ਅੰਮ੍ਰਿਤਸਰ ਜ਼ਿਲ੍ਹੇ ’ਚ ਮਿਲਾਵਟਖ਼ੋਰਾਂ ’ਤੇ ਕਾਰਵਾਈ, 25 ਦਿਨਾਂ ’ਚ 105 ਸੈਂਪਲ ਜਾਂਚ ਲਈ ਭੇਜੇ
Sunday, Aug 09, 2026 - 05:31 PM (IST)
ਅੰਮ੍ਰਿਤਸਰ(ਦਲਜੀਤ)- ਜ਼ਿਲ੍ਹੇ ’ਚ ਮਿਲਾਵਟਖ਼ੋਰੀ ਖ਼ਿਲਾਫ਼ ਸਿਹਤ ਵਿਭਾਗ ਨੇ ਸਖ਼ਤ ਰੁਖ ਅਪਣਾਉਂਦਿਆਂ ਤੇਜ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਨਵ-ਨਿਯੁਕਤ ਜ਼ਿਲਾ ਸਿਹਤ ਅਧਿਕਾਰੀ ਡਾ. ਮਨਜੀਤ ਸਿੰਘ ਰਟੌਲ ਦੀ ਅਗਵਾਈ ਹੇਠ 25 ਦਿਨਾਂ ਦੇ ਅੰਦਰ 105 ਖਾਧ ਸੈਂਪਲ ਭਰ ਕੇ ਜਾਂਚ ਲਈ ਭੇਜੇ ਗਏ ਹਨ। ਵਿਭਾਗ ਦੀ ਇਸ ਕਾਰਵਾਈ ਨਾਲ ਮਿਲਾਵਟਖ਼ੋਰਾਂ ’ਚ ਹੜਕੰਪ ਮਚ ਗਿਆ ਹੈ। ਜਾਣਕਾਰੀ ਅਨੁਸਾਰ ਡਾ. ਮਨਜੀਤ ਸਿੰਘ ਰਟੌਲ ਨੂੰ ਫ਼ੂਡ ਸੇਫ਼ਟੀ ਦੀ ਜ਼ਿੰਮੇਵਾਰੀ ਸੰਭਾਲਿਆਂ ਅਜੇ ਲੱਗਭਗ 25 ਦਿਨ ਹੀ ਹੋਏ ਹਨ। ਇੰਨੇ ਘੱਟ ਸਮੇਂ ’ਚ ਹੀ ਉਨ੍ਹਾਂ ਨੇ ਆਪਣੀ ਟੀਮ ਨਾਲ ਮਿਲ ਕੇ ਸ਼ਹਿਰ ਅਤੇ ਦਿਹਾਤੀ ਖੇਤਰਾਂ ’ਚ ਲਗਾਤਾਰ ਛਾਪੇਮਾਰੀ ਕਰਕੇ ਸੈਂਪਲਿੰਗ ਮੁਹਿੰਮ ਤੇਜ਼ ਕਰ ਦਿੱਤੀ ਹੈ। ਦੁੱਧ, ਮਠਿਆਈ, ਮਸਾਲੇ, ਤੇਲ ਸਮੇਤ ਵੱਖ-ਵੱਖ ਖਾਧ ਪਦਾਰਥਾਂ ਦੇ ਸੈਂਪਲ ਲਏ ਜਾ ਰਹੇ ਹਨ।
ਇਹ ਵੀ ਪੜ੍ਹੋ-ਪੰਜਾਬ: ਏਅਰਪੋਰਟ ਰੋਡ 'ਤੇ ਚੱਲਦੀ ਥਾਰ 'ਚ ਨੌਜਵਾਨ ਨੇ ਕੀਤਾ ਖ਼ਤਰਨਾਕ ਸਟੰਟ ! ਹੁਣ ਭਾਲ 'ਚ ਜੁਟੀ ਪੁਲਸ
ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸਾਰੇ ਸੈਂਪਲ ਸਰਕਾਰੀ ਲੈਬਾਰਟਰੀ ਖਰੜ ਭੇਜੇ ਗਏ ਹਨ। ਇਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਜਿਨ੍ਹਾਂ ਸੈਂਪਲਾਂ ’ਚ ਖਾਮੀਆਂ ਪਾਈਆਂ ਜਾਣਗੀਆਂ, ਉਨ੍ਹਾਂ ਖ਼ਿਲਾਫ਼ ਫ਼ੂਡ ਸੇਫ਼ਟੀ ਐਕਟ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਿਭਾਗ ਦਾ ਕਹਿਣਾ ਹੈ ਕਿ ਆਮ ਲੋਕਾਂ ਨੂੰ ਸ਼ੁੱਧ ਖਾਧ ਪਦਾਰਥ ਉਪਲੱਬਧ ਕਰਵਾਉਣਾ ਉਨ੍ਹਾਂ ਦੀ ਪਹਿਲ ਹੈ ਅਤੇ ਇਸ ’ਚ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਲਗਾਤਾਰ ਚੈਕਿੰਗ ਕਾਰਨ ਬਾਜ਼ਾਰਾਂ ’ਚ ਵੀ ਚੌਕਸੀ ਵਧੀ ਹੈ ਅਤੇ ਕਈ ਦੁਕਾਨਦਾਰਾਂ ਨੇ ਗੁਣਵੱਤਾ ’ਚ ਸੁਧਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਵਿਭਾਗ ਨੇ ਲੋਕਾਂ ਤੋਂ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਤੇ ਮਿਲਾਵਟ ਦਾ ਸ਼ੱਕ ਹੋਵੇ ਤਾਂ ਤੁਰੰਤ ਸੂਚਨਾ ਦੇਣ। ਉਨ੍ਹਾਂ ਕਿਹਾ ਕਿ ਪਿਛਲੇ 25 ਦਿਨਾਂ ’ਚ 105 ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਰਿਪੋਰਟ ਦੇ ਆਧਾਰ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮਿਲਾਵਟਖ਼ੋਰੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ ਦੇ 3 ਜ਼ਿਲ੍ਹਿਆਂ 'ਚ 'ਯੈਲੋ ਅਲਰਟ', ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ
ਫ਼ੀਲਡ ’ਚ ਲਗਾਤਾਰ ਸਖ਼ਤ ਚੈਕਿੰਗ ਜਾਰੀ
ਫ਼ੂਡ ਸੇਫ਼ਟੀ ਅਧਿਕਾਰੀ ਸਤਨਾਮ ਸਿੰਘ ਨੇ ਦੱਸਿਆ ਕਿ ਟੀਮ ਵੱਲੋਂ ਰੋਜ਼ਾਨਾ ਵੱਖ-ਵੱਖ ਇਲਾਕਿਆਂ ’ਚ ਜਾ ਕੇ ਖਾਧ ਪਦਾਰਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੱਕੀ ਪਾਏ ਜਾਣ ਵਾਲੇ ਉਤਪਾਦਾਂ ਦੇ ਤੁਰੰਤ ਸੈਂਪਲ ਲਏ ਜਾਂਦੇ ਹਨ ਅਤੇ ਨਿਯਮਾਂ ਅਨੁਸਾਰ ਅੱਗੇ ਦੀ ਪ੍ਰਕਿਰਿਆ ਅਪਣਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰਾਂ ’ਚ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਗੁਆਂਢੀਆਂ ਨੇ ਬਜ਼ੁਰਗ ਦਾ ਕਰ'ਤਾ ਕਤਲ
ਖਾਧ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ
ਫ਼ੂਡ ਸੇਫ਼ਟੀ ਅਧਿਕਾਰੀ ਰਜਨੀ ਨੇ ਕਿਹਾ ਕਿ ਵਿਭਾਗ ਦੀ ਪਹਿਲ ਲੋਕਾਂ ਤੱਕ ਸ਼ੁੱਧ ਖਾਧ ਸਮੱਗਰੀ ਪਹੁੰਚਾਉਣਾ ਹੈ। ਮਠਿਆਈ, ਦੁੱਧ, ਮਸਾਲੇ ਅਤੇ ਹੋਰ ਉਤਪਾਦਾਂ ਦੀ ਨਿਯਮਤ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੋ ਵੀ ਦੁਕਾਨਦਾਰ ਨਿਯਮਾਂ ਦੀ ਉਲੰਘਣਾ ਕਰੇਗਾ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- 'ਨਿਹੰਗ' ਜਸਦੀਪ ਦੀ ਪੋਸਟ ਹੋਈ ਵਾਇਰਲ, ਕਿਹਾ- ਨਹੀਂ ਮਿਲ ਰਿਹਾ ਇਨਸਾਫ਼, ਸਵੇਰੇ LIVE ਹੋ...
ਦਿਹਾਤੀ ਖੇਤਰਾਂ ’ਚ ਵੀ ਮੁਹਿੰਮ ਤੇਜ਼
ਫ਼ੂਡ ਸੇਫ਼ਟੀ ਅਧਿਕਾਰੀ ਸਿਮਰਨ ਗਿੱਲ ਨੇ ਦੱਸਿਆ ਕਿ ਦਿਹਾਤੀ ਇਲਾਕਿਆਂ ’ਚ ਵੀ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿੱਥੇ ਕਿਤੇ ਵੀ ਮਿਲਾਵਟ ਦੀ ਸ਼ਿਕਾਇਤ ਮਿਲਦੀ ਹੈ, ਉਥੇ ਤੁਰੰਤ ਟੀਮ ਪਹੁੰਚ ਕੇ ਜਾਂਚ ਕਰਦੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦਾ ਟੀਚਾ ਜ਼ਿਲੇ ਨੂੰ ਮਿਲਾਵਟ ਮੁਕਤ ਬਣਾਉਣਾ ਹੈ ਅਤੇ ਇਸ ਲਈ ਮੁਹਿੰਮ ਲਗਾਤਾਰ ਜਾਰੀ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
