ਮੁੱਖ ਮੰਤਰੀ ਵੱਲੋਂ ਬਟਾਲਾ ਤੇ ਮੋਹਾਲੀ ਤੋਂ ਰਾਜ-ਵਿਆਪੀ ਰੇਡੀਓਲੌਜੀ ਅਤੇ ਡਾਇਗਨੌਸਟਿਕ ਪ੍ਰਾਜੈਕਟਾਂ ਦੀ ਡਿਜੀਟਲ ਸ਼ੁਰੂਆਤ
Tuesday, Sep 14, 2021 - 12:52 AM (IST)
ਬਟਾਲਾ(ਕਲਸੀ,ਬੇਰੀ,ਜ. ਬ.,ਖੋਖਰ,ਜੱਸੋਵਾਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 125 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ‘ਰਾਜ-ਵਿਆਪੀ ਰੇਡੀਓ ਡਾਇਗਨੋਸਟਿਕ ਅਤੇ ਲੈਬਾਰਟਰੀ ਸੇਵਾ’ ਅਤੇ ‘ਨਵੇਂ-ਮੁਹਾਂਦਰੇ ਵਾਲੀ 108 ਐਂਬੂਲੈਂਸ ਐਮਰਜੈਂਸੀ ਰਿਸਪਾਂਸ ਸੇਵਾ’ ਵਰਚੂਅਲ ਢੰਗ ਨਾਲ ਸੂਬਾ ਵਾਸੀਆਂ ਨੂੰ ਸਮਰਪਿਤ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ 534ਵੇਂ ਵਿਆਹ ਪੁਰਬ ਦੇ ਪਾਵਨ ਮੌਕੇ ਮੁੱਖ ਮੰਤਰੀ ਨੇ ਸਿਵਲ ਹਸਪਤਾਲ ਬਟਾਲਾ ਵਿਖੇ ਨਿਵੇਕਲੀ ‘ਮੁੱਖ ਮੰਤਰੀ ਈ-ਕਲੀਨਿਕ ਸੇਵਾ’ ਦੀ ਸੁਰੂਆਤ ਵੀ ਕੀਤੀ, ਜਿਸ ਨਾਲ ਪੇਂਡੂ ਖੇਤਰ ’ਚ ਵਸਦੇ ਲੋਕਾਂ ਨੂੰ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਆਸਾਨੀ ਨਾਲ ਮਿਲ ਸਕਣਗੀਆਂ।
ਸਮੂਹ ਲੋਕਾਂ ਨੂੰ ਵਿਆਹ ਪੁਰਬ ਦੀ ਵਧਾਈ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਸੇਵਾਵਾਂ ਨੂੰ ਸ਼ੁਰੂ ਕਰਨ ਲਈ ਇਸ ਤੋਂ ਵਧੀਆ ਦਿਨ ਕੋਈ ਹੋਰ ਨਹੀਂ ਸੀ ਹੋ ਸਕਦਾ। ਉਨ੍ਹਾਂ ਕਿਹਾ ਕਿ ਨਵੰਬਰ ਦੇ ਅਖੀਰ ਤੱਕ ਰਾਜ ਭਰ ’ਚ ਸ਼ੁਰੂ ਹੋਣ ਵਾਲੀਆਂ ਇਹ ਵਿਸੇਸੀਕ੍ਰਿਤ ਮੈਡੀਕਲ ਸਹੂਲਤਾਂ ਨਾਲ ਗਰੀਬ ਤੇ ਲੋੜਵੰਦਾਂ ਨੂੰ ਵੀ ਨਿੱਜੀ ਖੇਤਰ ’ਚ ਸਿਹਤ ਸੇਵਾਵਾਂ ਦੇ ਰਹੇ ਸੁਪਰ-ਸਪੈਸ਼ਲਿਟੀ ਡਾਕਟਰਾਂ ਦੀਆਂ ਸੇਵਾਵਾਂ ਵੀ ਮਿਲ ਸਕਣਗੀਆਂ, ਜੋ ਪਹਿਲਾਂ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਸਨ। ਇਸ ਪ੍ਰਾਜੈਕਟ ਤਹਿਤ ਪੰਜਾਬ ਨੂੰ 