CM ਮਾਨ ਨੇ PM ਮੋਦੀ ਨੂੰ ਜ਼ਾਹਰ ਕੀਤਾ ਗੁੱਸਾ, ਪੰਜਾਬ ਦੇ ਉਦਘਾਟਨਾਂ ''ਚ ਸਾਨੂੰ ਕਿਉਂ ਨਹੀਂ ਬੁਲਾਇਆ ਜਾਂਦਾ? (ਵੀਡੀਓ)

Tuesday, Mar 12, 2024 - 12:29 PM (IST)

CM ਮਾਨ ਨੇ PM ਮੋਦੀ ਨੂੰ ਜ਼ਾਹਰ ਕੀਤਾ ਗੁੱਸਾ, ਪੰਜਾਬ ਦੇ ਉਦਘਾਟਨਾਂ ''ਚ ਸਾਨੂੰ ਕਿਉਂ ਨਹੀਂ ਬੁਲਾਇਆ ਜਾਂਦਾ? (ਵੀਡੀਓ)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬਾ ਵਾਸੀਆਂ ਨੂੰ ਰਮਜ਼ਾਨ ਦੀ ਵਧਾਈ ਦਿੱਤੀ। ਸਦਨ ਅੰਦਰ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਤਿਉਹਾਰ ਸਾਡੇ ਸਮਾਜਿਕ ਭਾਈਚਾਰੇ ਨੂੰ ਕਾਇਮ ਰੱਖਦੇ ਹਨ। ਉਨ੍ਹਾਂ ਕਿਹਾ ਕਿ ਉਹ ਅੱਜ ਖ਼ਾਸ ਤੌਰ 'ਤੇ ਵਪਾਰੀਆਂ ਲਈ ਗੱਲ ਰੱਖਣੀ ਚਾਹੁੰਦੇ ਹਨ। ਪਿਛਲੇ ਦਿਨੀਂ ਮੁਕੇਰੀਆਂ, ਦੀਨਾਨਾਗਰ, ਪਠਾਨਕੋਟ, ਲੁਧਿਆਣਾ, ਅੰਮ੍ਰਿਤਸਰ ਅਤੇ ਪਟਿਆਲਾ 'ਚ ਵਪਾਰ-ਸਰਕਾਰ ਮਿਲਣੀ ਹੋਈ। ਇਹ ਸਰਕਾਰ ਦਾ ਪਹਿਲਾ ਪ੍ਰੋਗਰਾਮ ਸੀ ਅਤੇ ਮੌਕੇ 'ਤੇ ਉਨ੍ਹਾਂ ਦੀਆਂ ਕਈ ਸਮੱਸਿਆਵਾਂ ਦਾ ਹੱਲ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ 10 ਮਾਰਚ ਨੂੰ ਜਦੋਂ ਵੋਟਾਂ ਦਾ ਨਤੀਜਾ ਆਇਆ ਸੀ ਤਾਂ ਅਸੀਂ ਵਾਅਦਾ ਕੀਤਾ ਸੀ ਕਿ ਹੁਣ ਸਰਕਾਰ ਕਸਬਿਆਂ ਅਤੇ ਪਿੰਡਾਂ 'ਚੋਂ ਚੱਲਿਆ ਕਰੇਗੀ, ਜਿਸ ਦੇ ਤਹਿਤ ਪਿੰਡਾਂ 'ਚ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਕੈਂਪ ਲੱਗ ਰਹੇ ਹਨ ਅਤੇ ਇਨ੍ਹਾਂ ਕੈਂਪਾਂ ਬਾਰੇ ਉਹ ਖ਼ੁਦ ਧਿਆਨ ਰੱਖ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਖ਼ਬਰ, Alert ਹੋ ਜਾਣ ਲੋਕ, ਵਿਭਾਗ ਵਲੋਂ ਜਾਰੀ ਹੋ ਗਈ ਐਡਵਾਈਜ਼ਰੀ (ਵੀਡੀਓ)

