ਕਾਂਗਰਸ ਦੀ ਯੂਥ ਤੇ ਓਲਡ ਬ੍ਰਿਗੇਡ ’ਚ ਫਿਰ ਛਿੜੀ ਕੋਲਡ ਵਾਰ

Friday, Jun 11, 2021 - 05:00 PM (IST)

ਜਲੰਧਰ (ਚੋਪੜਾ) : ਉੱਤਰ ਪ੍ਰਦੇਸ਼ ਦੇ ਸੀਨੀਅਰ ਆਗੂ ਜਿਤਿਨ ਪ੍ਰਸਾਦ ਦੇ ਪਾਰਟੀ ਨੂੰ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਨਾਲ ਹਾਸ਼ੀਏ ’ਤੇ ਪਹੁੰਚੀ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸੀ ਆਗੂਆਂ ਵਿਚ ਬੇਚੈਨੀ ਇਸ ਗੱਲ ਦੀ ਵੀ ਹੈ ਕਿ ਜਿਤਿਨ ਤਾਂ ਟੀਮ ਰਾਹੁਲ ਅਤੇ ਪ੍ਰਿਯੰਕਾ ਦੇ ਖਾਸਮ-ਖਾਸ ਮੈਂਬਰਾਂ ਵਿਚੋਂ ਇਕ ਸਨ। ਹਾਲਾਂਕਿ ਕਾਂਗਰਸ ਵਿਚ ਸਿਆਸੀ ਭਵਿੱਖ ਸੰਵਰਦਾ ਨਾ ਦੇਖ ਪਾਰਟੀ ਦਾ ਤਿਆਗ ਕਰਨ ਵਾਲੇ ਜਿਤਿਨ ਪ੍ਰਸਾਦ ਪਹਿਲੇ ਅਜਿਹੇ ਆਗੂ ਨਹੀਂ ਹਨ। ਇਸ ਤੋਂ ਪਹਿਲਾਂ ਵੀ ਜਯੋਤਿਰਾਦਿੱਤਿਆ ਸਿੰਧੀਆ, ਅਸ਼ੋਕ ਤੰਵਰ, ਅਲਪੇਸ਼ ਠਾਕੁਰ, ਅਸ਼ੋਕ ਚੌਧਰੀ ਅਤੇ ਪ੍ਰਿਯੰਕਾ ਤ੍ਰਿਵੇਦੀ ਵਰਗੇ ਰਾਹੁਲ ਗਾਂਧੀ ਦੇ ਨਜ਼ਦੀਕੀ ਯੂਥ ਆਗੂ ਕਾਂਗਰਸ ਤੋਂ ਕਿਨਾਰਾ ਕਰ ਚੁੱਕੇ ਹਨ। ਯੂਥ ਲੀਡਰਸ਼ਿਪ ਦੇ ਇਸ ਢੰਗ ਨਾਲ ਖਿੱਲਰਨ ਕਾਰਨ ਪਾਰਟੀ ’ਚ ਇਕ ਵਾਰ ਫਿਰ ਯੂਥ ਅਤੇ ਓਲਡ ਬ੍ਰਿਗੇਡ ਵਿਚਕਾਰ ਕੋਲਡ ਵਾਰ ਸ਼ੁਰੂ ਹੋ ਗਈ ਹੈ ਕਿਉਂਕਿ ਜਿਤਿਨ ਦੇ ਭਾਜਪਾ ਵਿਚ ਸ਼ਾਮਲ ਹੋਣ ਉਪਰੰਤ ਇਕ ਸੀਨੀਅਰ ਕਾਂਗਰਸੀ ਆਗੂ ਨੇ ਵਿਅੰਗ ਕਰਦਿਆਂ ਕਿਹਾ ਕਿ ਰਾਹੁਲ ਜੀ ਅਤੇ ਪ੍ਰਿਯੰਕਾ ਜੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਨੂੰ ਸਭ ਨੂੰ ਕਾਂਗਰਸ ਦੇ ਪੁਰਾਣੇ ਸਿਪਾਹੀ ਕਿਹਾ ਜਾਂਦਾ ਹੈ ਪਰ ਅਸੀਂ ਕਾਂਗਰਸ ਵਿਚ ਹੀ ਵੱਡੇ ਹੋਏ, ਬੁੱਢੇ ਹੋਏ ਅਤੇ ਅੱਜ ਤੱਕ ਅਸੀਂ ਸਿਆਸੀ ਵਿਰੋਧੀਆਂ ਖ਼ਿਲਾਫ਼ ਸੰਘਰਸ਼ ਕਰਦੇ ਹੋਏ ਇਕਜੁੱਟ ਰਹੇ ਹਾਂ। ਸੀ. ਡਬਲਯੂ. ਸੀ. ਦੇ ਮੈਂਬਰ ਜਿਤਿਨ ਦੇ ਭਾਜਪਾ ਵਿਚ ਸ਼ਾਮਲ ਹੋਣ ਨਾਲ ਯੂ. ਪੀ. ਕਾਂਗਰਸ ਦੀ ਇਕਾਈ ਵਿਚ ਨਿਰਾਸ਼ਾ ਵਧ ਗਈ ਹੈ ਅਤੇ ਇਹ ਮੰਥਨ ਸ਼ੁਰੂ ਹੋ ਗਿਆ ਹੈ ਕਿ ਹੁਣ ਅਗਲੇ ਸਾਲ ਸੂਬੇ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਕੀ ਸਥਿਤੀ ਹੋਵੇਗੀ? ਉਕਤ ਸੀਨੀਅਰ ਆਗੂ ਨੇ ਇਹ ਵੀ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਢਾਂਚੇ ਦੇ ਕੁਝ ਮੈਂਬਰਾਂ ਅਤੇ ਗਾਂਧੀ ਪਰਿਵਾਰ ਦੀ ਅਮੇਠੀ (ਰਾਏਬਰੇਲੀ) ਹਲਕੇ ਤੋਂ ਕਈ ਆਗੂਆਂ ਸਮੇਤ ਯੂ. ਪੀ. ਦੇ ਕਈ ਨਾਖੁਸ਼ ਨੇਤਾ ਜਿਤਿਨ ਵਾਲਾ ਰਾਹ ਅਪਣਾਉਣ ਲਈ ਤਿਆਰ ਬੈਠੇ ਹਨ।

