ਹੜ੍ਹਾਂ ਨਾਲ ਹੋਏ ਨੁਕਸਾਨ ਵਿਚਾਲੇ ਕੇਂਦਰ ਤੋਂ ਸਹਾਇਤਾ ਮੰਗਣ ਬਾਰੇ CM ਮਾਨ ਦਾ ਵੱਡਾ ਬਿਆਨ, ਕਹੀਆਂ ਇਹ ਗੱਲਾਂ

Thursday, Jul 13, 2023 - 10:09 PM (IST)

ਪਟਿਆਲਾ (ਸੁਖਦੀਪ ਸਿੰਘ ਮਾਨ): ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਅਨੁਮਾਨ ਰਿਪੋਰਟ ਕੇਂਦਰ ਨੂੰ ਜ਼ਰੂਰ ਭੇਜਾਂਗੇ ਪਰ ਪੰਜਾਬ ਕੇਂਦਰ ਸਰਕਾਰ ਤੋਂ ਵਿੱਤੀ ਸਹਾਇਤਾ ਦੀ ਭੀਖ ਨਹੀਂ ਮੰਗੇਗਾ। ਕੇਂਦਰ ਸੂਬੇ ਦੀ ਮਦਦ ਕਰੇਗਾ ਤਾਂ ਠੀਕ ਨਹੀਂ ਤਾਂ ਸੂਬਾ ਖ਼ੁਦ ਇਸ ਦਾ ਪ੍ਰਬੰਧ ਕਰ ਸਕਦਾ ਹੈ। 

ਇਹ ਖ਼ਬਰ ਵੀ ਪੜ੍ਹੋ - ਹੜ੍ਹ ਦੀ ਮਾਰ ਝੱਲ ਰਹੇ ਕਿਸਾਨਾਂ ਦੀ ਮਦਦ ਲਈ ਅੱਗੇ ਆਈ SGPC, ਐਡਵੋਕੇਟ ਧਾਮੀ ਨੇ ਕੀਤਾ ਇਹ ਐਲਾਨ

ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਜਿਹੜੇ ਲੋਕ ਇਹ ਫੜ੍ਹਾਂ ਮਾਰ ਰਹੇ ਹਨ ਕਿ ਕੇਂਦਰ ਨੇ 218 ਕਰੋੜ ਰੁਪਏ ਜਾਰੀ ਕੀਤੇ ਹਨ, ਉਨ੍ਹਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਫੰਡ ਲੰਘੀ 10 ਜੁਲਾਈ ਨੂੰ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਹ ਰਕਮ 72 ਘੰਟਿਆਂ ਵਿਚ ਖਰਚ ਨਹੀਂ ਕਰ ਸਕਦੀ ਕਿਉਂਕਿ ਘੱਟ ਤੋਂ ਘੱਟ ਨੁਕਸਾਨ ਲਈ ਸਰਕਾਰ ਨੇ ਪਹਿਲਾਂ ਹੀ ਲੋੜੀਂਦੇ ਉਪਰਾਲੇ ਕੀਤੇ ਸਨ। ਭਗਵੰਤ ਮਾਨ ਨੇ ਕਿਹਾ ਕਿ ਘੱਗਰ ਦੀ ਸਫਾਈ ਵੀ ਸੂਬੇ ਦੇ ਬਾਕੀ ਸੇਮ-ਨਾਲਿਆਂ ਵਾਂਗ ਚੰਗੀ ਤਰ੍ਹਾਂ ਕੀਤੀ ਗਈ ਸੀ।

ਇਹ ਖ਼ਬਰ ਵੀ ਪੜ੍ਹੋ - ਸੜਕ ਹਾਦਸਿਆਂ ਨੇ ਉਜਾੜੇ 3 ਘਰ, ਕਾਰ ਤੇ ਟਰੱਕ ਦੀ ਟੱਕਰ ਵੱਜਣ ਨਾਲ ਮੋਟਰਸਾਈਕਲ ਸਵਾਰਾਂ ਦੀ ਹੋਈ ਮੌਤ

