ਅਹਿਮ ਖ਼ਬਰ, ਇਸ ਦਿਨ ਤੋਂ ਚੱਲੇਗੀ ਦਿੱਲੀ ਏਅਰਪੋਰਟ ਲਈ ਵੋਲਵੋ ਬੱਸ, ਅੱਧੇ ਕਿਰਾਏ ’ਚ ਮਿਲੇਗਾ ‘ਲਗਜ਼ਰੀ ਸਫ਼ਰ’
Wednesday, Jun 08, 2022 - 05:29 PM (IST)
ਜਲੰਧਰ (ਪੁਨੀਤ)– ਪੰਜਾਬ ਸਰਕਾਰ ਦੀਆਂ ਵੋਲਵੋ ਬੱਸਾਂ ਦੀ ਦਿੱਲੀ ਏਅਰਪੋਰਟ ਲਈ ਸਰਵਿਸ 15 ਜੂਨ ਤੋਂ ਸ਼ੁਰੂ ਹੋਣ ਵਾਲੀ ਹੈ। ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਤੋਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਮਹਿਕਮੇ ਵੱਲੋਂ 1 ਜੂਨ ਨੂੰ ਬੱਸਾਂ ਨੂੰ ਰਵਾਨਾ ਕਰਨ ਦੀ ਯੋਜਨਾ ਬਣਾਈ ਗਈ ਸੀ ਪਰ ਮੂਸੇਵਾਲਾ ਕਾਂਡ ਕਾਰਨ ਸੀ. ਐੱਮ. ਕੋਲੋਂ ਸਮਾਂ ਨਹੀਂ ਮਿਲ ਸਕਿਆ।
ਸੂਤਰਾਂ ਨੇ ਦੱਸਿਆ ਕਿ ਸੀ. ਐੱਮ. ਆਫ਼ਿਸ ਤੋਂ 15 ਜੂਨ ਦਾ ਸਮਾਂ ਮਿਲਿਆ ਹੈ, ਜਿਸ ਨੂੰ ਲੈ ਕੇ ਮਹਿਕਮਾ ਤਿਆਰੀਆਂ ਵਿਚ ਜੁਟ ਗਿਆ ਹੈ। ਜਲੰਧਰ ਐੱਨ. ਆਈ. ਆਰ. ਬੈਲਟ ਹੋਣ ਕਾਰਨ ਬੱਸਾਂ ਨੂੰ ਹਰੀ ਝੰਡੀ ਵਿਖਾਉਣ ਦਾ ਪ੍ਰੋਗਰਾਮ ਜਲੰਧਰ ਵਿਚ ਰੱਖਿਆ ਗਿਆ ਹੈ। ਇਹ ਹੁਕਮ ਜ਼ੁਬਾਨੀ ਹੈ, ਸੀ. ਐੱਮ. ਆਫ਼ਿਸ ਤੋਂ ਲਿਖਤੀ ਹੁਕਮ ਦੀ ਉਡੀਕ ਹੈ। ਡਿਪੂਆਂ ਨੂੰ ਜਾਰੀ ਹਦਾਇਤਾਂ ਵਿਚ ਬੱਸਾਂ ਨੂੰ 15 ਜੂਨ ਤੋਂ ਪਹਿਲਾਂ ਪੂਰੀ ਤਰ੍ਹਾਂ ਤਿਆਰ ਰੱਖਣ ਨੂੰ ਕਿਹਾ ਗਿਆ ਹੈ।
ਜ਼ਿਕਰਯੋਗ ਹੈ ਕਿ ਸਰਕਾਰੀ ਵੋਲਵੋ ਬੱਸਾਂ ਚੱਲਣ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਹ ਪ੍ਰਾਈਵੇਟ ਬੱਸਾਂ ਦੇ ਮੁਕਾਬਲੇ ਅੱਧੇ ਕਿਰਾਏ ’ਚ ਲਗਜ਼ਰੀ ਸਫ਼ਰ ਦਾ ਆਨੰਦ ਮਾਣ ਸਕਣਗੇ। ਪ੍ਰਾਈਵੇਟ ਬੱਸਾਂ 2500 ਤੋਂ 3000 ਰੁਪਏ ਕਿਰਾਇਆ ਵਸੂਲ ਰਹੀਆਂ ਹਨ, ਜਦਕਿ ਸਰਕਾਰੀ ਵੋਲਵੋ ਬੱਸਾਂ ਦਿੱਲੀ ਦੇ ਕਸ਼ਮੀਰੀ ਗੇਟ ਤੱਕ ਜਾਣ ਦੇ 1030 ਰੁਪਏ ਚਾਰਜ ਕਰਦੀਆਂ ਹਨ। ਕਸ਼ਮੀਰੀ ਗੇਟ ਤੋਂ ਦਿੱਲੀ ਏਅਰਪੋਰਟ ਦੂਰ ਪੈਂਦਾ ਹੈ, ਜਿਸ ਕਾਰਨ ਕਿਲੋਮੀਟਰ ਦੇ ਹਿਸਾਬ ਨਾਲ ਡੇਢ ਸੌ-ਦੋ ਸੌ ਰੁਪਏ ਕਿਰਾਏ ਵਿਚ ਜੋੜੇ ਜਾਣਗੇ। ਅਧਿਕਾਰੀਆਂ ਦਾ ਕਹਿਣਾ ਕਿ ਇਸ ਸਬੰਧ ਵਿਚ ਚੰਡੀਗੜ੍ਹ ਵਿਚ ਪ੍ਰਪੋਜ਼ਲ ਭੇਜੀ ਗਈ ਹੈ, ਜਿਸ ਵਿਚ 1500 ਤੋਂ ਘੱਟ ਕਿਰਾਇਆ ਲੈਣ ’ਤੇ ਸਹਿਮਤੀ ਬਣੀ ਹੈ।
ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਵੱਲੋਂ ਸ੍ਰੀ ਆਨੰਦਪੁਰ ਸਾਹਿਬ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਦਾ ਖ਼ੁਲਾਸਾ, ਮਾਨ ਸਰਕਾਰ 'ਤੇ ਚੁੱਕੇ ਸਵਾਲ
ਪ੍ਰਾਈਵੇਟ ਵਾਂਗ ਸਰਕਾਰੀ ਬੱਸਾਂ ਵਿਚ ਯਾਤਰੀਆਂ ਦੀ ਹਰ ਸਹੂਲਤ ਦਾ ਪ੍ਰਬੰਧ ਰਹੇਗਾ ਅਤੇ ਇਨ੍ਹਾਂ ਬੱਸਾਂ ਦੇ ਚਾਲਕ ਦਲ ਵੀ ਪੜ੍ਹੇ-ਲਿਖੇ ਨੌਜਵਾਨ ਹੋਣਗੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫਲਾਈਟ ਅਟੈਂਡੈਂਟ ਵਾਂਗ ਚਾਲਕ ਦਲ ਵੈੱਲ ਡਰੈੱਸਡ ਹੋਵੇਗਾ। ਵੋਲਵੋ ਬੱਸਾਂ ਦਾ ਜਲੰਧਰ ਤੋਂ ਰਵਾਨਾ ਹੋਣ ਦਾ ਸਮਾਂ ਸਵੇਰੇ 11.15, 1.15 ਅਤੇ ਰਾਤ 8.30 ਦਾ ਹੈ, ਜਦੋਂ ਕਿ 3 ਬੱਸਾਂ
ਵੱਖ-ਵੱਖ ਸਮੇਂ ’ਤੇ ਦਿੱਲੀ ਤੋਂ ਜਲੰਧਰ ਆਉਂਦੀਆਂ ਹਨ। ਕੁੱਲ ਮਿਲਾ ਕੇ ਦਿੱਲੀ ਰੂਟ ’ਤੇ 6 ਬੱਸਾਂ ਚਲਦੀਆਂ ਹਨ, ਜਿਹੜੀਆਂ ਕਿ ਕਸ਼ਮੀਰੀ ਗੇਟ ਬੱਸ ਅੱਡੇ ਤੱਕ ਆਪਣੀਆਂ ਸੇਵਾਵਾਂ ਦਿੰਦੀਆਂ ਹਨ। ਹੁਣ ਉਕਤ ਬੱਸਾਂ ਏਅਰਪੋਰਟ ਤੱਕ ਜਾਣਗੀਆਂ। ਇਨ੍ਹਾਂ ਬੱਸਾਂ ਦਾ ਟਾਈਮ ਟੇਬਲ ਫਾਈਨਲ ਕੀਤਾ ਜਾ ਰਿਹਾ ਹੈ, ਜਿਸ ਦਾ ਆਉਣ ਵਾਲੇ 1-2 ਦਿਨਾਂ ਵਿਚ ਪਤਾ ਲੱਗ ਜਾਵੇਗਾ।
ਵੋਲਵੋ ਜ਼ਰੀਏ ਵੱਡੇ ਅਤੇ ਛੋਟੇ ਸ਼ਹਿਰ ਵੀ ਹੋਣਗੇ ਕਵਰ
ਇਹ ਬੱਸਾਂ ਜਲੰਧਰ, ਚੰਡੀਗੜ੍ਹ, ਰੂਪਨਗਰ, ਹੁਸ਼ਿਆਰਪੁਰ, ਲੁਧਿਆਣਾ, ਅੰਮ੍ਰਿਤਸਰ 1-2, ਮੋਗਾ, ਪਠਾਨਕੋਟ, ਮੁਕਤਸਰ ਸਾਹਿਬ ਅਤੇ ਐੱਸ. ਬੀ. ਐੱਸ. ਨਗਰ ਨੂੰ ਰਵਾਨਾ ਹੋਣਗੀਆਂ। ਇਨ੍ਹਾਂ ਬੱਸਾਂ ਜ਼ਰੀਏ ਮੁੱਖ ਸ਼ਹਿਰਾਂ ਦੇ ਨਾਲ-ਨਾਲ ਛੋਟੇ ਸ਼ਹਿਰਾਂ ਨੂੰ ਵੀ ਕਵਰ ਕੀਤਾ ਜਾਵੇਗਾ। ਅਧਿਕਾਰੀਆਂ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਬੱਸਾਂ ਬਾਹਰੋਂ ਦਿੱਸਣ ਵਿਚ ਸਾਫ ਹੋਣੀਆਂ ਚਾਹੀਦੀਆਂ ਹਨ। ਕਿਸੇ ’ਤੇ ਡੈਂਟ ਆਦਿ ਦਾ ਨਿਸ਼ਾਨ ਨਾ ਹੋਵੇ। ਅੰਦਰ ਬੱਸਾਂ ਦੀਆਂ ਸੀਟਾਂ ਸਾਫ-ਸੁਥਰੀਆਂ ਹੋਣੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ: ਸੰਦੀਪ ਨੰਗਲ ਅੰਬੀਆਂ ਕਤਲ ਕਾਂਡ: 2 ਸ਼ੂਟਰ ਸਣੇ 5 ਵਿਅਕਤੀ ਗ੍ਰਿਫ਼ਤਾਰ, ਕੀਤੇ ਹੈਰਾਨੀਜਨਕ ਖ਼ੁਲਾਸੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