CM ਮਾਨ ਦਾ ਖਿਡਾਰੀਆਂ ਲਈ ਵੱਡਾ ਐਲਾਨ, ਨੈਸ਼ਨਲ ਗੇਮਜ਼-2022 ਦੇ ਜੇਤੂਆਂ ਦਾ ਕੀਤਾ ਸਨਮਾਨ
Friday, Apr 21, 2023 - 01:26 PM (IST)
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਅੱਜ ਇੱਥੇ ਖਿਡਾਰੀਆਂ ਦਾ ਸਨਮਾਨ ਕਰਨ ਲਈ ਪੁੱਜੇ। ਉਨ੍ਹਾਂ ਨੇ ਰਾਸ਼ਟਰੀ ਖੇਡਾਂ 'ਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸ ਸਬੰਧੀ ਮਿਊਂਸੀਪਲ ਭਵਨ 'ਚ ਪ੍ਰੋਗਰਾਮ ਰੱਖਿਆ ਗਿਆ, ਜਿੱਥੇ ਮੁੱਖ ਮੰਤਰੀ ਮਾਨ ਵੱਲੋਂ ਖਿਡਾਰੀਆਂ ਨੂੰ ਸਨਮਾਨ ਰਾਸ਼ੀ ਵੰਡੀ ਗਈ। ਮੁੱਖ ਮੰਤਰੀ ਵੱਲੋਂ ਕੁੱਲ 76 ਮੈਡਲ ਖਿਡਾਰੀਆਂ ਨੂੰ ਦਿੱਤੇ ਜਾ ਰਹੇ ਹਨ।
ਇਸ ਦੇ ਨਾਲ ਮੁੱਖ ਮੰਤਰੀ ਨੇ ਖਿਡਾਰੀਆਂ ਲਈ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਹੁਣ ਹਰ ਮਹੀਨੇ ਨੈਸ਼ਨਲ ਪੱਧਰ ਦੇ ਖਿਡਾਰੀਆਂ ਨੂੰ 16 ਹਜ਼ਾਰ ਰੁਪਏ ਵਜ਼ੀਫ਼ਾ ਮਿਲੇਗਾ, ਜੋ ਕਿ ਪਹਿਲਾਂ 8 ਹਜ਼ਾਰ ਰੁਪਏ ਮਿਲਦਾ ਸੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਖੇਡਾਂ ਅਤੇ ਰੁਜ਼ਗਾਰ ਦੇਵਾਂਗੇ ਤਾਂ ਫਿਰ ਪੰਜਾਬ 'ਚੋਂ ਨਸ਼ੇ ਵੀ ਖ਼ਤਮ ਹੋ ਜਾਣਗੇ। ਬੱਚਿਆਂ ਦੀ ਦਿਲਚਸਪੀ ਜਦੋਂ ਆਪਣੇ ਭਵਿੱਖ ਨੂੰ ਸੁਆਰਨ ਦੀ ਹੋਵੇਗੀ ਤਾਂ ਹੀ ਸਾਡਾ ਸੂਬਾ ਤਰੱਕੀ ਕਰੇਗਾ। ਇਸ ਲਈ ਅਸੀਂ ਨੌਜਵਾਨਾਂ ਦੇ ਸੁਫ਼ਨਿਆਂ ਨੂੰ ਮਰਨ ਨਹੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਜਿਹੜੇ ਖਿਡਾਰੀ ਬਾਹਰੋਂ ਆਉਂਦੇ ਹਨ, ਸਾਰੇ ਗਰੀਬੀ 'ਚੋਂ ਨਿਕਲੇ ਹੋਏ ਹਨ।
ਇਹ ਵੀ ਪੜ੍ਹੋ : ਬਰਖ਼ਾਸਤ ਕੀਤੇ AIG ਰਾਜਜੀਤ ਖ਼ਿਲਾਫ਼ ਵਿਜੀਲੈਂਸ ਬਿਊਰੋ ਨੇ ਦਰਜ ਕੀਤੀ FIR
ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਨੌਕਰੀ ਲਈ ਨਹੀਂ, ਸਗੋਂ ਦੇਸ਼ ਲਈ ਖੇਡਣਾ ਚਾਹੀਦਾ ਹੈ। ਪੁਰਾਣੀਆਂ ਸਰਕਾਰਾਂ ਨੇ ਖਿਡਾਰੀਆਂ ਨੂੰ ਉਹ ਮਾਹੌਲ ਨਹੀਂ ਦਿੱਤਾ, ਜੋ ਉਨ੍ਹਾਂ ਨੂੰ ਮਿਲਣਾ ਚਾਹੀਦਾ ਸੀ, ਇਸ ਲਈ ਜੇਕਰ ਖਿਡਾਰੀ ਬਣਾਉਣੇ ਹਨ ਤਾਂ ਖੇਡਾਂ ਦਾ ਮਾਹੌਲ ਅਤੇ ਮੌਕਾ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਕਈ ਕੈਪਟਨ ਬਹੁਤ ਵਧੀਆ ਹੁੰਦੇ ਹਨ, ਜਿਨ੍ਹਾਂ ਸਦਕਾ ਵਧੀਆ ਖਿਡਾਰੀ ਨਿਕਲਦੇ ਹਨ। ਉਨ੍ਹਾਂ ਕਿਹਾ ਕਿ ਸੂਬੇ 'ਚੋਂ ਖੇਡਾਂ ਦਾ ਕਲਚਰ ਹੀ ਖ਼ਤਮ ਹੋ ਗਿਆ ਹੈ ਅਤੇ ਮਾਂ-ਪਿਓ ਵੀ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਬੱਚਾ ਖਿਡਾਰੀ ਬਣੇ ਕਿਉਂਕਿ ਮਾਪਿਆਂ ਦੀ ਸੋਚ ਹੈ ਕਿ ਇਸ ਨਾਲ ਤਾਂ ਕੁੱਝ ਵੀ ਨਹੀਂ ਮਿਲੇਗਾ। ਸਪੋਰਟ ਇੱਕ ਇਹੋ ਜਿਹੀ ਚੀਜ਼ ਹੈ, ਜਿਹੜੀ ਤੁਹਾਨੂੰ ਹਾਰਨਾ ਸਿਖਾ ਦਿੰਦੀ ਹੈ ਪਰ ਖੇਡਾਂ 'ਚ ਹੀ ਸਿਰਫ ਅਜਿਹਾ ਹੁੰਦਾ ਹੈ ਕਿ ਹਾਰਨ ਵਾਲਾ ਜਿੱਤਣ ਵਾਲੇ ਨੂੰ ਵਧਾਈ ਦਿੰਦਾ ਹੈ। ਜੇਕਰ ਕਿਤੇ ਜ਼ਿੰਦਗੀ 'ਚ ਅਜਿਹਾ ਹੋ ਜਾਵੇ ਤਾਂ ਜ਼ਿੰਦਗੀ ਬਦਲ ਸਕਦੀ ਹੈ ਅਤੇ ਹਰ ਵਿਅਕਤੀ ਅਨੁਸ਼ਾਸਨ 'ਚ ਰਹੇਗਾ। ਕੋਈ ਵੀ ਖੇਡ ਅਜਿਹੀ ਨਹੀਂ ਹੈ, ਜਿਹੜੀ ਪੱਖਪਾਤੀ ਫ਼ੈਸਲੇ ਲੈਣਾ ਸਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਖਿਡਾਰੀ ਸਾਡੇ ਦੇਸ਼ ਦਾ ਮਾਣ ਹਨ ਅਤੇ ਖਿਡਾਰੀਆਂ ਦਾ ਸਨਮਾਨ ਸਾਡੀ ਮੁੱਖ ਤਰਜ਼ੀਹ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