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਕੇਂਦਰ ਸਰਕਾਰ ਤੋਂ ਵਿੱਤੀ ਸਹਾਇਤਾ ਦੀ ਭੀਖ ਨਹੀਂ ਮੰਗੇਗਾ ਪਰ ਉਨ੍ਹਾਂ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਅਨੁਮਾਨ ਦੀ ਰਿਪੋਰਟ ਜ਼ਰੂਰ ਭੇਜੇਗਾ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਸੂਬੇ ਵਿਚ ਭਾਰੀ ਨੁਕਸਾਨ ਹੋਇਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਦਾ ਮੁਲਾਂਕਣ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੇਂਦਰ ਸੂਬੇ ਦੀ ਮਦਦ ਕਰੇਗਾ ਤਾਂ ਠੀਕ ਹੈ ਨਹੀਂ ਤਾਂ ਸੂਬਾ ਖੁਦ ਇਸ ਦਾ ਪ੍ਰਬੰਧ ਕਰਨ ਦੇ ਸਮਰੱਥ ਹੈ।

ਇਹ ਖ਼ਬਰ ਵੀ ਪੜ੍ਹੋ - ਹੜ੍ਹ ਪ੍ਰਭਾਵਿਤ ਇਲਾਕੇ 'ਚ ਆਹਮੋ-ਸਾਹਮਣੇ ਹੋਏ ਜੈਇੰਦਰ ਕੌਰ ਤੇ ਕੈਬਨਿਟ ਮੰਤਰੀ ਜੌੜਾਮਾਜਰਾ, ਹੋਈ ਤਿੱਖੀ ਬਹਿਸ

ਮੁੱਖ ਮੰਤਰੀ ਨੇ ਕਿਹਾ ਕਿ ਨਹਿਰਾਂ ਤੇ ਖਾਲਿਆਂ ਦੀ ਅਗਾਊਂ ਸਫ਼ਾਈ ਕਰਨ ਕਰਕੇ ਇਸ ਵਾਰ ਪਾਣੀ ਟੇਲਾਂ ਤਕ ਪਹੁੰਚ ਗਿਆ ਸੀ। ਹੁਣ ਵੀ ਇਨ੍ਹਾਂ ਨਾਲਿਆਂ ਅਤੇ ਖਾਲਿਆਂ ਦੀ ਰਾਹੀਂ ਪਾਣੀ ਜਾ ਰਿਹਾ ਹੈ ਜਿਸ ਨਾਲ ਨੁਕਸਾਨ ਘੱਟ ਹੁੰਦਾ ਹੈ। ਉਂਝ ਪੰਜਾਬ ਅਤੇ ਗੁਆਂਢੀ ਪਹਾੜੀ ਸੂਬੇ ਵਿਚ ਲਗਾਤਾਰ ਮੀਂਹ ਨੇ ਪੰਜਾਬ ਵਿਚ ਤਬਾਹੀ ਮਚਾਈ ਹੋਈ ਹੈ ਪਰ ਸੂਬਾ ਸਰਕਾਰ ਸੰਕਟ ਦੀ ਇਸ ਘੜੀ ਵਿਚ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਯਕੀਨੀ ਬਣਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਪੰਜਾਬ ਵਿਚ ਮੀਂਹ ਘੱਟ ਪਿਆ ਹੈ ਪਰ ਪਹਾੜਾਂ ਤੋਂ ਬਹੁਤ ਸਾਰਾ ਪਾਣੀ ਹੇਠਾਂ ਵੱਲ ਆਇਆ ਹੈ ਅਤੇ ਪੰਜਾਬ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਭਗਵੰਤ ਮਾਨ ਨੇ ਕਿਹਾ, “ਪੰਜਾਬੀਆਂ ਨੂੰ ਹਰ ਔਕੜ ਵਿਚ ਚੜ੍ਹਦੀ ਕਲਾ ’ਚ ਰਹਿਣ ਦੀ ਬਖਸ਼ਿਸ਼ ਹਾਸਲ ਹੈ, ਜਿਸ ਕਰਕੇ ਉਹ ਸਦੀਆਂ ਤੋਂ ਕਾਇਮ ਹਨ। ਇਸ ਔਖੀ ਘੜੀ ਵਿਚ ਪੰਜਾਬੀਆਂ ਨੇ ਇਕ-ਦੂਜੇ ਦੀ ਮਦਦ ਕਰਕੇ ਭਾਈਚਾਰਕ ਸਾਂਝ ਅਤੇ ਸਦਭਾਵਨਾ ਦੀ ਨਿਵੇਕਲੀ ਮਿਸਾਲ ਦਾ ਪ੍ਰਗਟਾਵਾ ਕੀਤਾ ਹੈ।”

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News