ਨਵਾਂਸ਼ਹਿਰ ''ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਸਾਰੀ ਘਟਨਾ ਸੀ. ਸੀ. ਟੀ. ਵੀ. ''ਚ ਕੈਦ (ਵੀਡੀਓ)

Monday, Jan 23, 2017 - 04:47 PM (IST)

ਨਵਾਂਸ਼ਹਿਰ : ਨਵਾਂਸ਼ਹਿਰ ਦੇ ਪਿੰਡ ਸੜੋਆ ''ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਨੇ ਸਿੱਖ ਸੰਗਤਾਂ ਨੂੰ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਸ ਘਟਨਾ ਨੂੰ 6 ਸਾਲ ਦੀ ਉਮਰ ਦੇ ਬੱਚਿਆਂ ਵਲੋਂ ਅੰਜਾਮ ਦਿੱਤਾ ਗਿਆ। ਹੁਣ ਇਹ ਬੱਚਿਆਂ ਦੀ ਅਣਭੋਲਤਾ ਸੀ ਜਾਂ ਫਿਰ ਕਿਸੇ ਸਾਜਿਸ਼ ਅਧੀਨ ਉਨ੍ਹਾਂ ਕੋਲੋਂ ਇਹ ਕੰਮ ਕਰਵਾਇਆ ਗਿਆ ਹੈ, ਇਸ ਦੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਗੁਰਦੁਆਰਾ ਸਾਹਿਬ ''ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ''ਚ ਸਾਫ ਦੇਖਿਆ ਗਿਆ ਕਿ ਬੇਅਦਬੀ ਦੀ ਇਸ ਘਟਨਾ ਨੂੰ ਚਾਰ ਬੱਚਿਆਂ ਨੇ ਅੰਜਾਮ ਦਿੱਤਾ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਦੱਸਿਆ ਕਿ ਜਦੋਂ ਉਹ ਸ਼ਾਮ ਨੂੰ ਰੋਜ਼ ਦੀ ਤਰ੍ਹਾਂ ਗੁਰਦੁਆਰਾ ਸਾਹਿਬ ''ਚ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਕੁਝ ਬੱਚੀਆਂ ਗੁਰਦੁਆਰੇ ਅੱਗੇ ਖੜ੍ਹੀਆਂ ਸਨ ਅਤੇ ਉਨ੍ਹਾਂ ਨੇ ਦੱਸਿਆ ਕਿ ਅੰਦਰ ਸਮਾਨ ਖਿੱਲਰਿਆ ਪਿਆ ਹੈ। ਜਦੋਂ ਗ੍ਰੰਥੀ ਨੇ ਅੰਦਰ ਜਾ ਕੇ ਦੇਖਿਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਫਟੇ ਹੋਏ ਸਨ, ਜਦੋਂ ਕਿ ਕੁਝ ਪੰਨੇ ਸੜੇ ਹੋਏ ਪਾਏ ਗਏ। ਇਸ ਦੀ ਸੂਚਨਾ ਮਿਲਦੇ ਹੀ ਪੂਰਾ ਪਿੰਡ ਇਕੱਠਾ ਹੋ ਗਿਆ ਅਤੇ ਪੁਲਸ ਨੂੰ ਮੌਕੇ ''ਤੇ ਬੁਲਾਇਆ ਗਿਆ। ਪੁਲਸ ਦੇ ਵੱਡੇ ਅਧਿਕਾਰੀ ਵੀ ਮੌਕੇ ''ਤੇ ਪੁੱਜੇ ਅਤੇ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ, ਜਿਸ ''ਚ ਬੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਹੋਏ ਸਾਫ ਨਜ਼ਰ ਆਏ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਪੂਰੀ ਸਾਜਿਸ਼ ਅਧੀਨ ਬੱਚਿਆਂ ਕੋਲੋਂ ਕਰਾਇਆ ਗਿਆ ਹੈ। ਇਸ ਮਾਮਲੇ ਸੰਬੰਧੀ ਐੱਸ. ਐੱਸ. ਪੀ. ਨਵੀਨ ਸਿੰਗਲਾ ਨੇ ਦੱਸਿਆ ਕਿ ਬੇਅਦਬੀ ਕਰਨ ਵਾਲੇ ਬੱਚੇ ਪਿੰਡ ਦੇ ਹੀ ਰਹਿਣ ਵਾਲੇ ਹਨ ਅਤੇ ਇਨ੍ਹਾਂ ਸਾਰਿਆਂ ਬੱਚਿਆਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।

author

Babita Marhas

News Editor

Related News