ਇਹ ਵੀ ਪੜ੍ਹੋ :  ਪਾਵਰਕਾਮ ਝੋਨੇ ਲਈ 8 ਘੰਟੇ ਬਿਜਲੀ ਸਪਲਾਈ ਕਰਨ ’ਚ ਹੋਇਆ ਫੇਲ, ਸ਼ਹਿਰੀ ਖਪਤਕਾਰ ਵੀ ਹੋਏ ਪ੍ਰੇਸ਼ਾਨ

ਸੂਬੇ ਵਿਚ ਕਾਂਗਰਸ ਦੀ ਲਗਾਤਾਰ ਤਿੰਨ ਵਾਰ ਚੋਣਾਵੀ ਹਾਰ ਤੋਂ ਬਾਅਦ ਜਿਤਿਨ ਵੱਲੋਂ ਭਾਜਪਾ ਦਾ ਹੱਥ ਫੜਨ ਤੋਂ ਸਪੱਸ਼ਟ ਹੈ ਕਿ ਇਹ ਕਦਮ ਚੋਣਾਵੀ ਮਾਹੌਲ ਤੋਂ ਪਹਿਲਾਂ ਉਨ੍ਹਾਂ ਦੀ ਨਿਰਾਸ਼ਾ ਦਾ ਸਬੂਤ ਹੈ। ਪਿਛਲੀਆਂ ਤਿੰਨ ਚੋਣਾਂ ਵਿਚ ਉੱਤਰ ਪ੍ਰਦੇਸ਼ ਅੰਦਰ ਰਾਹੁਲ-ਪ੍ਰਿਯੰਕਾ ਦੀ ਅਗਵਾਈ ਵਾਲੀ ਕਾਂਗਰਸ ਦੀ ਜੰਗ ਦੇ ਅੰਤ ਤੋਂ ਬਾਅਦ 2014 ਦੀਆਂ ਲੋਕ ਸਭਾ ਚੋਣਾਂ ਵਿਚ 80 ਵਿਚੋਂ ਸਿਰਫ 2 ਸੀਟਾਂ ਜਿੱਤੀਆਂ, 2019 ਦੀਆਂ ਲੋਕ ਸਭਾ ਚੋਣਾਂ ਵਿਚ 80 ਵਿਚੋਂ 1 ਅਤੇ ਸਿਰਫ 7 ਸੀਟਾਂ ’ਤੇ ਜਿੱਤ ਹਾਸਲ ਕੀਤੀ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ 403 ਸੀਟਾਂ ਵਿਚੋਂ ਸਿਰਫ 7 ’ਤੇ ਜਿੱਤ ਹਾਸਲ ਕਰ ਸਕੀ। ਸੂਬੇ ਵਿਚ ਕਾਂਗਰਸ ਦੇ ਅਜਿਹੇ ਘਟੀਆ ਪ੍ਰਦਰਸ਼ਨ ਤੋਂ ਬਾਅਦ ਵਧੇਰੇ ਕਾਂਗਰਸੀ ਹੁਣ ਖੁਦ ਨੂੰ ਇਕ ਹਨੇਰੀ ਸੁਰੰਗ ਵੱਲ ਵਧਦੇ ਦੇਖ ਰਹੇ ਹਨ ਕਿਉਂਕਿ ਯੂ. ਪੀ. ਕਾਂਗਰਸ ਨੂੰ ਪੁਨਰ-ਜੀਵਿਤ ਕਰਨ ਲਈ ਪ੍ਰਾਜੈਕਟ ਪ੍ਰਿਯੰਕਾ ਪਿਛਲੇ 4 ਸਾਲਾਂ ਵਿਚ ਕਲਿੱਕ ਕਰਨ ਵਿਚ ਅਸਫਲ ਰਿਹਾ ਹੈ, ਜਿਵੇਂ ਕਿ ਉਪ ਚੋਣਾਂ ਅਤੇ ਪੰਚਾਇਤ ਚੋਣਾਂ ਵਿਚ ਦੇਖਿਆ ਗਿਆ ਹੈ। ਹਾਲਾਂਕਿ ਮੌਜੂਦਾ ਸਮੇਂ ਕੋਵਿਡ-19 ਮਹਾਮਾਰੀ ਅਤੇ ਖੇਤੀ ਕਾਨੂੰਨਾਂ ਦੇ ਮਾਮਲਿਆਂ ਕਾਰਨ ਯੂ. ਪੀ. ਦੀ ਸਿਆਸਤ ਗਰਮਾਈ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਸ਼ਾਸਨ ਵਿਚ ਸੂਬੇ ਦੇ ਬ੍ਰਾਹਮਣ ਖੁਦ ਨੂੰ ਲਾਚਾਰ ਮਹਿਸੂਸ ਕਰ ਰਹੇ ਹਨ। ਸਾਬਕਾ ਯੂ. ਪੀ. ਏ. ਸਰਕਾਰ, ਆਲ ਇੰਡੀਆ ਕਾਂਗਰਸ ਕਮੇਟੀ ਅਤੇ ਸੀ. ਡਬਲਯੂ. ਸੀ. ਵੱਲੋਂ ਜਿਤਿਨ ਨੂੰ ਕਾਫੀ ਅਧਿਕਾਰ ਦਿੱਤੇ ਗਏ ਸਨ। ਦੂਜੇ ਪਾਸੇ ਜਿਤਿਨ ਦੇ ਪਿਤਾ ਸਵ. ਜਤਿੰਦਰ ਪ੍ਰਸਾਦ ਨੂੰ 2 ਪੀ. ਐੱਮ. ਓ., ਏ. ਆਈ. ਸੀ. ਸੀ. ਅਤੇ ਯੂ. ਪੀ. ਕਾਂਗਰਸ ਕਮੇਟੀ ਵੱਲੋਂ ਸਨਮਾਨਜਨਕ ਅਹੁਦੇ ਦੇਣ ਦੇ ਬਾਵਜੂਦ ਉਹ ਯੂ. ਪੀ. ਦੇ ਬ੍ਰਾਹਮਣ ਵੋਟਰਾਂ ਨੂੰ ਕਾਂਗਰਸ ਨਾਲ ਨਹੀਂ ਜੋੜ ਸਕੇ। ਹੁਣ ਇਹ ਦੇਖਣਾ ਹੈ ਕਿ ਭਾਜਪਾ ਲੀਡਰਸ਼ਿਪ ਕਾਂਗਰਸ ਦੇ ਬ੍ਰਾਹਮਣ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣ ਲਈ ਜਿਤਿਨ ਨੂੰ ਕਿਸ ਤਰ੍ਹਾਂ ਪੇਸ਼ ਕਰੇਗੀ ਪਰ ਸੱਚਾਈ ਇਹ ਹੈ ਕਿ ਜਿਤਿਨ ਨੇ ਕਾਂਗਰਸ ਵਿਚ ਤਬਦੀਲੀ ਕਰਨ ਲਈ ਲਿਖੀ ਗਈ ਚਿੱਠੀ ਦੇ ਬਾਵਜੂਦ ਰਾਹੁਲ-ਪ੍ਰਿਯੰਕਾ ਗਾਂਧੀ ਦੋਵਾਂ ਦਾ ਭਰੋਸਾ ਹਾਸਲ ਕੀਤਾ ਹੈ। ਉਨ੍ਹਾਂ ਨੂੰ ਪੱਛਮੀ ਬੰਗਾਲ ਕਾਂਗਰਸ ਕਮੇਟੀ ਦਾ ਇੰਚਾਰਜ ਬਣਾਇਆ ਗਿਆ, ਜਿਸ ਨਾਲ ਜਿਤਿਨ ਦਾ ਤਜਰਬਾ ਅਤੇ ਗਾਂਧੀ ਭਰਾ-ਭੈਣ ਪ੍ਰਤੀ ਵਫਾਦਾਰ ਵਧਦੀ ਗਈ। ਰਾਹੁਲ ਬ੍ਰਿਗੇਡ ਦੇ ਕਈ ਆਗੂਆਂ ਦੇ ਪਾਰਟੀ ਛੱਡਣ ਤੋਂ ਬਾਅਦ ਜਿਤਿਨ ਟੀਮ ਰਾਹੁਲ ਦੇ ਮੈਂਬਰਾਂ ਵਿਚ ਸ਼ਾਮਲ ਹੋ ਗਈ, ਜਿਸ ਨੂੰ ਲੈ ਕੇ ਪਾਇਲਟ, ਦੇਵੜਾ, ਨਿਰੂਪਮ ਅਤੇ ਸਿੱਧੂ ਬਹੁਤ ਨਾਰਾਜ਼ ਹੋਏ ਸਨ।

