CM ਮਾਨ ਨੇ ਸੰਘਰਸ਼ੀ ਲੋਕਾਂ ਖ਼ਿਲਾਫ਼ ਦਮਨ ਲਈ ਕੇਂਦਰ ਤੋਂ ਮੰਗੇ ਨੀਮ ਫੌਜੀ ਦਲ : ਬੀਬੀ ਰਾਜਵਿੰਦਰ ਰਾਜੂ

Tuesday, May 17, 2022 - 05:06 PM (IST)

ਚੰਡੀਗੜ੍ਹ (ਬਿਊਰੋ) : ਮਹਿਲਾ ਕਿਸਾਨ ਯੂਨੀਅਨ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ’ਚ ਹੱਕ ਮੰਗਦੇ ਲੋਕਾਂ ਖ਼ਿਲਾਫ਼ ਦਮਨਕਾਰੀ ਦੌਰ ਚਲਾਉਣ ਦੇ ਮਨੋਰਥ ਨਾਲ ਕੇਂਦਰ ਤੋਂ ਨੀਮ ਫੌਜੀ ਦਲਾਂ ਦੀਆਂ ਵਾਧੂ ਕੰਪਨੀਆਂ ਮੰਗਵਾਉਣ ਦੀ ਮੰਗ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਹੈ ਇਸ ਕਦਮ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਆਪਣੇ ਪ੍ਰਸ਼ਾਸਨ ਉੱਤੋਂ ਵਿਸ਼ਵਾਸ ਉੱਠਣਾ, ਪ੍ਰਸ਼ਾਸਕੀ ਅਨਾੜੀਪੁਣਾ ਅਤੇ ਸੂਬਾ ਪੁਲਸ ਉਪਰ ਬੇਵਿਸ਼ਵਾਸੀ ਜ਼ਾਹਿਰ ਕਰਨ ਵਾਲਾ ਸਾਬਤ ਹੋਇਆ ਹੈ। ਅੱਜ ਇਥੇ ਇਕ ਬਿਆਨ ’ਚ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਆਖਿਆ ਕਿ ਕਿ ਸੂਬਾ ਸਰਕਾਰ ਕਿਸਾਨਾਂ ਸਮੇਤ ਮਜ਼ਦੂਰਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ ਅਤੇ ਹੋਰ ਵਰਗਾਂ ਦੀਆਂ ਹੱਕੀ ਮੰਗਾਂ ਮੰਨਣ ਤੋਂ ਟਾਲਾ ਵੱਟਦੀ ਆ ਰਹੀ ਹੈ, ਜਿਸ ਕਰਕੇ ਸੂਬੇ ’ਚ ਵੱਖ-ਵੱਖ ਥਾਵਾਂ ਉੱਤੇ ਸੰਘਰਸ਼ੀ ਮੋਰਚੇ ਲੱਗ ਰਹੇ ਹਨ ਪਰ ਲੋਕ ਭਲਾਈ ਦੇ ਵੱਡੇ ਵਾਅਦੇ ਕਰਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਅਜਿਹੇ ਸੰਘਰਸ਼ਾਂ ਖ਼ਿਲਾਫ਼ ਨੀਮ ਫੌਜੀ ਦਲਾਂ ਰਾਹੀਂ ਦਮਨਕਾਰੀ ਨੀਤੀ ਲਾਗੂ ਕਰਨ ਉੱਤੇ ਉਤਾਰੂ ਹੁੰਦੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ : ਦੋਰਾਹਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਹੋਈ ਮੌਤ

ਮਹਿਲਾ ਕਿਸਾਨ ਨੇਤਾ ਨੇ ਆਖਿਆ ਕਿ ਪਿਛਲੇ ਸਮਿਆਂ ਦੌਰਾਨ ਪੰਜਾਬ ’ਚ ਨੀਮ ਫੌਜੀ ਦਲਾਂ ਦੀ ਤਾਇਨਾਤੀ ਨਾਲ ਪੰਜਾਬ ਸਿਰ ਵਾਧੂ ਕਰਜ਼ਾ ਚੜ੍ਹਿਆ ਹੋਇਆ ਹੈ। ਇਸ ਤੋਂ ਇਲਾਵਾ ਸੂਬੇ ਦੇ ਪ੍ਰਮੁੱਖ ਸਥਾਨਾਂ ਉੱਤੇ ਪਹਿਲਾਂ ਹੀ ਨੀਮ ਫੌਜੀ ਦਲਾਂ ਦੀਆਂ ਕੰਪਨੀਆਂ ਸੁਰੱਖਿਆ ਲਈ ਤਾਇਨਾਤ ਹਨ ਅਤੇ ਸਰਹੱਦਾਂ ਉਪਰ ਬੀ.ਐੱਸ.ਐੱਫ. ਦੀ ਤਾਇਨਾਤੀ ਹੈ ਤਾਂ ਸੂਬੇ ’ਚ ਮੌਜੂਦ ਅਜਿਹੀ ਸਖ਼ਤ ਸੁਰੱਖਿਆ ਦੇ ਮੱਦੇਨਜ਼ਰ ਜਨਤਕ ਸੰਘਰਸ਼ਾਂ ਨੂੰ ਦੇਖਦਿਆਂ ਨੀਮ ਫੌਜੀ ਦਲਾਂ ਦੀ ਫਾਲਤੂ ਤਾਇਨਾਤੀ ਕਰਾਉਣੀ ਲੋਕਤੰਤਰੀ ਹੱਕ-ਹਕੂਕਾਂ ਦੇ ਖ਼ਿਲਾਫ ਹੈ। ਕਿਸਾਨ ਨੇਤਾ ਨੇ ਮੁੱਖ ਮੰਤਰੀ ਮਾਨ ਨੂੰ ਸਲਾਹ ਦਿੱਤੀ ਕਿ ਚੋਣਾਂ ਜਿੱਤਣ ਲਈ ਜਨਤਾ ਨੂੰ ਦਿੱਤੀਆਂ ਗਾਰੰਟੀਆਂ ਲਾਗੂ ਕਰਕੇ ਪੰਜਾਬ ਦੇ ਸਭ ਵਰਗਾਂ ਨੂੰ ਸੰਤੁਸ਼ਟ ਕਰਨ ਤਾਂ ਜੋ ਸੂੁਬੇ ’ਚ ਸੁਖਾਵਾਂ ਮਾਹੌਲ ਕਾਇਮ ਹੋ ਸਕੇ ਅਤੇ ਪੰਜਾਬ ਤਰੱਕੀ ਦੇ ਰਾਹ ਉੱਤੇ ਚੱਲ ਸਕੇ।

ਇਹ ਵੀ ਪੜ੍ਹੋ : ਕਣਕ ਦੀ ਬਰਾਮਦ ’ਤੇ ਪਾਬੰਦੀ ਨੂੰ ਲੈ ਕੇ ਸੁੁਖਬੀਰ ਬਾਦਲ ਵੱਲੋਂ ਕੇਂਦਰ ਦੀ ਨਿਖੇਧੀ, ਕਿਸਾਨਾਂ ਲਈ ਕੀਤੀ ਇਹ ਮੰਗ

 


Manoj

Content Editor

Related News