CM ਮਾਨ ਨੇ 4 ਫ਼ੌਜੀਆਂ ਦੀ ਸ਼ਹਾਦਤ ’ਤੇ ਦੁੱਖ ਪ੍ਰਗਟਾਉਂਦਿਆਂ ਪਰਿਵਾਰਾਂ ਲਈ ਕੀਤਾ ਇਹ ਐਲਾਨ

Friday, Apr 21, 2023 - 09:27 PM (IST)

CM ਮਾਨ ਨੇ 4 ਫ਼ੌਜੀਆਂ ਦੀ ਸ਼ਹਾਦਤ ’ਤੇ ਦੁੱਖ ਪ੍ਰਗਟਾਉਂਦਿਆਂ ਪਰਿਵਾਰਾਂ ਲਈ ਕੀਤਾ ਇਹ ਐਲਾਨ

 ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੰਮੂ-ਕਸ਼ਮੀਰ ’ਚ ਦੇਸ਼ ਸੇਵਾ ਦੀ ਡਿਊਟੀ ਨਿਭਾਉਂਦੇ ਹੋਏ ਸ਼ਹੀਦੀ ਪ੍ਰਾਪਤ ਕਰਨ ਵਾਲੇ 4 ਬਹਾਦਰ ਫ਼ੌਜੀਆਂ ਦੇ ਪਰਿਵਾਰਾਂ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਇਕ-ਇਕ ਕਰੋੜ ਰੁਪਏ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਦਹਿਸ਼ਤਗਰਦੀ ਹਮਲੇ ’ਚ ਸ਼ਹੀਦ ਹੋਏ ਫ਼ੌਜੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਬਹਾਦਰ ਫ਼ੌਜੀ ਜਵਾਨਾਂ ਦੀ ਪਛਾਣ ਹੌਲਦਾਰ ਮਨਦੀਪ ਸਿੰਘ, ਪਿੰਡ ਚਣਕੋਈਆਂ ਕਾਕਨ (ਲੁਧਿਆਣਾ), ਲਾਂਸ ਨਾਇਕ ਕੁਲਵੰਤ ਸਿੰਘ, ਪਿੰਡ ਚੜਿੱਕ (ਮੋਗਾ), ਸਿਪਾਹੀ ਹਰਕ੍ਰਿਸ਼ਨ ਸਿੰਘ, ਪਿੰਡ ਤਲਵੰਡੀ ਭਰਥ (ਗੁਰਦਾਸਪੁਰ) ਅਤੇ ਸਿਪਾਹੀ ਸੇਵਕ ਸਿੰਘ ਪਿੰਡ ਬਾਘਾ (ਬਠਿੰਡਾ) ਵਜੋਂ ਹੋਈ ਹੈ। ਭਗਵੰਤ ਮਾਨ ਨੇ ਅੱਤਵਾਦੀ ਹਮਲੇ ਦੀ ਨਿਖੇਧੀ ਕਰਦੇ ਹੋਏ ਇਸ ਹਮਲੇ ਵਿਚ ਬਹਾਦਰ ਫ਼ੌਜੀਆਂ ਦੀ ਸ਼ਹਾਦਤ ਉੱਤੇ ਦੁੱਖ ਜ਼ਾਹਿਰ ਕੀਤਾ।

ਇਹ ਖ਼ਬਰ ਵੀ ਪੜ੍ਹੋ : ਮਾਨ ਸਰਕਾਰ ਦਾ ਵੱਡਾ ਉਪਰਾਲਾ, ਸਸਤੀ ਰੇਤ ਲਈ 5 ਜ਼ਿਲ੍ਹਿਆਂ ’ਚ ਸ਼ੁਰੂ ਕੀਤੀਆਂ 20 ਹੋਰ ਜਨਤਕ ਖੱਡਾਂ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨੀਤੀ ਮੁਤਾਬਕ ਸ਼ਹੀਦ ਫ਼ੌਜੀ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਐਕਸ-ਗ੍ਰੇਸ਼ੀਆ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਬਹਾਦਰ ਨਾਇਕਾਂ ਵੱਲੋਂ ਦੇਸ਼ ਦੀ ਰਾਖੀ ਲਈ ਦਿਖਾਈ ਸੂਰਮਗਤੀ ਬਾਕੀ ਫ਼ੌਜੀਆਂ ਨੂੰ ਵੀ ਆਪਣੀ ਡਿਊਟੀ ਸਮਰਪਿਤ ਭਾਵਨਾ ਤੇ ਵਚਨਬੱਧਤਾ ਨਾਲ ਨਿਭਾਉਣ ਲਈ ਪ੍ਰੇਰਿਤ ਕਰਦੀ ਰਹੇਗੀ। ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਵੀ ਮੁਲਕ ਨੂੰ ਬਰਤਾਨਵੀ ਹਕੂਮਤ ਤੋਂ ਆਜ਼ਾਦ ਕਰਵਾਉਣ ਲਈ ਪੰਜਾਬੀਆਂ ਨੇ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਕਿਹਾ ਕਿ ਹੁਣ ਪੰਜਾਬੀਆਂ ਵੱਲੋਂ ਸਰਹੱਦਾਂ ਉੱਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਮੋਹਰੀ ਭੂਮਿਕਾ ਨਿਭਾਈ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਰਿਕਸ਼ੇ ਵਾਲੇ ਬਜ਼ੁਰਗ ਦੀ ਤਕਦੀਰ ਨੇ ਰਾਤੋ-ਰਾਤ ਮਾਰੀ ਪਲਟੀ, ਬਣ ਗਿਆ ਕਰੋੜਪਤੀ    


author

Manoj

Content Editor

Related News