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਹਾਂ ਤਾਂ ਘਰ-ਘਰ ਜਾਂਦੇ ਹਾਂ ਅਤੇ ਜਦੋਂ ਜਿੱਤ ਜਾਂਦੇ ਹਾਂ ਤਾਂ ਲੋਕਾਂ ਨੂੰ ਚੰਡੀਗੜ੍ਹ ਬੁਲਾਉਂਦੇ ਹਨ ਪਰ ਹੁਣ ਲੋਕਾਂ ਦੇ ਕੰਮ ਘਰ-ਘਰ ਜਾ ਕੇ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਦੇ ਸਦਨ ਅੰਦਰ ਪਹਿਲੇ 1-2 ਦਿਨ ਰੌਲਾ ਪਿਆ ਪਰ ਇਸ ਤੋਂ ਬਾਅਦ ਸਦਨ ਸ਼ਾਂਤੀਪੂਰਵਕ ਚੱਲ ਰਿਹਾ ਹੈ ਅਤੇ ਇਹੀ ਮਾਹੌਲ ਮੈਂ ਦੇਖਣਾ ਚਾਹੁੰਦਾ ਹਾਂ। ਉਨ੍ਹਾਂ ਨੇ ਦੱਸਿਆ ਕਿ ਪੂਰੇ ਦੇਸ਼ ਅੰਦਰ ਲੋਕ ਸਭਾ ਚੋਣਾਂ ਦੀ ਤਿਆਰੀ ਚੱਲ ਰਹੀ ਹੈ ਅਤੇ 2-3 ਦਿਨਾਂ ਅੰਦਰ ਚੋਣ ਜ਼ਾਬਤਾ ਲੱਗ ਜਾਵੇਗਾ। ਇਸ ਤੋਂ ਬਾਅਦ ਹਰ ਕਿਸੇ ਨੇ ਲੋਕਾਂ ਕੋਲ ਜਾਣਾ ਹੈ ਅਤੇ ਸਭ ਦਾ ਹੱਕ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਤੱਕ ਕੋਈ ਵੀ ਸਰਕਾਰ ਲੋਕਾਂ ਦੇ ਇੰਨਾ ਨੇੜੇ ਕਦੇ ਨਹੀਂ ਗਈ।
ਮੋਦੀ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸ਼ੰਭੂ ਤੋਂ ਸਾਹਨੇਵਾਲ ਤੱਕ 7 ਰੇਲਵੇ ਸਟੇਸ਼ਾਨਾਂ ਦਾ ਅਪਗ੍ਰੇਡੇਸ਼ਨ ਹੋਣਾ ਹੈ, ਜਿਸ ਦਾ ਵਰਚੁਅਲੀ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਨੇ ਕਰਨਾ ਹੈ ਪਰ ਇਸ 'ਚ ਪੰਜਾਬ ਸਰਕਾਰ ਨੂੰ ਕੋਈ ਸੱਦਾ ਨਹੀਂ ਦਿੱਤਾ ਗਿਆ, ਜਦੋਂ ਕਿ ਰਾਜਪਾਲ ਖੰਨਾ ਵਿਖੇ ਬੈਠੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਵੀ ਨਹੀਂ ਹੈ ਕਿ ਪੰਜਾਬ ਨੇ ਟੈਕਸ ਦਾ ਕੋਈ ਪੈਸਾ ਨਹੀਂ ਦਿੱਤਾ ਪਰ ਭਾਜਪਾ ਜ਼ਬਰਦਸਤੀ ਇਸ ਤਰ੍ਹਾਂ ਦੇ ਪ੍ਰੋਗਰਾਮ ਨੂੰ ਆਪਣਾ ਪ੍ਰੋਗਰਾਮ ਬਣਾ ਲੈਂਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕੇਂਦਰ ਸਰਕਾਰ ਨੇ ਕਰਨਾ ਹੈ, ਉਸ ਨੂੰ ਲੱਗਣ ਵਾਲੀਆਂ ਸੜਕਾਂ 'ਤੇ ਤਾਂ ਪੰਜਾਬ ਸਰਕਾਰ ਹੀ ਪੈਸਾ ਲਾਵੇਗੀ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ, ਸਦਰ ਅੰਦਰ ਪੇਸ਼ ਕੀਤੇ ਜਾਣਗੇ ਅਹਿਮ ਮੁੱਦੇ (ਵੀਡੀਓ)

ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੀ ਪ੍ਰਧਾਨ ਮੰਤਰੀ ਨੂੰ ਅਜੇ ਵੀ ਨਾਂ ਦੀ ਇੱਛਾ ਹੈ ਕਿ ਇਸ ਪ੍ਰੋਗਰਾਮ 'ਚ ਮੇਰਾ ਨਾਮ ਹੋਵੇ ਤਾਂ ਫਿਰ ਇੱਛਾਵਾਂ ਕਦੇ ਨਹੀਂ ਭਰਨੀਆਂ? ਮੁੱਖ ਮੰਤਰੀ ਨੇ ਕਿਹਾ ਕਿ ਇਸ ਕਿਸਮ ਦੇ ਵਿਕਾਸ ਦੇ ਕੰਮਾਂ 'ਚ ਸਿਆਸਤ ਨੂੰ ਨਹੀਂ ਵਾੜਨਾ ਚਾਹੀਦਾ। ਉਨ੍ਹਾਂ ਕਿਹਾ ਕਿ ਜਦੋਂ ਵੀ ਪ੍ਰਧਾਨ ਮੰਤਰੀ ਮੋਦੀ ਜਾਂ ਗ੍ਰਹਿ ਮੰਤਰੀ ਪੰਜਾਬ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਦਾ ਅੱਖਾਂ ਵਿਛਾ ਕੇ ਸੁਆਗਤ ਕਰਦੇ ਹਾਂ ਕਿਉਂਕਿ ਇਹ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਦੇ ਲਈ ਕਿਸੇ ਤਰ੍ਹਾਂ ਦਾ ਗੁੱਸਾ ਨਹੀਂ ਹੈ ਪਰ ਘੱਟੋ-ਘੱਟ ਪੰਜਾਬ ਦੇ ਸਾਢੇ 3 ਕਰੋੜ ਲੋਕਾਂ ਨੂੰ ਅਜਿਹੇ ਕੰਮਾਂ ਦਾ ਹਿੱਸੇਦਾਰ ਬਣਾਇਆ ਜਾਣਾ ਚਾਹੀਦਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 
 


author

Babita

Content Editor

Related News