ਵੋਲਵੋ ਬੱਸ ਦੀ ਮਹਿੰਦਰਾ ਪਿੱਕਅਪ ਜੀਪ ਨਾਲ ਟੱਕਰ, 6 ਜ਼ਖ਼ਮੀ
Thursday, Aug 23, 2018 - 06:37 AM (IST)

ਮੋਹਾਲੀ, (ਕੁਲਦੀਪ)- ਬਲੌਂਗੀ-ਕੁੰਭਡ਼ਾ ਰਸਤੇ ’ਤੇ ਸਥਿਤ ਪੀ. ਸੀ. ਐੱਲ. ਲਾਈਟ ਪੁਆਇੰਟ ’ਤੇ ਬੁੱਧਵਾਰ ਸਵੇਰੇ ਇਕ ਵੋਲਵੋ ਬੱਸ ਦੀ ਮਹਿੰਦਰਾ ਪਿੱਕਅਪ ਜੀਪ ਨਾਲ ਹੋਈ ਜ਼ਬਰਦਸਤ ਟੱਕਰ ਵਿਚ 6 ਵਿਅਕਤੀ ਜ਼ਖ਼ਮੀ ਹੋ ਗਏ। ਸੂਚਨਾ ਮਿਲਦਿਅਾਂ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਤੇ ਨੁਕਸਾਨੇ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਪੁਲਸ ਨੇ ਬੱਸ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ 4 ਵਜੇ ਨਾਰਦਰਨ ਟਰੈਵਲਜ਼ ਕੰਪਨੀ ਦੀ ਵੋਲਵੋ ਬੱਸ ਏਅਰਪੋਰਟ ਰੋਡ ਤੋਂ ਆਈ. ਵੀ. ਹਸਪਤਾਲ ਵਾਲੀਆਂ ਲਾਈਟਾਂ ਤੋਂ ਹੁੰਦੀ ਹੋਈ ਮੋਹਾਲੀ ਦੇ ਫੇਜ਼-2 ਵੱਲ ਜਾ ਰਹੀ ਸੀ। ਇਸ ਦੌਰਾਨ ਇਕ ਮਹਿੰਦਰਾ ਪਿੱਕਅਪ ਜੀਪ ਕੁੰਭਡ਼ਾ ਲਾਈਟਾਂ ਤੋਂ ਆ ਰਹੀ ਸੀ, ਜਿਵੇਂ ਹੀ ਦੋਵੇਂ ਵਾਹਨ ਪੀ. ਸੀ. ਐੱਲ. ਲਾਈਟਾਂ ’ਤੇ ਪੁੱਜੇ ਤਾਂ ਬੱਸ ਨੇ ਜੀਪ ਨੂੰ ਟੱਕਰ ਮਾਰ ਦਿੱਤੀ। ਜਾਣਕਾਰੀ ਮੁਤਾਬਕ ਬੱਸ ਦੀ ਰਫਤਾਰ ਇੰਨੀ ਤੇਜ਼ ਸੀ ਕਿ ਜੀਪ ਨੂੰ ਟੱਕਰ ਮਾਰ ਕੇ ਬੱਸ ਸਡ਼ਕ ਕੰਢੇ ਲੋਹੇ ਦੀ ਰੇਲਿੰਗ ਨਾਲ ਜਾ ਟਕਰਾਈ। ਹਾਦਸੇ ਵਿਚ ਬੱਸ ਵਿਚ ਸਵਾਰ 5-6 ਸਵਾਰੀਆਂ ਨੂੰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਹਾਦਸੇ ਵਿਚ ਜੀਪ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ।
ਪੁਲਸ ਸਟੇਸ਼ਨ ਫੇਜ਼-1 ਤੋਂ ਏ. ਐੱਸ. ਆਈ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਜੀਪ ਚਾਲਕ ਵਿਨੋਦ ਕੁਮਾਰ ਨਿਵਾਸੀ ਪਿੰਡ ਜਗਤਪੁਰੇ ਦੇ ਬਿਆਨਾਂ ’ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਨਿਵਾਸੀ ਵੋਲਵੋ ਬੱਸ ਚਾਲਕ ਬੰਟੀ ਸ਼ਰਮਾ ਖਿਲਾਫ ਕੇਸ ਦਰਜ ਕਰ ਲਿਆ ਹੈ।