6 ਭਾਗਾਂ ’ਚ ਵੰਡਿਆ ਗਿਆ ਹੈ, ਜਿਸ ਤਹਿਤ 80 ਕਰੋੜ ਰੁਪਏ ਦੀ ਲਾਗਤ ਨਾਲ ਹਰੇਕ ਜ਼ਿਲ੍ਹਾ ਹਸਪਤਾਲ ਲਈ ਇਕ ਐੱਮ. ਆਰ. ਆਈ. ਅਤੇ 25 ਸੀ. ਟੀ. ਸਕੈਨ ਸਹੂਲਤਾਂ ਤੋਂ ਇਲਾਵਾ 23 ਜ਼ਿਲ੍ਹਿਆ ’ਚ 25 ਕਰੋੜ ਦੀ ਲਾਗਤ ਨਾਲ ਸਾਡੇ ਲੋਕਾਂ ਨੂੰ 24 ਘੰਟੇ ਡਾਕਟਰੀ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਰੈਫਰੈਂਸ ਲੈਬ, 30 ਜ਼ਿਲ੍ਹਾ ਲੈਬਾਰਟਰੀਆਂ ਅਤੇ 95 ਕੁਲੈਕਸ਼ਨ ਕੇਂਦਰ ਸ਼ਾਮਲ ਹੋਣਗੇ, ਜੋ ਸਾਰੇ ਜ਼ਿਲਿਆ ਨੂੰ ਕਵਰ ਕਰਨਗੇ। ਉਨ੍ਹਾਂ ਕਿਹਾ ਕਿ ਮੈਡੀਕਲ ਡਿਲੀਵਰੀ ਪ੍ਰਣਾਲੀ ’ਚ ਵਾਧੇ ਨਾਲ ਲਾਭਪਾਤਰੀਆਂ ਲਈ ਮੈਡੀਕਲ ਟੈਸਟਿੰਗ ਦਾ ਖਰਚ 65 ਤੋਂ 70 ਫੀਸਦੀ ਘਟੇਗਾ।
ਇਹ ਵੀ ਪੜ੍ਹੋ- ਅੰਮਿ੍ਰਤਸਰ ਪੁਲਸ ਵੱਲੋਂ ਨਸ਼ਾ ਤਸਕਰੀ ਦੇ ਅੰਤਰਰਾਸ਼ਟਰੀ ਨੈੱਟਵਰਕ ਦਾ ਪਰਦਾਫਾਸ਼, ਇਕ ਕਾਬੂ
ਮੁੱਖ ਮੰਤਰੀ ਨੇ ਦੱਸਿਆ ਕਿ ਬਟਾਲਾ ਤੋਂ ਸ਼ੁਰੂ ਕੀਤੇ ਗਏ ਈ-ਕਲੀਨਿਕ ਪਾਇਲਟ ਪ੍ਰਾਜੈਕਟ ਤਹਿਤ ਪਿੰਡਾਂ ਅਤੇ ਦੂਰ-ਦਰਾਜ ਇਲਾਕੇ ਦੇ ਮਰੀਜ਼ ਟੈਲੀ-ਕੰਨਸਲਟੈਂਸੀ ਰਾਹੀਂ ਮਾਹਿਰਾਂ ਡਾਕਟਰਾਂ ਦੀਆਂ ਸੇਵਾਵਾਂ ਲੈ ਸਕਣਗੇ ਅਤੇ ਇਸ ਦੀ ਸਫਲਤਾ ਪਿੱਛੋਂ ਇਸ ਨੂੰ ਨੇੜ ਭਵਿੱਖ ’ਚ ਪੰਜਾਬ ਭਰ ’ਚ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਨਵੇਂ-ਮੁਹਾਂਦਰੇ ਵਾਲੀ 108 ਐਂਬੂਲੈਂਸ ਐਮਰਜੈਂਸੀ ਰਿਸਪਾਂਸ ਸਿਸਟਮ ਸਰਵਿਸ ਨੂੰ ਹੋਰ ਬਿਹਤਰ ਬਣਾਇਆ ਗਿਆ ਹੈ ਅਤੇ 104 ਅਤੇ 112 ਮੈਡੀਕਲ ਹੈਲਪ ਲਾਈਨਾਂ ਹੁਣ ਐਮਰਜੈਂਸੀ ਸਮੇਂ ਹੋਰ ਵੀ ਤੇਜ਼ ਰਿਸਪਾਂਸ ਦੇਣਗੀਆਂ। ਹੁਣ ਮਰੀਜ਼ ਦੇ ਰਿਸਤੇਦਾਰ ਐਂਬੂਲੈਂਸ ਦੀ ਲੋਕੇਸ਼ਨ ਆਨ-ਲਾਈਨ ਟਰੇਸ ਕਰ ਸਕਣਗੇ।
ਇਸ ਤੋਂ ਪਹਿਲਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਬਟਾਲਾ ਨੂੰ ਇਹ ਕੀਮਤੀ ਤੋਹਫਾ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਈ-ਕਲੀਨਿਕ ਸੇਵਾ ਸ਼ੁਰੂ ਹੋਣ ਨਾਲ ਪਿੰਡਾਂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਆਸਾਨੀ ਨਾਲ ਮਿਲ ਸਕਣਗੀਆਂ |
ਵਿਆਹ ਪੁਰਬ ਮੌਕੇ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਈ-ਕਲੀਨਿਕ ਅਤੇ ਲੈਬ ਡਾਇਗੋਸਟਿਕ ਕੇਂਦਰ ਦੀ ਸ਼ੁਰੂਆਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸਨ ਦੇ ਚੇਅਰਮੈਨ ਅਸ਼ਵਨੀ ਸੇਖੜੀ ਨੇ ਕਿਹਾ ਕਿ ਉਨ੍ਹਾਂ ਨੇ ਚੇਅਰਮੈਨ ਬਣਦੇ ਸਾਰ ਹੀ ਇਹ ਸੁਪਨਾ ਲਿਆ ਸੀ ਕਿ ਬਟਾਲਾ ਦੇ ਸਿਵਲ ਹਸਪਤਾਲ ਵਿਚ ਈ-ਕਲੀਨਿਕ ਸੇਵਾ ਅਤੇ ਲੈਬ ਡਾਇਗੋਸਟਿਕ ਕੇਂਦਰ ਦੀ ਸ਼ੁਰੂਆਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ 35 ਦਿਨਾਂ ਦੇ ਰਿਕਾਰਡ ਸਮੇਂ ’ਚ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਵੱਲੋਂ ਇਸ ਪ੍ਰਾਜੈਕਟ ਨੂੰ ਮਨਜ਼ੂਰ ਕਰ ਕੇ ਸ਼ੁਰੂ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸੇਵਾਵਾਂ ਦੇਣ ਦੀ ਸ਼ੁਰੂਆਤ ਕਰਨ ਵਾਲਾ ਸੂਬਾ ਪੰਜਾਬ ਹੁਣ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ।
ਇਹ ਵੀ ਪੜ੍ਹੋ- ਧਰਨਾ ਛੱਡ ਡਿਊਟੀ ’ਤੇ ਪੁੱਜੇ ਕੰਡਕਟਰ ਨਾਲ ਸਾਥੀ ਮੁਲਾਜ਼ਮਾਂ ਨੇ ਕੀਤੀ ਧੱਕੇਸ਼ਾਹੀ, ਪਹਿਨਾਈਆਂ ਚੂੜੀਆਂ
ਇਸ ਮੌਕੇ ਸਿਵਲ ਹਸਪਤਾਲ ਬਟਾਲਾ ’ਚ ਹੋਏ ਵਰਚੂਅਲ ਪ੍ਰੋਗਰਾਮ ਦੌਰਾਨ ਡਿਪਟੀ ਕਮਿਸ਼ਨਰ ਮੁਹੰਮਦ ਇਸਫਾਕ, ਐੱਸ. ਡੀ. ਐੱਮ. ਸ਼ਾਇਰੀ ਭੰਡਾਰੀ, ਸਿਵਲ ਸਰਜਨ ਡਾ. ਹਰਭਜਨ, ਡਿਪਟੀ ਡਾਇਰੈਕਟਰ ਸਿਹਤ ਵਿਭਾਗ ਡਾ. ਪਰਵਿੰਦਰ ਕੌਰ, ਐੱਸ. ਐੱਮ. ਓ. ਡਾ. ਲਲਿਤ ਮੋਹਨ, ਡਾ. ਹਰਪਾਲ ਸਿੰਘ ਤੋਂ ਇਲਾਵਾ ਸ਼ਹਿਰ ਦੇ ਹੋਰ ਵੀ ਮੋਹਤਬਰ ਹਾਜ਼ਰ ਸਨ।