ਮੀਂਹ 'ਚ ਮਾਈਨਿੰਗ ਹੋਵੇਗੀ ਪ੍ਰਭਾਵਿਤ, ਕੋਲੇ ਦੀ ਘਾਟ ਨਾਲ ਪੰਜਾਬ ’ਚ ਹੋ ਸਕਦੈ ‘ਬਲੈਕਆਊਟ’
Wednesday, May 11, 2022 - 02:56 PM (IST)
ਜਲੰਧਰ (ਪੁਨੀਤ) : ਰੁਟੀਨ ਵਿਚ ਬਿਜਲੀ ਦੀ ਮੰਗ 9 ਹਜ਼ਾਰ ਮੈਗਾਵਾਟ ਦੇ ਅੰਕੜੇ ਨੂੰ ਪਾਰ ਕਰ ਰਹੀ ਹੈ। ਬੀਤੇ ਦਿਨੀਂ ਪੰਜਾਬ ਦੇ ਥਰਮਲ ਪਲਾਂਟਾਂ ਜ਼ਰੀਏ ਲਗਭਗ 4300 ਮੈਗਾਵਾਟ ਬਿਜਲੀ ਦਾ ਉਤਪਾਦਨ ਹੋਇਆ, ਜੋ ਕਿ ਲੋੜ ਦੇ ਮੁਤਾਬਕ 50 ਫ਼ੀਸਦੀ ਤੋਂ ਵੀ ਘੱਟ ਹੈ। ਮੁੱਖ ਰੂਪ ਨਾਲ ਕੋਲੇ ਦੀ ਘਾਟ ਕਾਰਨ ਪੰਜਾਬ ਵਿਚ ਬਿਜਲੀ ਦੇ ਉਤਪਾਦਨ ’ਤੇ ਅਸਰ ਪੈ ਰਿਹਾ ਹੈ। ਪੰਜਾਬ ਵੱਲੋਂ ਸੈਂਟਰਲ ਇਲੈਕਟ੍ਰੀਸਿਟੀ ਅਥਾਰਟੀ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ, ਜਿਸ ਕਾਰਨ ਅਜਿਹੇ ਹਾਲਾਤ ਬਣੇ ਹਨ।
ਇਹ ਵੀ ਪੜ੍ਹੋ: ਫਿਲੌਰ ਵਿਖੇ ਜੱਜ ਦੇ ਸਾਹਮਣੇ ਪਿਸਤੌਲ ਤਾਣ ਬੋਲਿਆ ਨੌਜਵਾਨ, ਸਿਰ ’ਤੇ ਕਫ਼ਨ ਬੰਨ੍ਹ ਕੇ ਆਇਆ ਹਾਂ, ਇਨਸਾਫ਼ ਦਿਓ
ਨਿਯਮਾਂ ਦੇ ਮੁਤਾਬਕ 1000 ਕਿਲੋਮੀਟਰ ਤੋਂ ਦੂਰ ਵਾਲੇ ਥਰਮਲ ਪਲਾਂਟਾਂ ਨੂੰ 30 ਦਿਨਾਂ ਦੇ ਕੋਲੇ ਦਾ ਸਟਾਕ ਕਰਨਾ ਹੁੰਦਾ ਹੈ ਪਰ ਪੰਜਾਬ ਦੇ ਪ੍ਰਾਈਵੇਟ ਤੇ ਸਰਕਾਰੀ ਥਰਮਲ ਪਲਾਂਟਾਂ ਵਿਚ ਇਸ ਨਿਯਮ ਦੀ ਅਣਦੇਖੀ ਕੀਤੀ ਗਈ। ਉਤਪਾਦਨ ਦੇ ਅੰਕੜੇ ਰੋਜ਼ਾਨਾ ਬਦਲਦੇ ਰਹਿੰਦੇ ਹਨ ਪਰ ਪਿਛਲੇ ਦਿਨੀਂ ਮੰਗ ਤੇ ਸਪਲਾਈ ਵਿਚ 50 ਫ਼ੀਸਦੀ ਤੋਂ ਵੱਧ ਦਾ ਅੰਤਰ ਪੈਦਾ ਹੋਣਾ ਪੰਜਾਬ ਵਿਚ ਗੰਭੀਰ ਬਿਜਲੀ ਸੰਕਟ ਦੀ ਚਿਤਾਵਨੀ ਦੇ ਰਿਹਾ ਹੈ, ਜਿਸ ਪ੍ਰਤੀ ਸਮਾਂ ਰਹਿੰਦਿਆਂ ਕਦਮ ਨਾ ਚੁੱਕੇ ਗਏ ਤਾਂ ਮੁਸ਼ਕਲਾਂ ਵਧਣਗੀਆਂ ਅਤੇ ਬਲੈਕਆਊਟ ਹੋਣ ਦੇ ਆਸਾਰ ਪੈਦਾ ਹੋ ਜਾਣਗੇ।ਬਿਜਲੀ ਦੀ ਮੰਗ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਸਮੇਂ ਤੋਂ ਪਹਿਲਾਂ ਹੀ ਬੇਹੱਦ ਵਾਧਾ ਦਰਜ ਹੋਇਆ ਹੈ, ਜਿਸ ਕਾਰਨ ਲੋਕਾਂ ’ਤੇ ਕੱਟਾਂ ਦੀ ਮਾਰ ਸਮੇਂ ਤੋਂ ਪਹਿਲਾਂ ਹੀ ਪੈਣੀ ਸ਼ੁਰੂ ਹੋ ਗਈ ਹੈ। ਆਉਣ ਵਾਲੇ ਦਿਨਾਂ ਵਿਚ ਕੱਟ ਵਧਣ ਦੀ ਸੰਭਾਵਨਾ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ: ਚਰਚਾ ਦਾ ਵਿਸ਼ਾ ਬਣਿਆ ਜਲੰਧਰ ਦੇ ਥਾਣੇ 'ਚ ਹੋਇਆ ਵਿਆਹ, ਪੁਲਸ ਵਾਲੇ ਬਣੇ ਗਵਾਹ
ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਬਿਜਲੀ ਦਾ ਉਤਪਾਦਨ ਮੁੱਖ ਰੂਪ ਵਿਚ ਕੋਲੇ ’ਤੇ ਨਿਰਭਰ ਕਰਦਾ ਹੈ, ਜਿਸ ਕਾਰਨ ਪੰਜਾਬ ਦੇ ਥਰਮਲ ਪਲਾਂਟਾਂ ਨੂੰ ਆਪਣੀ ਜ਼ਰੂਰਤ ਅਤੇ ਨਿਯਮਾਂ ਤੋਂ ਵੱਧ ਕੋਲਾ ਸਟਾਕ ਕਰਨਾ ਚਾਹੀਦਾ ਹੈ। ਸੈਂਟਰਲ ਇਲੈਕਟ੍ਰੀਸਿਟੀ ਅਥਾਰਟੀ ਵੱਲੋਂ ਜ਼ਿਆਦਾ ਦੂਰੀ ਵਾਲੇ ਥਰਮਲ ਪਲਾਂਟਾਂ ਵੱਲੋਂ 30 ਿਦਨਾਂ ਦਾ ਸਟਾਕ ਰੱਖਣ ਦਾ ਜਿਹੜਾ ਨਿਯਮ ਬਣਾਇਆ ਗਿਆ ਹੈ, ਉਸਦੇ ਪਿੱਛੇ ਅਹਿਮ ਮਕਸਦ ਹੈ, ਜਿਸ ’ਤੇ ਧਿਆਨ ਦੇਣ ਦੀ ਲੋੜ ਹੈ। ਮਾਹਿਰਾਂ ਅਨੁਸਾਰ ਕਿਸੇ ਕਾਰਨ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ ਜਾਂ ਖਦਾਨਾਂ ਵਿਚ ਕੋਈ ਦਿੱਕਤ ਪੇਸ਼ ਆ ਸਕਦੀ ਹੈ, ਜਿਸ ਕਾਰਨ ਪ੍ਰਚੇਜ਼ ਆਰਡਰ ਤੋਂ ਬਾਅਦ ਕੋਲਾ ਪਹੁੰਚਣ ਵਿਚ ਦੇਰੀ ਲੱਗ ਸਕਦੀ ਹੈ ਅਤੇ ਬਿਨਾਂ ਕੋਲੇ ਦੇ ਪੰਜਾਬ ਵਿਚ ਬਿਜਲੀ ਪੈਦਾ ਹੋਣੀ ਸੰਭਵ ਨਹੀਂ ਅਤੇ ਅਜਿਹੇ ਹਾਲਾਤ ਵਿਚ ਬਲੈਕਆਊਟ ਹੋ ਜਾਵੇਗਾ। ਇਸ ਲਈ ਕੋਲਾ ਸਟਾਕ ਕਰਨਾ ਬਹੁਤ ਜ਼ਰੂਰੀ ਹੈ।
ਕਿਸਾਨ ਅੰਦੋਲਨ ਦੌਰਾਨ ਪੰਜਾਬ ਅਜਿਹੇ ਸਮੇਂ ਵਿਚੋਂ ਲੰਘ ਚੁੱਕਾ ਹੈ, ਜਦੋਂ ਟਰੈਕ ਬੰਦ ਰਹਿਣ ਕਾਰਨ ਕਈ ਮਹੀਨੇ ਟਰੇਨਾਂ ਨਹੀਂ ਚੱਲ ਸਕੀਆਂ ਸਨ। ਕਿਸੇ ਹੋਰ ਕਾਰਨ, ਤਕਨੀਕੀ ਫਾਲਟ ਜਾਂ ਕੋਈ ਦਿੱਕਤ ਕਦੀ ਵੀ ਆ ਸਕਦੀ ਹੈ, ਇਸ ਲਈ ਕੋਲਾ ਸਟਾਕ ਰੱਖਣਾ ਚਾਹੀਦਾ ਹੈ। ਮੀਂਹ ਦੇ ਿਦਨਾਂ ਵਿਚ ਕਈ ਥਾਵਾਂ ’ਤੇ ਕੋਲੇ ਦੀ ਮਾਈਨਿੰਗ ਦਾ ਕੰਮ ਪ੍ਰਭਾਵਿਤ ਹੁੰਦਾ ਹੈ, ਜਿਸ ਕਾਰਨ ਮੀਂਹ ਦੇ ਦਿਨਾਂ ਵਿਚ ਪ੍ਰਚੇਜ਼ ਆਰਡਰ ਨਿਪਟਾਉਣ ਵਿਚ ਦੇਰੀ ਲੱਗ ਸਕਦੀ ਹੈ।
ਇਹ ਵੀ ਪੜ੍ਹੋ: ਰਵਨੀਤ ਬਿੱਟੂ ਵੱਲੋਂ ਸੈਂਟਰਲ ਜੇਲ੍ਹ ’ਚ ਕੈਦੀ ਨਾਲ ਮੁਲਾਕਾਤ, ਅਚਾਨਕ ਪੁੱਜਣ 'ਤੇ ਖੁਫ਼ੀਆ ਏਜੰਸੀਆਂ ਦੇ ਹੱਥ-ਪੈਰ ਫੁੱਲੇ
ਸੈਂਟਰਲ ਪੂਲ ਤੋਂ ਬਿਜਲੀ ਖ਼ਰੀਦਣ ਦੇ ਬਾਵਜੂਦ ਪੰਜਾਬ ’ਚ ਕਿੱਲਤ ਬਰਕਰਾਰ
