ਪੰਜਾਬ-ਹਰਿਆਣਾ ’ਚ ਸੰਘਣੇ ਕੋਹਰੇ ਦੇ ਨਾਲ ਹੋਰ ਵਧੀ ਠੰਡ
Monday, Jan 17, 2022 - 10:50 PM (IST)
ਸ਼ਿਮਲਾ/ਮਨਾਲੀ/ਸ਼੍ਰੀਨਗਰ/ਚੰਡੀਗੜ੍ਹ (ਰਾਜੇਸ਼/ਨਿ. ਸ./ਭਾਸ਼ਾ)– ਹਿਮਾਚਲ ਅਤੇ ਕਸ਼ਮੀਰ ਦੇ ਉਚਾਈ ਵਾਲੇ ਖੇਤਰਾਂ ਵਿਚ ਸੋਮਵਾਰ ਨੂੰ ਮੁੜ ਬਰਫਬਾਰੀ ਹੋਈ। ਹਿਮਾਚਲ ਦੇ ਰੋਹਤਾਂਗ ਸਮੇਤ ਬਾਰਾਲਾਚਾ ਅਤੇ ਕੁੰਜੁਮ ਦੱਰਿਆਂ, ਕੁੱਲੂ, ਲਾਹੌਲ-ਸਪਿਤੀ, ਚੰਬਾ ਅਤੇ ਕਿੰਨੌਰ ਜ਼ਿਲਿਆਂ ਵਿਚ ਬਰਫਬਾਰੀ ਹੋ ਰਹੀ ਹੈ। ਸ਼ਿਮਲਾ ਵਿਚ ਵੀ ਮੌਸਮ ਬਰਫਬਾਰੀ ਦੇ ਅਨੁਕੂਲ ਬਣਿਆ ਹੋਇਆ ਹੈ। ਹਿਮਾਚਲ ਵਿਚ 10 ਦਿਨ ਬਾਅਦ ਵੀ 100 ਸੜਕਾਂ ਨਹੀਂ ਖੁੱਲ੍ਹ ਸਕੀਆਂ ਹਨ। ਖਰਾਬ ਮੌਸਮ ਕਾਰਨ ਸੋਮਵਾਰ ਨੂੰ ਦਿੱਲੀ ਤੋਂ ਗੱਗਲ ਆਉਣ ਵਾਲੀ ਸਪਾਈਸ ਜੈੱਟ ਅਤੇ ਏਅਰ ਇੰਡੀਆ ਦੀਆਂ ਸਾਰੀਆਂ ਉਡਾਣਾਂ ਰੱਦ ਹੋ ਗਈਆਂ। ਓਧਰ, ਕਸ਼ਮੀਰ ਦੇ ਕੁਝ ਹਿੱਸਿਆਂ 'ਚ ਬਰਫਬਾਰੀ ਹੋਣ ਤੋਂ ਬਾਅਦ ਕਈ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ। ਲੋਲਾਬ, ਕੁਪਵਾੜਾ, ਸੋਪੋਰ ਅਤੇ ਬਾਰਾਮੂਲਾ ਸਮੇਤ ਉੱਤਰੀ ਕਸ਼ਮੀਰ ਵਿਚ ਕਈ ਜਗ੍ਹਾ ਹਲਕੀ ਤੋਂ ਦਰਮਿਆਨੀ ਬਰਫਬਾਰੀ ਹੋਈ। ਉੱਥੇ ਹੀ ਸ਼੍ਰੀਨਗਰ ਦੇ ਕੁਝ ਹਿੱਸਿਆਂ ਗੜੇਮਾਰੀ ਵੀ ਹੋਈ।'
ਇਹ ਖ਼ਬਰ ਪੜ੍ਹੋ- ਆਸਟਰੇਲੀਅਨ ਓਪਨ : ਨਡਾਲ ਤੇ ਓਸਾਕਾ ਦੂਜੇ ਦੌਰ 'ਚ, ਕੇਨਿਨ ਬਾਹਰ
ਸ਼੍ਰੀਨਗਰ ਵਿਚ ਘੱਟੋ-ਘੱਟ ਤਾਪਮਾਨ ਇਕ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 2 ਡਿਗਰੀ ਵਧ ਹੈ। ਗੁਲਮਰਗ ਰਿਜ਼ਾਰਟ ਵਿਚ ਘੱਟੋ-ਘੱਟ -4.6, ਪਹਿਲਗਾਮ ਵਿਚ -3.6 ਅਤੇ ਕਾਜੀਗੁੰਡ ਵਿਚ -1 ਡਿਗਰੀ ਸੈਲਸੀਅਸ ਰਿਹਾ। ਦਿੱਲੀ ਸਮੇਤ ਉੱਤਰ ਭਾਰਤ ਦੇ ਕਈ ਸੂਬਿਆਂ ਵਿਚ ਕੜਾਕੇ ਦੀ ਸਰਦੀ ਪੈ ਰਹੀ ਹੈ। ਪੰਜਾਬ-ਹਰਿਆਣਾ ਵਿਚ ਸੰਘਣੇ ਕੋਹਰੇ ਦੇ ਨਾਲ ਠੰਡ ਹੋਰ ਵਧ ਗਈ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਵਿਚ ਅਜਿਹੇ ਹੀ ਹਾਲਾਤ ਬਣੇ ਰਹਿਣਗੇ। ਵਿਭਾਗ ਨੇ ਕਈ ਸੂਬਿਆਂ ਵਿਚ ਮੀਂਹ ਦੀ ਭਵਿੱਖਵਾਣੀ ਵੀ ਕੀਤੀ ਹੈ।
ਇਹ ਖ਼ਬਰ ਪੜ੍ਹੋ-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਬੁਲਾਰਿਆਂ ਦੀ ਸੂਚੀ ਜਾਰੀ,ਇਨ੍ਹਾਂ ਨਾਂਵਾਂ 'ਤੇ ਲੱਗੀ ਮੋਹਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।