ਸੰਗਰੂਰ ਦੇ ਲੋਕਾਂ ਨੂੰ ਬਿਹਤਰ ਸਿਹਤ ਤੇ ਹੋਰ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ: ਸਿੰਗਲਾ

Tuesday, Oct 13, 2020 - 08:36 PM (IST)

ਸੰਗਰੂਰ, (ਦਲਜੀਤ ਸਿੰਘ ਬੇਦੀ) - ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਸੋਮਵਾਰ ਨੂੰ ਹੋਮੀ ਭਾਭਾ ਕੈਂਸਰ ਹਸਪਤਾਲ ਸੰਗਰੂਰ ਵੱਲੋਂ ਸ਼ੁਰੂ ਕੀਤੀ ਗਈ ਛਾਤੀ ਦੇ ਕੈਂਸਰ ਵਿਰੁੱਧ ਜਾਗਰੂਕਤਾ ਅਤੇ ਜਾਂਚ ਮੁਹਿੰਮ ਦਾ ਰਸਮੀਂ ਤੌਰ ’ਤੇ ਆਗ਼ਾਜ਼ ਕਰਵਾਇਆ। ਇਸ ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਅੱਜ ਤੋਂ ਹੀ ਸ਼ੁਰੂ ਕੀਤਾ ਗਿਆ ਹੈ ਜਦਕਿ ਮਰੀਜਾਂ ਦੀ ਮੁਫਤ ਜਾਂਚ 16 ਅਕਤੂਬਰ ਤੋਂ 30 ਅਕਤੂਬਰ ਤੱਕ ਕੀਤੀ ਜਾਵੇਗੀ। ਹੁਣ ਤੱਕ ਹੋਮੀ ਭਾਭਾ ਕੈਂਸਰ ਹਸਪਤਾਲ ਵਿਚ 16,000 ਮਰੀਜ਼ ਰਜਿਸਟਰ ਹੋਏ ਹਨ, ਜਿਨਾਂ ਵਿਚੋਂ 2,842 ਛਾਤੀ ਦੇ ਕੈਂਸਰ ਨਾਲ ਹੀ ਪੀੜਤ ਸਨ। ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਸਿੰਗਲਾ ਨੇ ਹਸਪਤਾਲ ’ਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨਾਲ ਇੱਥੇ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਦੀ ਸਮੀਖਿਆ ਅਤੇ ਜਾਂਚ ਲਈ ਗੱਲਬਾਤ ਵੀ ਕੀਤੀ।

ਇਸ ਤੋਂ ਪਹਿਲਾਂ ਹਸਪਤਾਲ ਦੇ ਆਡੀਟੋਰੀਅਮ ’ਚ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਛਾਤੀ ਦਾ ਕੈਂਸਰ ਦੁਨੀਆ ਵਿਚ ਕੈਂਸਰ ਦਾ ਦੂਜਾ ਸਭ ਤੋਂ ਆਮ ਰੂਪ ਹੈ ਅਤੇ ਇਸ ਬਿਮਾਰੀ ਦਾ ਜਲਦੀ ਪਤਾ ਲਗਾਉਣਾ ਔਰਤਾਂ ਦੀਆਂ ਕੀਮਤੀ ਜਾਨਾਂ ਬਚਾਉਣ ਵਿਚ ਮਦਦ ਕਰ ਸਕਦਾ ਹੈ। ਉਨਾਂ ਅੱਗੇ ਕਿਹਾ ਕਿ ਟਾਟਾ ਮੈਮੋਰੀਅਲ ਸੈਂਟਰ ਦਾ ਇਹ ਯੂਨਿਟ ਇਲਾਕੇ ਦੇ ਮਰੀਜ਼ਾਂ ਨੂੰ ਨਿਰੰਤਰ ਚੰਗੀਆਂ ਅਤੇ ਕਿਫ਼ਾਇਤੀ ਸਿਹਤ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਉਨਾਂ ਕਿਹਾ ਕਿ ਇੱਥੇ ਛਾਤੀ ਦੇ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਡਾਇਗਨੋਸਟਿਕ, ਮੈਡੀਕਲ, ਸਰਜੀਕਲ ਅਤੇ ਰੇਡੀਏਸ਼ਨ ਆਦਿ ਵਰਗੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ। ਉਨਾਂ ਹਸਪਤਾਲ ਦੇ ਡਾਕਟਰੀ ਅਮਲੇ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਦੌਰਾਨ ਔਰਤਾਂ ਨੂੰ ਆਪਣੇ-ਆਪ ਨੂੰ ਛਾਤੀ ਦੇ ਕੈਂਸਰ ਲਈ ਆਪਣੇ ਸਰੀਰ ਦੀ ਜਾਂਚ ਕਰਨ ਬਾਰੇ ਮੁੱਢਲੀ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਜਾਵੇ ਤਾਂ ਜੋ ਉਹ ਜੀਵਨ ਭਰ ਇਸ ਅਲਾਮਤ ਪ੍ਰਤੀ ਸੁਚੇਤ ਰਹਿਣ।

ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਕੈਂਸਰ ਹਸਪਤਾਲ ਸੰਗਰੂਰ ਵਿਖੇ 90 ਫ਼ੀਸਦੀ ਤੋਂ ਵੱਧ ਮਰੀਜ਼ਾਂ ਦਾ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ ਅਤੇ ਇਸੇ ਲੜੀ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਸ ਹਸਪਤਾਲ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 5 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਇਲਾਜ ਲਈ ਸਕੀਮ ਨਾਲ ਜੋੜਿਆ ਗਿਆ ਹੈ। ਉਨਾਂ ਕਿਹਾ ਕਿ ਉਹ ਅਤੇ ਉਨਾਂ ਦੀ ਸਰਕਾਰ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਘਾਬਦਾਂ ਵਿਖੇ ਪੀਜੀਆਈ ਦਾ ਸੈਟੇਲਾਈਟ ਸੈਂਟਰ ਅਤੇ ਟਾਟਾ ਮੈਮੋਰੀਅਲ ਸੈਂਟਰ ਦੀ ਇਹ ਇਕਾਈ, ਦੋਵੇਂ ਇਸ ਵਚਨਬੱਧਤਾ ਦੀ ਸੰਪੂਰਨ ਉਦਾਹਰਨ ਹਨ।

ਇਸ ਸਮਾਗਮ ਦੌਰਾਨ, ਕੈਂਸਰ ਹਸਪਤਾਲ ਦੇ ਮਾਹਿਰਾਂ ਨੇ ਦੱਸਿਆ ਕਿ ਦੁਨੀਆ ਵਿਚ ਛਾਤੀ ਦੇ ਕੈਂਸਰ ਦੀ ਮਾਮਲਾ ਦਰ 46.3 ਪ੍ਰਤੀ ਲੱਖ ਆਬਾਦੀ ਹੈ ਅਤੇ ਭਾਰਤ ਵਿੱਚ ਇਸ ਦੀ ਦਰ 24.7 ਪ੍ਰਤੀ ਲੱਖ ਆਬਾਦੀ ਹੈ, ਜਦਕਿ ਪੰਜਾਬ ਰਾਜ ’ਚ ਛਾਤੀ ਦੇ ਕੈਂਸਰ ਦੀ ਦਰ 20.6 ਪ੍ਰਤੀ ਲੱਖ ਆਬਾਦੀ ਹੈ ਪਰ ਸੰਗਰੂਰ ਜ਼ਿਲੇ ਵਿਚ ਇਹ 16.7 ਹੈ।

ਜ਼ਿਕਰਯੋਗ ਹੈ ਕਿ ਛਾਤੀ ਦੇ ਕੈਂਸਰ ਦਾ ਛੇਤੀ ਪਤਾ ਲਗਾਉਣ, ਰੋਕਥਾਮ ਅਤੇ ਉਪਲਬਧ ਇਲਾਜ ਬਾਰੇ ਜਾਗਰੁਕਤਾ ਵਧਾਉਣ ਲਈ ਅਕਤੂਬਰ ਮਹੀਨੇ ਨੂੰ ਵਿਸ਼ਵ ਭਰ ਵਿਚ ਛਾਤੀ ਦੇ ਕੈਂਸਰ ਪ੍ਰਤੀ ਜਾਗਰੂਕਤਾ ਮਹੀਨਾ ਵਜੋਂ ਮਨਾਇਆ ਜਾਂਦਾ ਹੈ। ਹੋਮੀ ਭਾਭਾ ਕੈਂਸਰ ਹਸਪਤਾਲ ਸੰਗਰੂਰ ਨੇ 2019 ਤੋਂ ਇੱਕ ਈ.ਡੀ.ਪੀ. (ਅਰਲੀ ਡਿਟੈਕਸਨ ਪ੍ਰੋਗਰਾਮ) ਵੀ ਚਲਾਇਆ ਹੈ ਅਤੇ ਇਸ ਤਹਿਤ 37 ਪੇਂਡੂ ਇਲਾਕਿਆਂ ਅਤੇ 17 ਸ਼ਹਿਰੀ ਇਲਾਕਿਆਂ ਦੀ ਤਕਰੀਬਨ 86,000 ਆਬਾਦੀ ਨੂੰ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਇਸ ਮੌਕੇ ਡਾਇਰੈਕਟਰ ਕੈਂਸਰ ਹਸਪਤਾਲ ਸੰਗਰੂਰ ਡਾ. ਰਾਕੇਸ਼ ਕਪੂਰ, ਰੇਡੀਓ-ਡਾਇਗੋਨਿਸ ਵਿਭਾਗ ਦੇ ਹੈੱਡ ਡਾ. ਰਹਿਤਦੀਪ ਬਰਾੜ, ਸਹਾਇਕ ਮੈਡੀਕਲ ਸੁਪਰਡੈਂਟ ਡਾ: ਨਿਤਿਨ ਮਰਾਠੀ ਅਤੇ ਹੋਰ ਪਤਵੰਤੇ ਸੱਜਣ ਤੇ ਹਸਪਤਾਲ ਦਾ ਮੈਡੀਕਲ ਸਟਾਫ਼ ਮੌਜੂਦ ਸੀ।


Bharat Thapa

Content Editor

Related News