ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖ਼ਲ ਪਿੱਛੋਂ ਨਹਿਰੀ ਪਟਵਾਰੀ ਡਿਊਟੀ ’ਤੇ ਬਹਾਲ

Wednesday, Aug 25, 2021 - 06:05 PM (IST)

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖ਼ਲ ਪਿੱਛੋਂ ਨਹਿਰੀ ਪਟਵਾਰੀ ਡਿਊਟੀ ’ਤੇ ਬਹਾਲ

ਚੰਡੀਗੜ੍ਹ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਸਮੇਂ ਸਿਰ ਦਖ਼ਲ ਸਦਕਾ ਲੰਮੇ ਸਮੇਂ ਤੋਂ ਖੱਜਲ-ਖੁਆਰ ਹੋ ਰਹੀ ਫ਼ਰੀਦਕੋਟ ਨਹਿਰੀ ਮੰਡਲ ਅਧੀਨ ਕੰਮ ਕਰਦੀ ਨਹਿਰੀ ਪਟਵਾਰੀ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਨੌਕਰੀ ’ਤੇ ਬਹਾਲ ਕਰਵਾਇਆ ਗਿਆ। ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਕਮਲੇਸ਼ ਕਾਂਤਾ, ਨਹਿਰੀ ਪਟਵਾਰੀ ਵਾਸੀ ਫ਼ਰੀਦਕੋਟ ਵੱਲੋਂ 22 ਜੁਲਾਈ, 2021 ਨੂੰ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਫ਼ਰੀਦਕੋਟ ਨਹਿਰੀ ਮੰਡਲ ਵਿਖੇ ਬਤੌਰ ਰਿਕਾਰਡ ਕੀਪਰ ਕੰਮ ਕਰ ਰਹੀ ਸੀ। ਉਸ ਨੂੰ ਐੱਫ.ਆਈ.ਆਰ. ਦਰਜ ਕਰਵਾ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਪੁਲਸ ਪੜਤਾਲ ਦੌਰਾਨ ਉਹ ਬੇਗੁਨਾਹ ਅਤੇ ਬੇਕਸੂਰ ਸਾਬਤ ਹੋਈ ਪਰ ਇਸ ਦੇ ਬਾਵਜੂਦ ਉਸ ਨੂੰ ਨੌਕਰੀ ’ਤੇ ਜੁਆਇਨ ਨਹੀਂ ਕਰਵਾਇਆ ਜਾ ਰਿਹਾ। ਚੇਅਰਪਰਸਨ ਨੇ ਦੱਸਿਆ ਕਿ ਇਸ ਮਾਮਲੇ ’ਤੇ ਤੁੰਰਤ ਕਾਰਵਾਈ ਕਰਦਿਆਂ ਵਿਭਾਗ ਤੋਂ 10 ਦਿਨਾਂ ਦੇ ਅੰਦਰ ਰਿਪੋਰਟ ਮੰਗੀ ਸੀ।

