ਗੁਜਰਾਤ ਚੋਣਾਂ ਨੂੰ ਵੇਖਦਿਆਂ ਮੁੱਖ ਮੰਤਰੀ ਦੇ ਅਗਲੇ 2 ਮਹੀਨਿਆਂ ’ਚ ਕਾਫੀ ਚੋਣ ਰੁਝੇਵੇਂ ਰਹਿਣਗੇ
Thursday, Oct 13, 2022 - 04:01 PM (IST)
ਜਲੰਧਰ (ਧਵਨ) : ਗੁਜਰਾਤ ’ਚ ਦਸੰਬਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਅਗਲੇ 2 ਮਹੀਨਿਆਂ ਵਿਚ ਚੋਣ ਪ੍ਰਚਾਰ ’ਚ ਕਾਫੀ ਰੁੱਝੇ ਰਹਿਣ ਵਾਲੇ ਹਨ। ਸੂਤਰਾਂ ਨੇ ਦੱਸਿਆ ਕਿ ਭਗਵੰਤ ਮਾਨ ਨੂੰ ਲੈ ਕੇ ਗੁਜਰਾਤ ਦੇ ਵੱਖ-ਵੱਖ ਖੇਤਰਾਂ ’ਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਉਨ੍ਹਾਂ ਨੂੰ ਭੇਜਣ ਦੀ ਮੰਗ ਆ ਰਹੀ ਹੈ। ਭਗਵੰਤ ਮਾਨ ਦੇ ਬੋਲਣ ਦੀ ਸ਼ੈਲੀ ਤੋਂ ਗੁਜਰਾਤੀ ਕਾਫੀ ਪ੍ਰਭਾਵਿਤ ਹੋ ਰਹੇ ਹਨ, ਇਸ ਲਈ ‘ਆਪ’ ਦੇ ਵੱਖ-ਵੱਖ ਉਮੀਦਵਾਰ ਭਗਵੰਤ ਮਾਨ ਨੂੰ ਆਪੋ-ਆਪਣੇ ਖੇਤਰਾਂ ’ਚ ਚੋਣ ਪ੍ਰਚਾਰ ਵਾਸਤੇ ਭੇਜਣ ਲਈ ਕਹਿ ਰਹੇ ਹਨ। ਮੁੱਖ ਮੰਤਰੀ ਦੀਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਕਈ ਸਾਂਝੀਆਂ ਚੋਣ ਰੈਲੀਆਂ ਹੋਣੀਆਂ ਹਨ ਪਰ ਇਸ ਦੇ ਬਾਵਜੂਦ ਕੁਝ ਥਾਵਾਂ ’ਤੇ ਭਗਵੰਤ ਮਾਨ ਇਕੱਲੇ ਵੀ ਚੋਣ ਪ੍ਰਚਾਰ ਲਈ ਜਾ ਸਕਦੇ ਹਨ। ਗੁਜਰਾਤ ਚੋਣਾਂ ਵਿਚ ਭਗਵੰਤ ਮਾਨ ਸਟਾਰ ਪ੍ਰਚਾਰਕ ਵਜੋਂ ਉੱਭਰ ਕੇ ਸਾਹਮਣੇ ਆਏ ਹਨ। ਹੁਣ ਤਕ ਉਹ ਕੇਜਰੀਵਾਲ ਨਾਲ ਕਈ ਚੋਣ ਮੀਟਿੰਗਾਂ ਵਿਚ ਹਿੱਸਾ ਲੈ ਚੁੱਕੇ ਹਨ।
ਇਹ ਖ਼ਬਰ ਵੀ ਪੜ੍ਹੋ - ਗਾਰਡਨ ਦੇ ਤਲਾਬ 'ਚ ਡੁੱਬਣ ਕਾਰਨ 12 ਸਾਲਾ ਬੱਚੇ ਦੀ ਮੌਤ
ਅਗਲੇ ਕੁਝ ਦਿਨਾਂ ਵਿਚ ਗੁਜਰਾਤ ਚੋਣਾਂ ਦੇ ਪ੍ਰੋਗਰਾਮਾਂ ਦਾ ਵੀ ਐਲਾਨ ਹੋਣਾ ਹੈ, ਇਸ ਲਈ ਉਸ ਤੋਂ ਬਾਅਦ ਮੁੱਖ ਮੰਤਰੀ ਅਤੇ ਪੰਜਾਬ ਦੇ ਕਈ ਮੰਤਰੀ ਗੁਜਰਾਤ ਦਾ ਰੁਖ਼ ਕਰਨਗੇ। ਹਿਮਾਚਲ ਪ੍ਰਦੇਸ਼ ਵਿਚ ਵੀ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਇਸ ਲਈ ਭਗਵੰਤ ਮਾਨ ਨੂੰ ਉੱਥੇ ਵੀ ਜਾਣਾ ਪਵੇਗਾ। ਪੰਜਾਬ ਦੇ ਕੁਝ ਮੰਤਰੀਆਂ ਨੂੰ ਵੀ ਗੁਜਰਾਤ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਭੇਜਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ‘ਆਪ’ ਦੇ ਨੌਜਵਾਨ ਸੰਸਦ ਮੈਂਬਰ ਰਾਘਵ ਚੱਢਾ ਨੇ ਪਹਿਲਾਂ ਹੀ ਗੁਜਰਾਤ ’ਚ ਡੇਰਾ ਲਾਇਆ ਹੋਇਆ ਹੈ ਅਤੇ ਰੋਜ਼ਾਨਾ ਚੋਣ ਪ੍ਰਚਾਰ ’ਚ ਲੱਗੇ ਹੋਏ ਹਨ। ਆਮ ਆਦਮੀ ਪਾਰਟੀ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਚ ਖੁਦ ਨੂੰ ਮਜ਼ਬੂਤ ਬਣਾਉਣ ’ਚ ਲੱਗੀ ਹੋਈ ਹੈ। ਹਿਮਾਚਲ ਪ੍ਰਦੇਸ਼ ਪੰਜਾਬ ਦੇ ਨਾਲ ਲੱਗਦਾ ਹੈ, ਇਸ ਲਈ ਪੰਜਾਬ ਦੇ ਕਈ ਕੈਬਨਿਟ ਮੰਤਰੀਆਂ ਦੀਆਂ ਡਿਊਟੀਆਂ ਵੀ ਉੱਥੇ ਲਾ ਦਿੱਤੀਆਂ ਗਈਆਂ ਹਨ, ਜੋ ਚੋਣ ਪ੍ਰਚਾਰ ਕਰਨ ਲਈ ਹੁਣੇ ਤੋਂ ਜਾ ਰਹੇ ਹਨ।