ਰੇਲਵੇ ਸਟੇਸ਼ਨਾਂ ’ਤੇ ਇੰਝ ਹੋ ਰਹੀ ਆਮ ਲੋਕਾਂ ਦੀ ਖੱਜਲ-ਖੁਆਰੀ, GRP ਮੁਲਾਜ਼ਮ ਤੇ ਏਜੰਟ ਕਰ ਰਹੇ ਦਾਦਾਗਿਰੀ

Wednesday, Apr 10, 2024 - 12:39 AM (IST)

ਜਲੰਧਰ (ਗੁਲਸ਼ਨ)– ਹੋਲੀ ਤੋਂ ਬਾਅਦ ਹੁਣ ਯੂ. ਪੀ., ਬਿਹਾਰ ’ਚ ਵੀ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਕਾਰਨ ਟਿਕਟਾਂ ਦੀ ਬੁਕਿੰਗ ਦਾ ਕੰਮ ਹੋਰ ਤੇਜ਼ ਹੋ ਗਿਆ ਹੈ। ਇਕ ਪਾਸੇ ਤਾਂ ਵਿਆਹਾਂ ਦਾ ਸੀਜ਼ਨ ਹੈ ਤੇ ਦੂਜੇ ਪਾਸੇ ਗਰਮੀਆਂ ਦੀਆਂ ਛੁੱਟੀਆਂ ਦਾ ਸੀਜ਼ਨ ਆਉਣ ਕਾਰਨ ਰਿਜ਼ਰਵੇਸ਼ਨ ਸੈਂਟਰ ਦੇ ਟਿਕਟ ਕਾਊਂਟਰਾਂ ’ਤੇ ਕਾਫ਼ੀ ਭੀੜ ਹੈ। ਮੌਜੂਦਾ ਸਮੇਂ ’ਚ ਤਤਕਾਲ ਬੁਕਿੰਗ ਕਰਨ ਵਾਲਿਆਂ ਦੀ ਗਿਣਤੀ ’ਚ ਵੀ ਕਾਫ਼ੀ ਵਾਧਾ ਹੋਇਆ ਹੈ ਪਰ ਤਤਕਾਲ ਬੁਕਿੰਗ ਦੇ ਸਮੇਂ ਦਲਾਲਾਂ ਦੇ ਸਰਗਰਮ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜੇਕਰ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਤਤਕਾਲ ਬੁਕਿੰਗ ਕਰਵਾਉਣਾ ਕਿਸੇ ਲੜਾਈ ਜਿੱਤਣ ਤੋਂ ਘੱਟ ਨਹੀਂ ਹੈ। ਲਗਾਤਾਰ 2-3 ਦਿਨ ਆਉਣ ਦੇ ਬਾਵਜੂਦ ਲੋਕਾਂ ਦੀਆਂ ਤਤਕਾਲ ਟਿਕਟਾਂ ਬੁੱਕ ਨਹੀਂ ਹੋ ਰਹੀਆਂ। ਤਤਕਾਲ ਬੁਕਿੰਗ ਨਾ ਹੋਣ ਕਾਰਨ ਪ੍ਰੇਸ਼ਾਨ ਯਾਤਰੀਆਂ ਨੇ ਕਿਹਾ ਕਿ ਤਤਕਾਲ ਬੁਕਿੰਗ ਦੇ ਸਮੇਂ ਜੀ. ਆਰ. ਪੀ. ਕਰਮਚਾਰੀ ਤੇ ਏਜੰਟ ਬਹੁਤ ਸਰਗਰਮ ਰਹਿੰਦੇ ਹਨ। ਆਮ ਆਦਮੀ ਇਨ੍ਹਾਂ ਦੀ ਦਾਦਾਗਿਰੀ ਦਾ ਸੰਤਾਪ ਭੋਗਣ ਲਈ ਮਜਬੂਰ ਹੈ।

ਇਹ ਖ਼ਬਰ ਵੀ ਪੜ੍ਹੋ : ਨਾਭਾ ਦੇ ਸਰਕਾਰੀ ਕਾਲਜ ’ਚ ਵਿਦਿਆਰਥਣ ਨਾਲ ਸਮੂਹਿਕ ਜਬਰ-ਜ਼ਿਨਾਹ, 3 ਨੌਜਵਾਨਾਂ ਨੇ ਬਣਾਇਆ ਹਵਸ ਦਾ ਸ਼ਿਕਾਰ

