‘ਸੀ. ਐੱਮ. ਯੋਗਸ਼ਾਲਾ’ ਪੰਜਾਬ ਦੇ ਲੋਕਾਂ ਨੂੰ ਵੱਡਾ ਤੋਹਫ਼ਾ, ਹਰ ਵਰਗ ਨੂੰ ਲੈਣਾ ਚਾਹੀਦੈ ਲਾਭ : ਸਿਹਤ ਮੰਤਰੀ
Tuesday, Apr 04, 2023 - 06:31 PM (IST)
ਪਟਿਆਲਾ : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਆਖਿਆ ਹੈ ਕਿ ਭਗਵੰਤ ਮਾਨ ਸਰਕਾਰ ਵਲੋਂ ਸੂਬੇ ਦੀ ਜਨਤਾ ਦੀ ਤੰਦਰੁਸਤ ਸਿਹਤ ਲਈ ‘ਸੀ. ਐੱਮ. ਯੋਗਸ਼ਾਲਾ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਸ਼ਾਨਦਾਰ ਪ੍ਰਾਚੀਨ ਰਵਾਇਤਾਂ ਦੇ ਸੁਮੇਲ ਨਾਲ ਇਹ ਯੋਗਸ਼ਾਲਾਵਾਂ ਸਰੀਰਕ ਤੇ ਮਾਨਿਸਕ ਤੌਰ ’ਤੇ ਪੰਜਾਬੀਆਂ ਨੂੰ ਸਿਹਤਮੰਦ ਬਣਾਉਣ ਵਿਚ ਸਹਾਈ ਸਿੱਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਪਾਇਲਟ ਪ੍ਰੋਜੈਕਟ ਤਹਿਤ ਇਸ ਦੀ ਸ਼ੁਰੂਆਤ ਅੰਮ੍ਰਿਤਸਰ, ਫਗਵਾੜਾ, ਪਟਿਆਲਾ ਅਤੇ ਲੁਧਿਆਣਾ ਤੋਂ ਕੀਤੀ ਜਾਵੇਗੀ, ਜਿੱਥੇ ਟ੍ਰੇਂਡ ਯੋਗਾ ਇੰਸਟ੍ਰਕਟਰ ਖੁੱਲ੍ਹੇ ਪਾਰਕਾਂ ਅਤੇ ਹੋਰ ਜਨਤਕ ਥਾਵਾਂ ’ਤੇ ਲੋਕਾਂ ਨੂੰ ਮੁਫ਼ਤ ਯੋਗਾ ਸਿਖਲਾਈ ਦੇਣਗੇ। ਸਿਹਤ ਮੰਤਰੀ ਨੇ ਕਿਹਾ ਕਿ ਇਸ ਦਾ ਮੁੱਖ ਮਕਸਦ ਸਿਹਤਮੰਦ, ਖੁਸ਼ਹਾਲ ਤੇ ਪ੍ਰਗਤੀਸ਼ੀਲ ਪੰਜਾਬ ਦੀ ਸਿਰਜਣਾ ਲਈ ਲੋਕਾਂ ਦੀ ਵੱਧ ਤੋਂ ਵੱਧ ਭਾਈਵਾਲੀ ਰਾਹੀਂ ਜਨਤਕ ਮੁਹਿੰਮ ਨੂੰ ਯਕੀਨੀ ਬਣਾਉਣਾ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਭਾਰੀ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਉਨ੍ਹਾਂ ਕਿਹਾ ਕਿ ਯੋਗਾ ਸਰੀਰਕ ਤੰਦਰੁਸਤੀ ਅਤੇ ਮਨ ਨੂੰ ਮਜ਼ਬੂਤ ਰੱਖਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਤਨ-ਮਨ ਦੀ ਤੰਦਰੁਸਤੀ ਲਈ ਯੋਗਾ ਨੂੰ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ‘ਸੀ. ਐੱਮ. ਦੀ ਯੋਗਸ਼ਾਲਾ’ ਲੋਕਾਂ ਨੂੰ ਯੋਗਾ ਰਾਹੀਂ ਚੰਗੀ ਸਿਹਤ ਪ੍ਰਤੀ ਜਾਗਰੂਕ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਸਿਹਤ ਮੰਤਰੀ ਨੇ ਕਿਹਾ ਪੰਜਾਬ ਸਰਕਾਰ ਦਾ ਮਕਸਦ ਲੋਕਾਂ ਨੂੰ ਬਿਨਾਂ ਦਵਾਈਆਂ ਤੋਂ ਬਿਮਾਰੀਆਂ ਤੋਂ ਬਚਾਉਣਾ ਹੈ, ਯੋਗਾ ਰਾਹੀਂ ਲੋਕਾਂ ਨੂੰ ਡਾਕਟਰਾਂ ਦੀ ਵੀ ਲੋ਼ੜ ਨਹੀਂ ਪਵੇਗੀ। ਰੋਜ਼ਾਨਾ ਯੋਗਾ ਕਰਕੇ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਥਾਣਾ ਡੇਹਲੋਂ ’ਚ ਤਾਇਨਾਤ ਏ. ਐੱਸ. ਆਈ. ਤੇ ਹੌਲਦਾਰ ਗ੍ਰਿਫ਼ਤਾਰ, ਹੈਰਾਨ ਕਰਨ ਵਾਲਾ ਹੈ ਮਾਮਲਾ
ਸਿਹਤ ਮੰਤਰੀ ਨੇ ਕਿਹਾ ਕਿ ਯੋਗਾ ਦਾ ਬਿਮਾਰੀ ਵਿਚ ਬਹੁਤ ਪਾਜ਼ੇਟਿਵ ਰੋਲ ਹੁੰਦਾ ਹੈ। ਯੋਗਾ ਨਾਲ ਸਾਡੇ ਸਰੀਰ ਦੇ ਅੰਗ ਤੰਦਰੁਸਤ ਰਹਿੰਦੇ ਹਨ। ਲਿਹਾਜ਼ਾ ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣ ਵੱਲ ਇਹ ਇਕ ਸ਼ਾਨਦਾਰ ਕਦਮ ਹੈ, ਜਿਸ ਦਾ ਫਾਇਦਾ ਹਰ ਵਰਗ ਨੂੰ ਲੈਣਾ ਚਾਹੀਦਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਇਕ ਸਾਲ ਵਿਚ ਬਿਹਤਰੀਨ ਕੰਮ ਕੀਤੇ ਹਨ ਜਿਸ ਦੇ ਤਹਿਤ ‘ਸੀ. ਐੱਮ. ਯੋਗਸ਼ਾਲਾ’ ਪੰਜਾਬ ਦੇ ਲੋਕਾਂ ਨੂੰ ਇਕ ਵੱਡਾ ਤੋਹਫਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ’ਚ ਪੰਜਾਬੀਆਂ ਦੇ ਗੁਰਦੇ ਫੇਲ੍ਹ ਹੋ ਰਹੇ ਹਨ, ਗੋਡੇ ਬਦਲਣੇ ਪੈ ਰਹੇ ਹਨ, ਸਟੰਟ ਪੈ ਰਹੇ ਹਨ। ਯੋਗਾ ਨੂੰ ਆਪਣੇ ਜ਼ਿੰਦਗੀ ਵਿਚ ਸ਼ਾਮਲ ਕਰਕੇ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿਚ ਬਲੱਡ ਪ੍ਰੈਸ਼ਰ, ਸ਼ੂਗਰ ਦਾ ਇਲਾਜ ਆਦਿ ਵਰਗੀਆਂ ਛੋਟੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਲੋਕਾਂ ਦੀ ਤੰਦਰੁਸਤੀ ਲਈ ਇਕ ਕਦਮ ਹੋਰ ਚੁੱਕਿਆ ਹੈ, ਜਿੱਥੇ ਵੀ ਲੋਕ ਚਾਹੁਣਗੇ ਉਥੇ ਆ ਕੇ ਯੋਗਾ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ : ਨਿੱਜੀ ਸਕੂਲਾਂ ਵਲੋਂ ਕਿਤਾਬਾਂ ਅਤੇ ਫੰਡਾਂ ਦੇ ਨਾਂ ’ਤੇ ਕੀਤੀ ਜਾ ਰਹੀ ਲੁੱਟ ਖ਼ਿਲਾਫ਼ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।