ਇਹ ਵੀ ਪੜ੍ਹੋ : ਦਿੱਲੀ ਸਰਕਾਰ ਮਿਆਰੀ ਸਕੂਲ ਸਿੱਖਿਆ ਮਾਡਲ ਲਾਗੂ ਕਰਨ ਬਾਰੇ ਪੰਜਾਬ ਤੋਂ ਸਿੱਖੇ : ਸਿੰਗਲਾ

ਯੂ. ਪੀ. ਕਾਂਗਰਸ ਵਿਚ ਅੰਦਰੂਨੀ ਕਲੇਸ਼ ਨਾਲ ਕੁਝ ਵਰਗ ਇਸ ਗੱਲ ਦਾ ਸਖ਼ਤ ਵਿਰੋਧ ਕਰ ਰਹੇ ਹਨ ਕਿ ਬਾਹਰੀ ਲੋਕਾਂ ਨੂੰ ਜਾਣਬੁੱਝ ਕੇ ਯੂ. ਪੀ. ਕਾਂਗਰਸ ’ਤੇ ਥੋਪਿਆ ਜਾ ਰਿਹਾ ਹੈ। ਇਸ ਹਾਲ ਵਿਚ ਸਪਾ ਅਤੇ ਬਸਪਾ ਨੇ ਕਾਂਗਰਸ ਦੇ ਗੱਠਜੋੜ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ। ਸੂਬੇ ਦੇ ਸਿਆਸੀ ਗਲਿਆਰਿਆਂ ਵਿਚ ਮੰਨਿਆ ਜਾ ਰਿਹਾ ਹੈ ਕਿ ਗਾਂਧੀ ਪਰਿਵਾਰ ਆਪਣੇ ਹੰਕਾਰ ਨੂੰ ਜਦੋਂ ਤੱਕ ਨਹੀਂ ਛੱਡਦਾ ਅਤੇ ਸਪਾ ਵੱਲੋਂ 40 ਸੀਟਾਂ ਨੂੰ ਧਰਮਨਿਰਪੱਖ ਏਕਤਾ ਲਈ ਸਵੀਕਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕਾਂਗਰਸ ਨੂੰ ਯੂ. ਪੀ. ਵਿਚ ਕੁਝ ਹਾਸਲ ਹੋਣ ਵਾਲਾ ਨਹੀਂ ਹੈ। ਬਿਹਾਰ ਦੇ ਨਤੀਜਿਆਂ ਤੋਂ ਬਾਅਦ ਤੇ ਪੱਛਮੀ ਬੰਗਾਲ ਦੀਆਂ ਚੋਣਾਂ ਵਿਚ ਵੋਟਿੰਗ ਦੇ ਪੈਟਰਨ ਨੇ ਯੂ. ਪੀ. ਦੇ ਕਾਂਗਰਸੀਆਂ ਨੂੰ ਇਹ ਸੰਕੇਤ ਦਿੱਤਾ ਕਿ ਭਾਜਪਾ ਵਿਰੋਧੀ ਵਰਗ ਸਭ ਤੋਂ ਮਜ਼ਬੂਤ ਭਾਜਪਾ ਵਿਰੋਧੀ ਪਾਰਟੀ ਨੂੰ ਵੋਟਾਂ ਪਾਉਣਗੇ। ਦਿਲਚਸਪ ਗੱਲ ਇਹ ਹੈ ਕਿ ਜਿਤਿਨ ਪ੍ਰਸਾਦ ਪਿਛਲੀਆਂ ਚੋਣਾਂ ਤੋਂ ਪਹਿਲਾਂ ਹੀ ਭਾਜਪਾ ਵਿਚ ਸ਼ਾਮਲ ਹੋਣ ਦੀ ਤਿਆਰੀ ਵਿਚ ਸਨ ਪਰ ਆਖਰੀ ਸਮੇਂ ਵਿਚ ਉਨ੍ਹਾਂ ਦੀ ਇਹ ਯੋਜਨਾ ਧਰੀ-ਧਰਾਈ ਰਹਿ ਗਈ। ਹੁਣ ਭਾਜਪਾ ਖੇਮੇ ਵਿਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਦੀ ਬੁਲਾਰਨ ਸੁਪ੍ਰਿਯਾ ਸ਼੍ਰੀਨਾਥ ਨੇ ਜਿਤਿਨ ਨੂੰ ਯਾਦ ਕਰਵਾਇਆ ਕਿ ਹਾਲਾਂਕਿ ਉਨ੍ਹਾਂ ਦੇ ਪਿਤਾ ਨੇ ਇਕ ਵਾਰ ਸੋਨੀਆ ਗਾਂਧੀ ਨੂੰ ਚੁਣੌਤੀ ਦਿੱਤੀ ਸੀ, ਫਿਰ ਵੀ ਕਿਵੇਂ ਗਾਂਧੀ ਪਰਿਵਾਰ ਨੇ ਉਨ੍ਹਾਂ ਨੂੰ ਸੰਸਦ ਮੈਂਬਰ, ਮੰਤਰੀ, ਸੀ. ਡਬਲਯੂ. ਸੀ. ਮੈਂਬਰ ਆਦਿ ਬਣਾ ਕੇ ਉਨ੍ਹਾਂ ਦੇ ਕੈਰੀਅਰ ਨੂੰ ਤਿਆਰ ਕੀਤਾ ਹੈ। ਮਲਿਕਾਰਜੁਨ ਖੜਗੇ ਦੀ ਟਿੱਪਣੀ ‘ਜਾਣ ਵਾਲੇ’ ਜਾਂਦੇ ਰਹਿੰਦੇ ਹਨ, ਅਸੀਂ ਉਨ੍ਹਾਂ ਨੂੰ ਰੋਕ ਨਹੀਂ ਸਕਦੇ। ਇਹ ਉਨ੍ਹਾਂ ਦਾ ਫੈਸਲਾ ਸੀ। ਉਨ੍ਹਾਂ ਦਾ ਵੀ ਇਥੇ ਭਵਿੱਖ ਸੀ, ਹਾਲਾਂਕਿ ਜਿਹੜੀ ਘਟਨਾ ਵਾਪਰੀ ਹੈ, ਉਹ ਸਹੀ ਨਹੀਂ ਹੈ।

ਇਹ ਵੀ ਪੜ੍ਹੋ : ਅਧਿਆਪਕਾਂ ’ਤੇ ਹੋਏ ਲਾਠੀਚਾਰਜ ’ਤੇ ਬੋਲੇ ਮਨਪ੍ਰੀਤ ਇਯਾਲੀ, ਕਿਹਾ, ਕਾਂਗਰਸ ਨੇ ਲੋਕਤੰਤਰ ਦਾ ਜਨਾਜ਼ਾ ਕੱਢਿਆ   

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

 

 


Anuradha

Content Editor

Related News