ਸੋਹਣ ਲਾਲ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਹ ਟਿਕਟ ਬੁੱਕ ਕਰਵਾਉਣ ਲਈ ਪਿਛਲੇ 2 ਦਿਨਾਂ ਤੋਂ ਲਗਾਤਾਰ ਆ ਰਿਹਾ ਸੀ ਪਰ ਉਸ ਦੇ ਫਾਰਮ ’ਤੇ ਨੰਬਰ ਨਹੀਂ ਲੱਗਾ ਤੇ ਉਹ ਨਿਰਾਸ਼ ਹੋ ਕੇ ਵਾਪਸ ਪਰਤਦਾ ਰਿਹਾ। ਅਖੀਰ ਉਹ ਦੂਜੇ ਸਟੇਸ਼ਨ ’ਤੇ ਗਿਆ ਤੇ ਤੁਰੰਤ ਬੁਕਿੰਗ ਕਰਵਾ ਲਈ। ਇਸੇ ਤਰ੍ਹਾਂ ਰੋਜ਼ਾਨਾ ਸੈਟਿੰਗ ਕਰਕੇ ਜੀ. ਆਰ. ਪੀ. ਮੁਲਾਜ਼ਮ ਤੇ ਏਜੰਟ ਆਪਣੀਆਂ ਜੇਬਾਂ ਭਰ ਰਹੇ ਹਨ ਤੇ ਆਮ ਲੋਕਾਂ ਲਈ ਤੁਰੰਤ ਬੁਕਿੰਗ ਕਰਵਾਉਣੀ ਔਖੀ ਹੋ ਗਈ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਜੀ. ਆਰ. ਪੀ. ਕਰਮਚਾਰੀ ਰਾਤ ਨੂੰ ਸਾਰੀ ਸੈਟਿੰਗ ਕਰ ਦਿੰਦੇ ਹਨ। ਸਵੇਰੇ ਕਿਸੇ ਨੂੰ ਵੀ ਅੱਗੇ ਨਹੀਂ ਆਉਣ ਦਿੱਤਾ ਜਾਂਦਾ। ਪਹਿਲਾ ਤੇ ਦੂਜਾ ਫਾਰਮ ਨਿਕਲਣ ਤੋਂ ਬਾਅਦ ਵੇਟਿੰਗ ਸ਼ੁਰੂ ਹੋ ਜਾਂਦੀ ਹੈ। ਏਜੰਟ ਆਪਣਾ ਕੰਮ ਕਰਵਾ ਕੇ ਮੋਟਾ ਮੁਨਾਫ਼ਾ ਕਮਾਉਂਦੇ ਹਨ ਪਰ ਪਿੱਛੇ ਖੜ੍ਹੇ ਲੋਕਾਂ ਨੂੰ ਖਾਲੀ ਹੱਥ ਪਰਤਣਾ ਪੈਂਦਾ ਹੈ।

ਚੈਕਿੰਗ ਨਾ ਹੋਣ ਕਾਰਨ ਏਜੰਟਾਂ ਦੇ ਹੌਸਲੇ ਹੋ ਰਹੇ ਬੁਲੰਦ
ਦੂਜੇ ਪਾਸੇ ਇਸ ਫਰਜ਼ੀਵਾੜੇ ਨੂੰ ਰੋਕਣ ਲਈ ਵਪਾਰਕ ਵਿਭਾਗ ਦੇ ਅਧਿਕਾਰੀਆਂ ਤੇ ਵਿਜੀਲੈਂਸ ਵਲੋਂ ਨਿਯਮਾਂ ਅਨੁਸਾਰ ਸਮੇਂ-ਸਮੇਂ ’ਤੇ ਚੈਕਿੰਗ ਕੀਤੀ ਜਾਣੀ ਚਾਹੀਦੀ ਹੈ। ਆਰ. ਪੀ. ਐੱਫ. ਵਲੋਂ ਵੀਡੀਓਗ੍ਰਾਫੀ ਵੀ ਕਰਵਾਈ ਜਾਵੇ ਤਾਂ ਜੋ ਏਜੰਟਾਂ ਦੀ ਧੱਕੇਸ਼ਾਹੀ ਨੂੰ ਰੋਕਿਆ ਜਾ ਸਕੇ ਪਰ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਕਿਸੇ ਵੀ ਤਰ੍ਹਾਂ ਦੀ ਚੈਕਿੰਗ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਏਜੰਟਾਂ ਦਾ ਮਨੋਬਲ ਉੱਚਾ ਹੋ ਰਿਹਾ ਹੈ ਤੇ ਲੋਕ ਪ੍ਰੇਸ਼ਾਨ ਹੋ ਰਹੇ ਹਨ।

