ਆਜ਼ਾਦੀ ਦਿਹਾੜੇ 'ਤੇ ਪੰਜਾਬੀਆਂ ਨੂੰ CM ਮਾਨ ਦਾ ਵੱਡਾ ਤੋਹਫ਼ਾ, ਕੀਤੀਆਂ ਦਿਲ ਖੋਲ੍ਹ ਕੇ ਗੱਲਾਂ (ਵੀਡੀਓ)
Monday, Aug 14, 2023 - 01:32 PM (IST)
ਧੂਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਸੂਬੇ ਦੇ ਲੋਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਉਨ੍ਹਾਂ ਨੇ 76 ਹੋਰ ਆਮ ਆਦਮੀ ਕਲੀਨਿਕ ਲੋਕਾਂ ਦੇ ਸਪੁਰਦ ਕਰ ਦਿੱਤੇ ਹਨ। ਪੰਜਾਬ 'ਚ ਇਨ੍ਹਾਂ ਦਾ ਅੰਕੜਾ 583 'ਤੇ ਪਹੁੰਚ ਗਿਆ ਅਤੇ 76 ਹੋਰ ਨਵੇਂ ਆਮ ਆਦਮੀ ਕਲੀਨਿਕਾਂ ਨਾਲ ਇਹ ਗਿਣਤੀ 659 ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਕਲੀਨਿਕ ਉਨ੍ਹਾਂ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ, ਜੋ ਹੁਣ ਤੱਕ ਇਲਾਜ ਮਹਿੰਗਾ ਹੋਣ ਕਰਕੇ ਸਿਹਤ ਸਹੂਲਤਾਂ ਤੋਂ ਵਾਂਝੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਲੀਨਿਕ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੇ ਛੋਟੇ-ਛੋਟੇ ਵਾਰਡਾਂ 'ਚ ਖੋਲ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਲੋਕਾਂ ਨੂੰ ਕਿਸਮਤ 'ਤੇ ਹੀ ਛੱਡ ਦਿੱਤਾ ਸੀ ਪਰ ਅਸੀਂ ਲੋਕਾਂ ਦੀ ਉਮਰ ਵਧਾਉਣ ਦੀ ਗੱਲ ਕਰ ਰਹੇ ਹਾਂ ਅਤੇ ਉਨ੍ਹਾਂ ਦੀਆਂ ਬੀਮਾਰੀਆਂ ਦਾ ਸਮੇਂ ਸਿਰ ਇਲਾਜ ਮੁਹੱਲਾ ਕਲੀਨਿਕਾਂ 'ਚ ਹੋ ਰਿਹਾ ਹੈ।
ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਇਹ ਰਾਹ ਰਹਿਣਗੇ ਬੰਦ, ਟ੍ਰੈਫਿਕ ਰੂਟ ਪਲਾਨ ਜਾਰੀ
ਇਸ ਦੇ ਨਾਲ ਹੀ ਅਸੀਂ 'ਸੜਕ ਸੁਰੱਖਿਆ ਫੋਰਸ' ਬਣਾਈ ਹੈ, ਜੋ ਕਿ ਹਾਦਸਿਆਂ ਦੌਰਾਨ ਜਾਨ ਵਾਲੀਆਂ ਜਾਨਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਫ਼ਨਾ ਹੈ ਕਿ ਧੂਰੀ ਨੂੰ ਪੰਜਾਬ ਦਾ ਰੋਲ ਮਾਡਲ ਬਣਾਇਆ ਜਾਵੇ। ਇੱਥੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਉਨ੍ਹਾਂ ਦੇ ਘਰ 'ਚ ਹੀ ਮੁਹੱਈਆ ਕਰਵਾਉਣ ਲਈ ਇਹ ਸਿਹਤ ਕ੍ਰਾਂਤੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਨ ਦੇ ਨਾਲ-ਨਾਲ ਇਹ ਕਲੀਨਿਕ 41 ਤਰ੍ਹਾਂ ਦੇ ਟੈਸਟ ਮੁਫ਼ਤ ਕਰਨ ਦੀ ਸੇਵਾ ਵੀ ਦੇ ਰਹੇ ਹਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਘਰ 'ਚ ਇੱਕਲੀ ਰਹਿੰਦੀ ਔਰਤ ਦਾ ਬੇਰਹਿਮੀ ਨਾਲ ਕਤਲ
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਤੰਦਰੁਸਤ ਸਿਹਤ 'ਤੇ ਧਿਆਨ ਦੇਣ ਦੇ ਨਾਲ-ਨਾਲ ਇਸ ਕਦਮ ਨਾਲ ਲੋਕਾਂ ਦਾ ਜੀਵਨ ਲੰਮੇਰਾ ਕਰਨ 'ਚ ਮਦਦ ਮਿਲੇਗੀ। ਪਿਛਲੀਆਂ ਸਰਕਾਰਾਂ ਵੱਲੋਂ ਆਮ ਆਦਮੀ ਦੀ ਸਿਹਤ ਵੱਲ ਤਵੱਜੋਂ ਨਾ ਦੇਣ 'ਤੇ ਅਫ਼ਸੋਸ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਲੋਕਾਂ ਨੂੰ ਮਿਆਰੀ ਇਲਾਜ ਸਹੂਲਤਾਂ ਯਕੀਨੀ ਬਣਾਉਣ 'ਤੇ ਜ਼ੋਰ ਦੇ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਆਗੂ ਆਪਣਾ ਇਲਾਜ ਤਾਂ ਵਿਦੇਸ਼ਾਂ ਵਿੱਚੋਂ ਕਰਵਾ ਲੈਂਦੇ ਸਨ ਪਰ ਆਮ ਆਦਮੀ ਨੂੰ ਬਿਨਾਂ ਵਧੀਆ ਇਲਾਜ ਤੋਂ ਕਿਸਮਤ ਉਤੇ ਛੱਡ ਦਿੰਦੇ ਸਨ। ਉਨ੍ਹਾਂ ਕਿਹਾ ਕਿ ਇਹ ਲੀਡਰ ਲੋਕਾਂ ਨੂੰ ਸਿਰਫ਼ ਵੋਟ ਬੈਂਕ ਹੀ ਸਮਝਦੇ ਸਨ ਅਤੇ ਉਨ੍ਹਾਂ ਕਦੇ ਲੋਕਾਂ ਦੇ ਜੀਵਨ ਤੇ ਸਿਹਤ ਦੀ ਪਰਵਾਹ ਨਹੀਂ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਨਾਲ ਪੰਜਾਬ ਵਿੱਚ ਸਿਹਤ ਕ੍ਰਾਂਤੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