CM ਚੰਨੀ ਦੱਸਣ ਕਿ ਜੇਕਰ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕਰਨਾ ਸੀ ਤਾਂ ਇੰਨੇ ਸਾਲ ਕਿਉਂ ਰੱਖਿਆ ਧੋਖੇ ''ਚ: ਸੁਖਬੀਰ
Wednesday, Nov 17, 2021 - 08:48 PM (IST)
ਫਿਲੌਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਖਿਆ ਕਿ ਉਹ ਕਿਸਾਨਾਂ ਨੂੰ ਦੱਸਣ ਕਿ ਜੇਕਰ ਕਾਂਗਰਸ ਪਾਰਟੀ ਦਾ ਗੁਟਕਾ ਸਾਹਿਬ ਦੀ ਪਵਿੱਤਰ ਸਹੁੰ ਚੁੱਕ ਕੇ ਵੀ ਕਿਸਾਨਾਂ ਦਾ ਪੂਰਨ ਕਰਜ਼ਾ ਮੁਆਫ ਕਰਨ ਦਾ ਕੋਈ ਇਰਾਦਾ ਨਹੀਂ ਸੀ ਤਾਂ ਫਿਰ ਕਾਂਗਰਸ ਪਾਰਟੀ ਪੰਜ ਸਾਲਾਂ ਤੱਕ ਕਿਸਾਨਾਂ ਦੀਆਂ ਅੱਖਾਂ ਵਿਚ ਘੱਟਾ ਕਿਉਂ ਪਾਉਂਦੀ ਰਹੀ।
ਇਥੇ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਦੇ ਹੱਕ ਵਿਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਮੀਟਿੰਗ ਵਿਚ ਸਪਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਆਪਣੇ ਕੀਤੇ ਵਾਅਦੇ ਮੁਤਾਬਕ ਕਿਸਾਨਾਂ ਦੇ ਕਰਜ਼ੇ ਮੁਆਫ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਕਿਸਾਨਾਂ ਦੀਆਂ ਵੋਟਾਂ ਹਾਸਲ ਕਰਨ ਵਾਸਤੇ ਕਾਂਗਰਸ ਨੇ ਗੁਟਕਾ ਸਾਹਿਬ ਦੀ ਝੁਠੀ ਸਹੁੰ ਚੁੱਕੀ ਸੀ। ਉਨ੍ਹਾਂ ਕਿਹਾ ਕਿ ਇਸ ਧੋਖਾਧੜੀ ਲਈ ਚੰਨੀ ਕਿਸਾਨਾਂ ਤੋਂ ਮੁਆਫੀ ਮੰਗਣ।
ਇਹ ਵੀ ਪੜ੍ਹੋ- ਸਰਕਾਰ ਬਿਜਲੀ ਪਲਾਂਟ ਮਾਲਕਾਂ ਤੋਂ ਰਿਸ਼ਵਤ ਵਸੂਲਣ ਲਈ ਬਿਜਲੀ ਖਰੀਦ ਸਮਝੌਦੇ ਰੱਦ ਕਰਨ ਦੀ ਧਮਕੀ ਦੇ ਰਹੀ ਹੈ : ਮਜੀਠੀਆ
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮਾਲਵਾ ਖਿੱਤੇ ਵਿਚ ਗੁਲਾਸੀ ਸੁੰਡੀ ਦੇ ਹਮਲੇ ਕਾਰਨ ਤਬਾਹ ਹੋਈ ਨਰਮੇ ਦੀ ਫਸਲ ਦੇ ਉਤਪਾਦਕਾਂ ਨਾਲ ਹੁਣ ਤੱਕ ਨਿਆਂ ਨਾ ਕਰਨ ਲਈ ਮੁੱਖ ਮੰਤਰੀ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਕਿਸਾਨਾਂ ਨੂੰ 40 ਹਜ਼ਾਰ ਰੁਪਏ ਪ੍ਰਤੀ ਏਕੜ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਪਰ ਸਰਕਾਰ ਉਨ੍ਹਾਂ ਨੂੰ 12000 ਰੁਪਏ ਪ੍ਰਤੀ ਏਕੜ ਵੀ ਰਾਹਤ ਨਹੀਂ ਦੇ ਰਹੀ ਤੇ ਇਸਨੇ ਇਹ ਕਹਿ ਕੇ ਮੁਆਵਜ਼ਾ 3 ਤੋਂ 5 ਹਜ਼ਾਰ ਰੁਪਏ ਪ੍ਰਤੀ ਏਕੜ ਤੱਕ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਫਸਲ ਦਾ ਸਿਰਫ ਥੋੜ੍ਹਾ ਜਿਹਾ ਨੁਕਸਾਨ ਹੋਇਆ ਹੈ।
