CM ਮਾਨ ਨੇ ਪੁਗਾਇਆ ਵਾਅਦਾ, ਪੱਲੇਦਾਰੀ ਕਰਨ ਨੂੰ ਮਜਬੂਰ ਕੌਮੀ ਹਾਕੀ ਖਿਡਾਰੀ ਨੂੰ ਦਿੱਤੀ ਕੋਚ ਦੀ ਨੌਕਰੀ
Saturday, Mar 04, 2023 - 09:02 PM (IST)
ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਨੇ ਦਾਣਾ ਮੰਡੀ 'ਚ ਪੱਲੇਦਾਰ ਵਜੋਂ ਕੰਮ ਕਰਦੇ ਸਾਬਕਾ ਹਾਕੀ ਖਿਡਾਰੀ ਪਰਮਜੀਤ ਕੁਮਾਰ ਨੂੰ ਖੇਡ ਵਿਭਾਗ ਵਿੱਚ ਕੋਚ ਵਜੋਂ ਨੌਕਰੀ ਲਈ ਨਿਯੁਕਤੀ ਪੱਤਰ ਸੌਂਪਿਆ। ਨਿਯੁਕਤੀ ਪੱਤਰ ਸੌਂਪਦਿਆਂ ਮੁੱਖ ਮੰਤਰੀ ਨੇ ਪਰਮਜੀਤ ਨੂੰ ਸੋਮਵਾਰ 6 ਮਾਰਚ ਨੂੰ ਬਠਿੰਡਾ ਵਿਖੇ ਕੋਚ ਵਜੋਂ ਜੁਆਇਨ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਪਰਮਜੀਤ ਨੇ ਪਿਛਲੇ ਸਮੇਂ ਵਿੱਚ ਕਈ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ 'ਚ ਸੂਬੇ ਦੀ ਨੁਮਾਇੰਦਗੀ ਕੀਤੀ। ਬਦਕਿਸਮਤੀ ਨਾਲ ਪਰਮਜੀਤ ਜ਼ਖ਼ਮੀ ਹੋ ਗਿਆ ਸੀ, ਜਿਸ ਕਾਰਨ ਉਸ ਨੂੰ ਮੈਦਾਨ ਛੱਡਣਾ ਪਿਆ ਸੀ।
ਇਹ ਵੀ ਪੜ੍ਹੋ : SGPC ਪ੍ਰਧਾਨ ਐਡਵੋਕੇਟ ਧਾਮੀ ਦੀ ਅਗਵਾਈ ’ਚ ਅੰਤ੍ਰਿੰਗ ਕਮੇਟੀ ਵੱਲੋਂ ਕਈ ਅਹਿਮ ਫ਼ੈਸਲਿਆਂ ’ਤੇ ਮੋਹਰ
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਲਾਪ੍ਰਵਾਹੀ ਕਾਰਨ ਇਸ ਹੋਣਹਾਰ ਹਾਕੀ ਖਿਡਾਰੀ ਨੂੰ ਅਨਾਜ ਮੰਡੀ ਵਿੱਚ ਪੱਲੇਦਾਰ ਵਜੋਂ ਕੰਮ ਕਰਨਾ ਪੈ ਰਿਹਾ ਸੀ। ਮਾਨ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਮੀਡੀਆ ਰਾਹੀਂ ਇਸ ਹਾਕੀ ਖਿਡਾਰੀ ਦੀ ਦੁਰਦਸ਼ਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਆਪਣੀ ਸਰਕਾਰੀ ਰਿਹਾਇਸ਼ 'ਤੇ ਬੁਲਾ ਕੇ ਸਰਕਾਰੀ ਨੌਕਰੀ ਦੀ ਪੇਸ਼ਕਸ਼ ਕੀਤੀ। ਹੁਣ ਪਰਮਜੀਤ ਨੂੰ ਨਿਯੁਕਤੀ ਪੱਤਰ ਸੌਂਪ ਦਿੱਤਾ ਗਿਆ ਹੈ ਅਤੇ ਉਹ ਸੋਮਵਾਰ ਨੂੰ ਬਠਿੰਡਾ ਵਿਖੇ ਜੁਆਇਨ ਕਰ ਲਵੇਗਾ।
ਇਹ ਵੀ ਪੜ੍ਹੋ : ਖਣਨ ਮੰਤਰੀ ਮੀਤ ਹੇਅਰ ਦਾ ਕਮਰਸ਼ੀਅਲ ਰੇਤ ਖੱਡਾਂ ਨੂੰ ਲੈ ਕੇ ਅਹਿਮ ਬਿਆਨ, ਜਾਣੋ ਕੀ ਬੋਲੇ
ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਪਰਮਜੀਤ ਆਪਣੇ ਹੁਨਰ ਅਤੇ ਮੁਹਾਰਤ ਸਦਕਾ ਕਈ ਹੋਰ ਖਿਡਾਰੀ ਪੈਦਾ ਕਰੇਗਾ, ਜੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪਰਮਜੀਤ ਸਮੇਂ ਸਿਰ ਹੋਰ ਸਿੱਖਿਆ ਹਾਸਲ ਕਰ ਲੈਂਦਾ ਹੈ ਤਾਂ ਉਸ ਨੂੰ ਨਿਯਮਾਂ ਅਨੁਸਾਰ ਤਰੱਕੀਆਂ ਵੀ ਮਿਲਣਗੀਆਂ। ਭਗਵੰਤ ਮਾਨ ਨੇ ਕਿਹਾ ਕਿ ਇਸ ਖਿਡਾਰੀ ਵੱਲੋਂ ਸੂਬੇ ਲਈ ਪਾਏ ਗਏ ਵਡਮੁੱਲੇ ਯੋਗਦਾਨ ਨੂੰ ਮਾਨਤਾ ਦੇਣ ਲਈ ਸੂਬਾ ਸਰਕਾਰ ਦਾ ਇਹ ਨਿਮਾਣਾ ਜਿਹਾ ਉਪਰਾਲਾ ਹੈ।
ਇਹ ਵੀ ਪੜ੍ਹੋ : ਸ਼ਰਾਬ ਪੀਣ ਸਮੇਂ ਹੋਏ ਝਗੜੇ ਦੌਰਾਨ ਸਿਰ 'ਚ ਇੱਟਾਂ ਮਾਰ ਕੇ ਨੌਜਵਾਨ ਦਾ ਕਤਲ
ਇਸ ਦੌਰਾਨ ਪਰਮਜੀਤ ਕੁਮਾਰ ਨੇ ਮੁੱਖ ਮੰਤਰੀ ਦਾ ਇਸ ਕਦਮ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਦੀ ਬਹੁਤ ਘੱਟ ਮਿਸਾਲ ਮਿਲਦੀ ਹੈ ਕਿ ਕਿਸੇ ਮੁੱਖ ਮੰਤਰੀ ਨੇ ਅਜਿਹਾ ਇਤਿਹਾਸਕ ਫ਼ੈਸਲਾ ਲਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਪੰਜਾਬ ਬੁਲੰਦੀਆਂ ਛੂਹੇਗਾ ਅਤੇ ਭਰੋਸਾ ਦਿਵਾਇਆ ਕਿ ਉਹ ਮੁੱਖ ਮੰਤਰੀ ਦੀਆਂ ਉਮੀਦਾਂ 'ਤੇ ਖਰਾ ਉਤਰਨ ਲਈ ਪੂਰੀ ਵਾਹ ਲਾਉਣਗੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।