ਤੇਜਿੰਦਰ ਕੌਰ ਮੁਤਾਬਕ ਕਮਿਸ਼ਨ ਵੱਲੋਂ ਸ਼ਿਕਾਇਤ ਦੇ ਆਧਾਰ ’ਤੇ ਮੁੱਖ ਇੰਜੀਨੀਅਰ ਨਹਿਰਾਂ-1, ਜਲ ਸਰੋਤ ਵਿਭਾਗ, ਪੰਜਾਬ ਨੂੰ ਪੱਤਰ ਲਿਖ ਕੇ ਕਿਹਾ ਗਿਆ ਸੀ ਕਿ ਜਦੋਂ ਅਨੁਸੂਚਿਤ ਜਾਤੀ ਦੇ ਕਰਮਚਾਰੀ ਨੂੰ ਕਿਸੇ ਅਜਿਹੇ ਕੇਸ ਵਿੱਚ ਗ਼ਲਤ ਢੰਗ ਨਾਲ ਫਸਾਇਆ ਜਾਂਦਾ ਹੈ, ਜਿਸ ਵਿਚ ਉਸ ਨੂੰ ਸਜ਼ਾ ਹੋ ਸਕਦੀ ਹੋਵੇ ਤਾਂ ਗ਼ਲਤ ਤਰੀਕੇ ਨਾਲ ਫਸਾਉਣ ਵਾਲੇ ਵਿਅਕਤੀ ’ਤੇ ਐੱਸ.ਸੀ/ਐੱਸ.ਟੀ. ਐਕਟ ਲਾਗੂ ਹੋ ਸਕਦਾ ਹੈ। ਇਸ ਤਰ੍ਹਾਂ ਵਿਭਾਗ ਵੱਲੋਂ ਕੇਸ ਨੂੰ ਜਾਣ-ਬੁਝ ਕੇ ਲਮਕਾਉਣ ਵਾਲੇ ਅਫ਼ਸਰ ਵਿਰੁੱਧ ਵੀ ਐੱਸ.ਸੀ/ਐੱਸ.ਟੀ. ਐਕਟ ਅਧੀਨ ਡਿਊਟੀ ਵਿਚ ਲਾਪਰਵਾਹੀ ਦਾ ਦੋਸ਼ ਲਗਾਇਆ ਜਾ ਸਕਦਾ ਹੈ। ਇਸ ਲਈ ਮਾਮਲੇ ਨੂੰ ਉਕਤ ਦੀ ਰੌਸ਼ਨੀ ਵਿਚ ਵਿਚਾਰਿਆ ਜਾਵੇ। ਜੇਕਰ ਕੋਈ ਕਾਨੂੰਨੀ ਰਾਏ ਜ਼ਰੂਰੀ ਹੋਵੇ ਤਾਂ ਉਹ ਵੀ ਵਿਸ਼ੇਸ਼ ਅਧਿਕਾਰੀ ਰਾਹੀਂ ਦਸਤੀ ਮੰਗਵਾਈ ਜਾਵੇ ਕਿਉਂਕਿ ਮਾਮਲੇ ਵਿਚ ਪਹਿਲਾਂ ਹੀ ਬੇਲੋੜੀ ਦੇਰੀ ਹੋ ਚੁੱਕੀ ਹੈ।

ਕਮਿਸ਼ਨ ਵੱਲੋਂ ਇਸ ਕੇਸ ਵਿਚ ਯੋਗ ਕਾਰਵਾਈ ਕਰਨ ਉਪਰੰਤ ਮੁਕੰਮਲ ਰਿਪੋਰਟ 25 ਅਗਸਤ ਤੋਂ ਪਹਿਲਾਂ-ਪਹਿਲਾਂ ਗਜਟਿਡ ਅਧਿਕਾਰੀ ਰਾਹੀਂ ਨਿੱਜੀ ਪੱਧਰ ’ਤੇ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਸਨ। ਚੇਅਰਪਰਸਨ ਨੇ ਦੱਸਿਆ ਕਿ ਕਾਰਜਕਾਰੀ ਇੰਜੀਨੀਅਰ, ਫ਼ਰੀਦਕੋਟ ਨਹਿਰੀ ਮੰਡਲ ਵੱਲੋਂ ਪ੍ਰਾਪਤ ਪੱਤਰ ਵਿਚ ਦੱਸਿਆ ਗਿਆ ਕਿ ਇਸ ਮਾਮਲੇ ਵਿਚ ਦਫ਼ਤਰ ਐੱਸ.ਐੱਸ.ਪੀ. ਫ਼ਰੀਦਕੋਟ ਤੋਂ ਸ਼ਿਕਾਇਤਕਰਤਾ ਦੇ ਮਾਮਲੇ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਲਈ ਜਿਸ ਵਿਚ ਨਹਿਰੀ ਪਟਵਾਰੀ ਨੂੰ ਬੇਗੁਨਾਹ ਅਤੇ ਬੇਕਸੂਰ ਪਾਇਆ ਗਿਆ। ਕਾਰਜਕਾਰੀ ਇੰਜੀਨੀਅਰ ਨੇ ਲਿਖਿਆ ਹੈ ਕਿ ਨਹਿਰੀ ਪਟਵਾਰੀ ਕਮਲੇਸ਼ ਕਾਂਤਾ ਨੂੰ 20 ਅਗਸਤ, 2021 ਨੂੰ ਦਫ਼ਤਰ ਵਿਖੇ ਡਿਊਟੀ 'ਤੇ ਜੁਆਇਨ ਕਰਵਾ ਲਿਆ ਗਿਆ।


author

Gurminder Singh

Content Editor

Related News