੋਲ ਪੈਂਡਿੰਗ ਹਨ, ਉਨ੍ਹਾਂ ਨੂੰ ਖਿਡਾਰੀਆਂ ਨੂੰ ਦੇਣ ਦੇ ਲਈ ਉਹ ਖੁਦ ਪਹਿਲਕਦਮੀ ਕਰ ਕੇ ਮੁੱਖ ਮੰਤਰੀ ਨਾਲ ਗੱਲ ਕਰਨਗੇ। ਉਨ੍ਹਾਂ ਨੇ ਕਿਹਾ ਕਿ ਲੁਧਿਆਣਾ 'ਚ ਖੇਡਾਂ ਅਤੇ ਖਿਡਾਰੀਆਂ ਨੂੰ ਆਧੁਨਿਕ ਇੰਫ੍ਰਾਸਟਰੱਕਚਰ ਉਪਲਬਧ ਕਰਵਾਉਣ ਦੇ ਲਈ ਵੀ ਵਿਸ਼ੇਸ਼ ਫੰਡ ਮਨਜ਼ੂਰ ਕਰਵਾਏ ਜਾਣਗੇ। 
 


Related News