ਪੰਜਾਬ ਨੂੰ ਸੈਂਟਰਲ ਪੂਲ ਤੋਂ ਬਿਜਲੀ ਖ਼ਰੀਦਣੀ ਪੈ ਰਹੀ ਹੈ ਪਰ ਇਸਦੇ ਬਾਵਜੂਦ ਪੰਜਾਬ ਵਿਚ ਬਿਜਲੀ ਦੀ ਕਿੱਲਤ ਬਰਕਰਾਰ ਹੈ। ਪਿਛਲੀ ਇਕ ਰਿਪੋਰਟ ਦੇ ਮੁਤਾਬਕ ਪੰਜਾਬ ਨੇ ਸੈਂਟਰਲ ਪੂਲ ਤੋਂ 3700 ਮੈਗਾਵਾਟ ਬਿਜਲੀ ਖ਼ਰੀਦੀ ਅਤੇ ਆਪਣਾ ਉਤਪਾਦਨ ਕਰਨ ਦੇ ਬਾਵਜੂਦ 900 ਮੈਗਾਵਾਟ ਦੀ ਸ਼ਾਰਟੇਜ ਰਹੀ। ਪਾਵਰਕਾਮ ਵੱਲੋਂ ਬਿਜਲੀ ਦੀ ਕਿੱਲਤ ਅਤੇ ਇਸਦੇ ਹੱਲ ਨੂੰ ਲੈ ਕੇ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ। ਆਉਣ ਵਾਲੇ ਦਿਨਾਂ ਵਿਚ ਇੰਡਸਟਰੀ ਨੂੰ ਦਿੱਤੀ ਜਾਣ ਵਾਲੀ ਸਪਲਾਈ ਵਿਚ ਕਮੀ ਹੋਣ ਦੀ ਵੱਡੀ ਸੰਭਾਵਨਾ ਹੈ।
ਉਥੇ ਹੀ, ਕਈ ਕੈਟਾਗਰੀਆਂ ’ਤੇ ਪਾਵਰਕੱਟਾਂ ਦੇ ਸਮੇਂ ਵਿਚ ਵੀ ਵਾਧਾ ਹੋ ਜਾਵੇਗਾ। ਘਰੇਲੂ ਖਪਤਕਾਰਾਂ ਨੂੰ ਵੀ ਇਸ ਦੀ ਮਾਰ ਝੱਲਣੀ ਪਵੇਗੀ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵੱਲੋਂ ਸੈਂਟਰਲ ਪੂਲ ਵਿਚੋਂ ਬਿਜਲੀ ਖ਼ਰੀਦਣ ਵਿਚ ਵਾਧਾ ਕਰ ਕੇ ਹੀ ਇਸ ਸਮੱਸਿਆ ਤੋਂ ਨਿਜ਼ਾਤ ਪਾਈ ਜਾ ਸਕਦੀ ਹੈ। ਪੰਜਾਬ ਵਿਚ ਨਿਗਮ ਚੋਣਾਂ ਵੀ ਆਉਣ ਵਾਲੀਆਂ ਹਨ, ਇਸ ਲਈ ਦੇਖਣਾ ਹੋਵੇਗਾ ਕਿ ਸਰਕਾਰ ਵੱਲੋਂ ਕੀ ਨੀਤੀ ਅਪਣਾਈ ਜਾਵੇਗੀ, ਜਿਸ ਨਾਲ ਘਰੇਲੂ ਖਪਤਕਾਰ, ਇੰਡਸਟਰੀ ਅਤੇ ਕਿਸਾਨਾਂ ਸਮੇਤ ਦਿਹਾਤੀ ਹਲਕਿਆਂ ਨੂੰ ਕੱਟਾਂ ਤੋਂ ਰਾਹਤ ਦਿੱਤੀ ਜਾ ਸਕੇ।
ਨੋਟ: ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