ਕਾਂਬਾ ਛੇੜੇਗੀ ਠੰਡ, ਇਸ ਤਰੀਕ ਤੋਂ ਪੰਜਾਬੀਆਂ ਨੂੰ ਪਾਉਣੇ ਪੈਣਗੇ ਕੋਟੀਆਂ-ਸਵੈਟਰ
Tuesday, Nov 05, 2024 - 01:37 PM (IST)
ਜਲੰਧਰ : ਪੰਜਾਬ ਸਣੇ ਦਿੱਲੀ, ਐੱਨ. ਸੀ. ਆਰ. 'ਚ ਨਵੰਬਰ ਮਹੀਨੇ 'ਚ ਸਰਦੀ ਦਾ ਅਹਿਸਾਸ ਨਹੀਂ ਹੋ ਰਿਹਾ। ਤਾਪਮਾਨ 'ਚ ਗਿਰਾਵਟ ਜ਼ਰੂਰ ਦਰਜ਼ ਕੀਤੀ ਗਈ ਹੈ ਪਰ ਦਿਨ ਵੇਲੇ ਲੋਕ ਗਰਮੀ ਜ਼ਰੂਰ ਮਹਿਸੂਸ ਕਰ ਰਹੇ ਹਨ। ਰਾਤ ਨੂੰ ਮੌਸਮ ਠੰਡਾ ਹੋ ਜਾਂਦਾ ਹੈ। ਮੌਸਮ ਮਾਹਿਰਾਂ ਦੀ ਮੰਨੀਏ ਤਾਂ ਇਸ ਵਾਰ ਸਰਦੀ ਦਾ ਆਗਾਜ਼ 15 ਨਵੰਬਰ ਤੋਂ ਹੋ ਰਿਹਾ ਹੈ।
ਮੰਗਲਵਾਰ ਨੂੰ ਵੀ ਰਾਤ ਠੰਡੀ ਰਹੀ। ਆਸਮਾਨ ਸਾਫ ਰਹੇਗਾ ਪਰ ਕੁਝ ਇਲਾਕਿਆਂ ਵਿੱਚ ਹਲਕੀ ਧੁੰਦ ਛਾਈ ਰਹਿ ਸਕਦੀ ਹੈ। ਦਿੱਲੀ ਵਿੱਚ ਵੱਧ ਤੋਂ ਵੱਧ 32 ਡਿਗਰੀ ਤੇ ਪੰਜਾਬ ਦੇ ਜਲੰਧਰ ਵਿੱਚ 31 ਡਿਗਰੀ ਦਰਜ਼ ਕੀਤਾ ਗਿਆ ਹੈ। ਜਦਕਿ ਦੋਵਾਂ ਸੂਬਿਆਂ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 16 ਅਤੇ 15 ਡਿਗਰੀ ਦਰਜ਼ ਕੀਤਾ ਗਿਆ ਹੈ।
6 ਤੋਂ 10 ਨਵੰਬਰ ਤਕ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 6 ਤੋਂ 10 ਨਵੰਬਰ ਤਕ ਮੌਸਮ ਵਿੱਚ ਕੋਈ ਖਾਸਾ ਬਦਲਾਓ ਵੇਖਣ ਨੂੰ ਨਹੀਂ ਮਿਲੇਗਾ। ਵੱਧ ਤੋਂ ਵੱਧ ਤਾਪਮਾਨ 32 ਤੋਂ 33 ਡਿਗਰੀ ਅਤੇ ਘੱਟੋ-ਘੱਟੋ ਤਾਪਮਾਨ 17 ਤੋਂ 18 ਡਿਗਰੀ ਤਕ ਰਹਿਣ ਦੀ ਉਮੀਦ ਹੈ। ਹਲਾਂਕਿ 15 ਨਵੰਬਰ ਤੋਂ ਬਾਅਦ ਤਾਪਮਾਨ ਵਿੱਚ ਵੀ ਲਗਾਤਾਰ ਗਿਰਾਵਟ ਹੋ ਸਕਦੀ ਹੈ। ਨਵੰਬਰ ਮਹੀਨੇ ਦੇ ਆਖਰੀ ਹਫਤੇ ਤਾਂ ਪੰਜਾਬ ਦਾ ਘੱਟੋ-ਘੱਟ ਰਾਤ ਦਾ ਤਾਪਮਾਨ 9 ਡਿਗਰੀ ਤੇ ਦਿਨ ਸਮੇਂ ਦਾ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਰਿਕਾਰਡ ਹੋ ਸਕਦਾ ਹੈ।
ਉੱਤਰ ਭਾਰਤ ਵਿੱਚ ਠੰਡ ਦਾ ਆਗਾਜ
ਇਸ ਹਫਤੇ ਤੋਂ ਪਹਾੜੀ ਸੂਬਿਆਂ ਵਿੱਚ ਠੰਡ ਵਧਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਦੇ ਮੁਤਾਬਕ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਇਸ ਹਫ਼ਤੇ ਤੋਂ ਠੰਡ ਮਹਿਸੂਸ ਹੋਣ ਲੱਗੇਗੀ। ਮੈਦਾਨੀ ਇਲਕਿਆਂ ਵਿੱਚ ਪੰਜਾਬ ਅਤੇ ਹਰਿਆਣੇ ਵਿੱਚ 15 ਨਵੰਬਰ ਤੋਂ ਬਾਅਦ ਠੰਢੀ ਪੈਣੀ ਸ਼ੁਰੂ ਹੋ ਜਾਵੇਗੀ। ਬਿਹਾਰ, ਝਾਰਖੰਡ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ 15 ਤੋਂ 20 ਨਵੰਬਰ ਦੇ ਵਿਚਕਾਰ ਸਰਦੀ ਦਾ ਅਹਿਸਾਸ ਸ਼ੁਰੂ ਹੋਵੇਗਾ। ਇਨ੍ਹਾਂ ਸੂਬਿਆਂ ਵਿੱਚ ਠੰਡ ਦਾ ਅਸਰ ਭਾਵੇਂ ਦੇਰੀ ਨਾਲ ਵਿਖਾਈ ਦੇਵੇਗਾ, ਫਿਰ ਵੀ ਠੰਡ ਵੱਧਣ ਦੇ ਆਸਾਰ ਹਨ।