ਕਮਿਸ਼ਨਰੇਟ ਪੁਲਸ ਨੇ ਅੰਤਰਰਾਜੀ ਨਸ਼ਾ ਤਸਕਰ ਗਿਰੋਹ ਦਾ ਕੀਤਾ ਪਰਦਾਫਾਸ਼, 1 ਕੁਇੰਟਲ ਭੁੱਕੀ ਬਰਾਮਦ
Thursday, Nov 11, 2021 - 10:31 PM (IST)
ਲੁਧਿਆਣਾ - ਨਸ਼ਾ ਤਸਕਰਾਂ ਵਿਰੁੱਧ ਇੱਕ ਹੋਰ ਵੱਡੀ ਕਾਰਵਾਈ ਕਰਦਿਆਂ ਕਮਿਸ਼ਨਰੇਟ ਪੁਲਸ ਵੱਲੋਂ ਅੱਜ ਇੱਕ ਅੰਤਰਰਾਜੀ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ਼ ਕਰਕੇ ਪੰਜਾਬ ਵਿੱਚ ਨਸ਼ਾ ਵੇਚਣ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਵੱਖ-ਵੱਖ ਘਟਨਾਵਾਂ ਵਿੱਚ ਦੋ ਟਰੱਕਾਂ ਵਿੱਚੋਂ ਇੱਕ ਕੁਇੰਟਲ ਭੁੱਕੀ ਵੀ ਬਰਾਮਦ ਕੀਤੀ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਅਮਨਜੋਤ ਸਿੰਘ (25) ਵਾਸੀ ਦੇਹਾੜਕਾ, ਜਗਰਾਉਂ, ਰਵਿੰਦਰ ਸਿੰਘ (19) ਪਿੰਡ ਕਪੂਰੇ ਅਤੇ ਮਨਦੀਪ ਸਿੰਘ (38) ਵਾਸੀ ਪਿੰਡ ਜਲਾਲਾਬਾਦ, ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਅਮਨਜੋਤ ਸਿਵਲ ਇੰਜੀਨੀਅਰਿੰਗ ਡਿਪਲੋਮਾ ਹੋਲਡਰ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਸ ਨੇ ਇੱਕ ਇਤਲਾਹ ਦੇ ਆਧਾਰ 'ਤੇ ਬਿਲਗਾ ਰੋਡ 'ਤੇ ਜਾਲ ਵਿਛਾਉਂਦਿਆਂ ਸੀ.ਆਈ.ਏ. ਸਟਾਫ-1 ਦੀ ਟੀਮ ਨੇ ਰਜਿਸਟ੍ਰੇਸ਼ਨ ਨੰਬਰ (ਪੀ.ਬੀ.03-ਬੀ.ਐੱਫ.-9151) ਵਾਲੇ ਅਸ਼ੋਕ ਲੇਲੈਂਡ ਟਰੱਕ ਨੂੰ ਰੋਕਿਆ ਅਤੇ ਰਵਿੰਦਰ ਸਿੰਘ ਅਤੇ ਮਨਦੀਪ ਸਿੰਘ ਨੂੰ ਟੂਲ ਬਾਕਸ ਵਿੱਚ ਛੁਪਾ ਕੇ ਰੱਖੀ 40 ਕਿਲੋ ਭੁੱਕੀ ਬਰਾਮਦ ਕਰਕੇ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖ਼ਿਲਾਫ਼ ਥਾਣਾ ਸਾਹਨੇਵਾਲ ਵਿੱਚ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 15, 25, 29, 61 ਅਤੇ 85 ਤਹਿਤ ਕੇਸ ਦਰਜ਼ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਕੰਗਨਾ ਦਾ ਬਿਆਨ 'ਦੇਸ਼ਧ੍ਰੋਹ', ਪਦਮਸ਼੍ਰੀ ਵਾਪਸ ਲਿਆ ਜਾਵੇ: ਕਾਂਗਰਸ
ਉਨ੍ਹਾਂ ਅੱਗੇ ਦੱਸਿਆ ਕਿ ਸੀ.ਆਈ.ਏ. ਸਟਾਫ਼-1 ਦੀ ਦੂਜੀ ਪਾਰਟੀ ਨੇ ਅਮਨਜੋਤ ਸਿੰਘ ਵੱਲੋਂ ਚਲਾਏ ਜਾ ਰਹੇ ਰਜਿਸਟ੍ਰੇਸ਼ਨ ਨੰਬਰ (ਪੀ.ਬੀ.-10ਡੀ.ਐੱਸ.-1792) ਵਾਲੇ ਟਰੱਕ ਨੂੰ ਰੋਕਿਆ। ਟੀਮ ਨੇ ਟਰੱਕ ਦੇ ਟੂਲ ਬਾਕਸ ਵਿੱਚ ਛੁਪਾ ਕੇ ਰੱਖੀ 60 ਕਿਲੋ ਭੁੱਕੀ ਬ੍ਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖ਼ਿਲਾਫ਼ ਥਾਣਾ ਸਾਹਨੇਵਾਲ ਵਿੱਚ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 15, 25, 61 ਅਤੇ 85 ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਮਨਜੋਤ ਇਸ ਟਰੱਕ ਦਾ ਮਾਲਕ ਵੀ ਹੈ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਮਨਦੀਪ ਸਿੰਘ ਪਿਛਲੇ 15 ਸਾਲਾਂ ਤੋਂ ਡਰਾਈਵਿੰਗ ਦਾ ਧੰਦਾ ਕਰ ਰਿਹਾ ਹੈ ਅਤੇ ਉਸਨੇ ਤਿੰਨ ਸਾਲ ਪਹਿਲਾਂ ਅਸ਼ੋਕ ਲੇਲੈਂਡ ਟਰੱਕ ਖਰੀਦਿਆ ਸੀ ਅਤੇ ਰਵਿੰਦਰ ਸਿੰਘ ਉਸ ਦਾ ਚਚੇਰਾ ਭਰਾ ਹੈ। ਉਨ੍ਹਾ ਦੱਸਿਆ ਕਿ ਮਨਦੀਪ ਅਤੇ ਅਮਨਜੋਤ ਝਾਰਖੰਡ ਸੂਬੇ ਤੋਂ ਰੂਟੀਨ ਵਿੱਚ ਭੁੱਕੀ ਲਿਆਉਂਦੇ ਸਨ। ਉਹ ਝਾਰਖੰਡ ਤੋਂ 2200 ਰੁਪਏ ਪ੍ਰਤੀ ਕਿਲੋਗ੍ਰਾਮ ਲਿਆ ਕੇ ਇੱਥੇ 4500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਨਸ਼ਾ ਵੇਚ ਰਹੇ ਸਨ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਤਿੰਨਾਂ ਨੂੰ ਪੁਲਸ ਰਿਮਾਂਡ 'ਤੇ ਲਿਆ ਜਾਵੇਗਾ ਅਤੇ ਇਸ ਰੈਕੇਟ ਵਿੱਚ ਸ਼ਾਮਲ ਵਿਅਕਤੀਆਂ ਬਾਰੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।