''ਪਾਪੀਆਂ ਨੂੰ ਪੰਜਾਬ ਦੀ ਧਰਤੀ ''ਤੇ ਮਿਲੇਗੀ ਬਣਦੀ ਸਜ਼ਾ'', ਖੰਨਾ ਐਨਕਾਊਂਟਰ ਮਗਰੋਂ ਬੋਲੇ CM ਮਾਨ
Thursday, Mar 13, 2025 - 08:44 PM (IST)

ਨਾਭਾ : ਬੀਤੇ ਦਿਨੀਂ ਖੰਨਾ ਸ਼ਹਿਰ ਦੇ ਪਿੰਡ ਸੀਹਾ ਦੋਦਾ ਤੋਂ ਅਗਵਾ ਹੋਏ ਸੱਤ ਸਾਲਾ ਬੱਚੇ ਭਵਕੀਰਤ ਸਿੰਘ ਨੂੰ ਪੁਲਸ ਨੇ ਬਰਾਮਦ ਕਰ ਲਿਆ ਹੈ। ਨਾਭਾ ਨੇੜੇ ਹੋਏ ਐਨਕਾਊਂਟਰ ਤੋਂ ਬਾਅਦ ਪੁਲਸ ਨੇ ਬੱਚੇ ਨੂੰ ਮੁਲਜ਼ਮਾਂ ਦੀ ਗ੍ਰਿਫਤ 'ਚੋਂ ਛੁਡਵਾ ਲਿਆ। ਇਸ ਦੌਰਾਨ ਪਿੰਡ ਦੇ ਹੀ ਜਸਪ੍ਰੀਤ ਸਿੰਘ ਨੂੰ ਐਨਕਾਊਂਟਰ ਦੌਰਾਨ ਢੇਰ ਕਰ ਦਿੱਤਾ ਗਿਆ ਤੇ ਇਸ ਦੇ ਸਾਥੀ ਜ਼ਖਮੀ ਦੱਸੇ ਜਾ ਰਹੇ ਹਨ।
ਭਵਜੀਤ ਦੇ ਪਿਤਾ ਜੀ ਨਾਲ ਗੱਲ ਹੋਈ..ਪਰਿਵਾਰ ਹੁਣ ਸਕੂਨ ਮਹਿਸੂਸ ਕਰ ਰਿਹਾ ਹੈ.ਦੋਸ਼ੀਆਂ ਤੇ ਪਾਪੀਆਂ ਨੂੰ ਪੰਜਾਬ ਦੀ ਧਰਤੀ ਤੇ ਬਣਦੀ ਸਜ਼ਾ ਮਿਲੇਗੀ..
— Bhagwant Mann (@BhagwantMann) March 13, 2025
ਇਸ ਸਭ ਦੇ ਵਿਚਾਲੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਟਵੀਟ ਵੀ ਸਾਹਮਣੇ ਆਇਆ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਭਵਕੀਰਤ ਦੇ ਪਿਤਾ ਜੀ ਨਾਲ ਗੱਲ ਹੋਈ..ਪਰਿਵਾਰ ਹੁਣ ਸਕੂਨ ਮਹਿਸੂਸ ਕਰ ਰਿਹਾ ਹੈ। ਦੋਸ਼ੀਆਂ ਤੇ ਪਾਪੀਆਂ ਨੂੰ ਪੰਜਾਬ ਦੀ ਧਰਤੀ ਤੇ ਬਣਦੀ ਸਜ਼ਾ ਮਿਲੇਗੀ..।
ਦੱਸਣਯੋਗ ਹੈ ਕਿ 2 ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਬੱਚੇ ਭਵਕੀਰਤ ਸਿੰਘ ਪੁੱਤਰ ਰਣਬੀਰ ਸਿੰਘ ਨੂੰ ਪਿੰਡ ਸੀਹਾ ਦੋਦਾ ਤੋਂ ਉਸ ਸਮੇਂ ਅਗਵਾ ਕਰ ਲਿਆ ਸੀ ਜਦੋਂ ਉਹ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ। ਇਸ ਘਟਨਾ ਦੀ ਸੀ. ਸੀ. ਟੀ. ਵੀ. ਵੀਡੀਓ ਵੀ ਸਾਹਮਣੇ ਆਈ ਸੀ, ਪੁਲਸ ਲਗਾਤਾਰ ਮੁਲਜ਼ਮਾਂ ਦਾ ਪਿੱਛਾ ਕਰ ਰਹੀ ਸੀ।
ਇਸ ਦੌਰਾਨ ਤਿੰਨ ਜ਼ਿਲ੍ਹਿਆਂ ਦੀ ਪੁਲਸ ਨੇ ਅਗਵਾਕਾਰਾਂ ਨੂੰ ਨਾਭਾ ਬਲਾਕ ਦੇ ਪਿੰਡ ਮੰਡੋਰ ਵਿਖੇ ਘੇਰਾ ਪਾ ਲਿਆ। ਇਸ ਦੌਰਾਨ ਦੋਵਾਂ ਪਾਸਿਓਂ ਮੁਕਾਬਲਾ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿਚ ਪੁਲਸ ਬਲ ਵੱਲੋਂ ਪਿੰਡ ਮੰਡੋਰ ਨੂੰ ਚਾਰੇ ਪਾਸਿਓਂ ਘੇਰ ਲਿਆ। ਮੁਕਾਬਲੇ ਤੋਂ ਬਾਅਦ ਪੁਲਸ ਨੇ ਬੱਚੇ ਨੂੰ ਬਰਾਮਦ ਕਰ ਲਿਆ ਅਤੇ ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।