PunjabKesari

ਫਰਜ਼ੀ ਪਰਚੀਆਂ ’ਤੇ ਨਾਂ ਲਿਖ ਕੇ ਲੋਕਾਂ ਨੂੰ ਬਣਾ ਰਹੇ ਮੂਰਖ
ਤਤਕਾਲ ਬੁਕਿੰਗ ਨਾ ਹੋਣ ਕਾਰਨ ਨਿਰਾਸ਼ ਹੋਏ ਯਾਤਰੀਆਂ ਨੇ ਦੱਸਿਆ ਕਿ ਜੀ. ਆਰ. ਪੀ. ਮੁਲਾਜ਼ਮਾਂ ਤੇ ਏਜੰਟਾਂ ਦੀ ਮਿਲੀਭੁਗਤ ਨਾਲ ਰਿਜ਼ਰਵੇਸ਼ਨ ਸੈਂਟਰ ਦੇ ਬਾਹਰ ਜਾਅਲੀ ਪਰਚੀ ਲਾ ਦਿੱਤੀ ਜਾਂਦੀ ਹੈ, ਜਿਸ ’ਤੇ ਕੁਝ ਨਾਂ ਲਿਖੇ ਹੁੰਦੇ ਹਨ। ਸਵੇਰੇ ਤਤਕਾਲ ਬੁਕਿੰਗ ਲਈ ਆਉਣ ਵਾਲੇ ਯਾਤਰੀਆਂ ਨੂੰ ਸਲਿੱਪ ਦਿਖਾ ਕੇ ਮੂਰਖ ਬਣਾਇਆ ਜਾਂਦਾ ਹੈ ਕਿ ਉਨ੍ਹਾਂ ਪਹਿਲਾਂ ਆ ਕੇ ਆਪਣਾ ਨੰਬਰ ਲਾ ਲਿਆ ਸੀ, ਜਦਕਿ ਰੇਲਵੇ ਐਕਟ ’ਚ ਅਜਿਹੀਆਂ ਸਲਿੱਪਾਂ ਲਾਉਣ ਦਾ ਕੋਈ ਨਿਯਮ ਨਹੀਂ ਹੈ, ਜੋ ਵਿਅਕਤੀ ਖ਼ੁਦ ਉਥੇ ਮੌਜੂਦ ਹੋਵੇਗਾ ਰਿਜ਼ਰਵੇਸ਼ਨ ਸੁਪਰਵਾਈਜ਼ਰ ਉਸੇ ਦੇ ਫਾਰਮ ’ਤੇ ਨੰਬਰ ਪਾ ਲਾਵੇਗਾ ਪਰ ਇਥੇ ਗਰੀਬ ਤੇ ਭੋਲੇ ਭਾਲੇ ਲੋਕਾਂ ਨੂੰ ਜਾਅਲੀ ਪਰਚੀਆਂ ਲਾ ਕੇ ਮੂਰਖ ਬਣਾਇਆ ਜਾ ਰਿਹਾ ਹੈ।

ਲੰਬੇ ਸਮੇਂ ਤੋਂ ਇਕ ਹੀ ਮੁਲਾਜ਼ਮ ਸਰਗਰਮ, ਜੀ. ਆਰ. ਪੀ. ਦੀ ਭੂਮਿਕਾ ’ਤੇ ਉੱਠ ਰਹੇ ਸਵਾਲ
ਉਥੇ ਹੀ ਥਾਣਾ ਜੀ. ਆਰ. ਪੀ. ਵਲੋਂ ਸਿਟੀ ਰੇਲਵੇ ਸਟੇਸ਼ਨ ਦੇ ਮੇਨ ਗੇਟ ਕੋਲ ਸਾਂਵਲੇ ਰੰਗ ਦਾ ਇਕ ਪੁਲਸ ਮੁਲਾਜ਼ਮ ਤਾਇਨਾਤ ਕੀਤਾ ਗਿਆ ਹੈ, ਜੋ ਪਿਛਲੇ ਕਾਫ਼ੀ ਸਮੇਂ ਤੋਂ ਉਥੇ ਸਰਗਰਮ ਹੈ। ਉਸ ਦਾ ਧਿਆਨ ਸੁਰੱਖਿਆ ਵੱਲ ਘੱਟ ਤੇ ਟਿਕਟਾਂ ਦੀ ਬੁਕਿੰਗ ਵੱਲ ਜ਼ਿਆਦਾ ਹੁੰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇੰਨੇ ਸਾਲਾਂ ਤੋਂ ਇਕ ਹੀ ਮੁਲਾਜ਼ਮ ਇਕੋ ਥਾਂ ’ਤੇ ਤਾਇਨਾਤ ਹੈ। ਉਸ ਦੀ ਡਿਊਟੀ ਕਿਸੇ ਹੋਰ ਥਾਂ ’ਤੇ ਕਿਉਂ ਨਹੀਂ ਲਾਈ ਜਾਂਦੀ? ਇਸ ਮਾਮਲੇ ’ਚ ਜੀ. ਆਰ. ਪੀ. ਅਧਿਕਾਰੀਆਂ ਦੀ ਭੂਮਿਕਾ ’ਤੇ ਵੀ ਸਵਾਲ ਉੱਠ ਰਹੇ ਹਨ। ਆਰ. ਟੀ. ਆਈ. ਐਕਟੀਵਿਟੀਜ਼ ਰਾਜੀਵ ਸ਼ਰਮਾ ਨੇ ਕਿਹਾ ਕਿ ਉਹ ਇਸ ਸਬੰਧੀ ਜੀ. ਆਰ. ਪੀ. ਪਟਿਆਲਾ ਕੋਲ ਪਹੁੰਚ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News