ਮੁੱਖ ਮੰਤਰੀ ਨੂੰ ਕਿਸਾਨਾਂ ਦੇ ਨਾਲ ਨਾਲ ਆਮ ਆਦਮੀ ਬਲਕਿ ਐਸ ਸੀ ਵਿਦਿਆਰਥੀਆਂ ਜਿਹਨਾਂ ਨੂੰ 1800 ਕਰੋੜ ਰੁਪਏ ਦੀ ਸਕਾਲਰਸ਼ਿਪ ਰਾਸ਼ੀ ਨਹੀਂ ਦਿੱਤੀ ਗਈ, ਨਾਲ ਇਹ ਬੇਈਮਾਨੀ ਨਾ ਕਰਨ ਲਈ ਆਖਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਚੰਨੀ ਕਹਿੰਦੇ ਕੁਝ ਹਨ ਤੇ ਕਰਦੇ ਕੁਝ ਹੋਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ’ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਉਹ ਸਿਖ਼ਰਲੇ ਦਾਅਵਿਆ ਵਾਲੇ ਪੋਸਟਰ ਲਗਾ ਕੇ ਸਸਤੀ ਸ਼ੋਹਰਤ ਹਾਸਲ ਕਰਨ ਵਿਚ ਜ਼ਿਆਦਾ ਦਿਚਸਪੀ ਰੱਖਦੇ ਹਨ ਜਦੋਂ ਕਿ ਅਸਲੀਅਤ ਇਹ ਹੈ ਕਿ ਉਨ੍ਹਾਂ ਨੇ ਕਾਂਗਰਸ ਪਾਰਟੀ ਵੱਲੋਂ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ।
ਇਸ ਦੌਰਾਨ ਵਿਧਾਨ ਸਭਾ ਹਲਕੇ ਦੇ ਦੌਰੇ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਫਿਲੌਰ ਸ਼ਹਿਰ, ਗੁਰਾਇਆ, ਗੋਹਾਵਰ ਤੇ ਤੱਖੜ ਪਿੰਡਾਂ ਸਮੇਤ ਵੱਖ ਵੱਖ ਥਾਈਂ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸਮਾਜ ਦੇ ਵੱਖ ਵੱਖ ਵਰਗਾਂ ਨਾਲ ਗੱਲਬਾਤ ਵੀ ਕੀਤੀ ਜਿਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਸਰਵ ਪੱਖੀ ਵਿਕਾਸ ਬਾਰੇ ਆਪਣੀ ਸੋਚ ਤੋਂ ਲੋਕਾਂ ਨੂੰ ਜਾਣੂ ਕਰਵਾਇਆ। ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਨੇ ਅਗਲੇ ਸਾਲ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਸੂਬੇ ਦੇ ਸਰਵ ਪੱਖੀ ਵਿਕਾਸ ਵਾਸਤੇ ਤਿਆਰ ਕੀਤਾ ਖਾਕਾ ਵੀ ਸਾਂਝਾ ਕੀਤਾ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਅਤੇ ਵਿੱਤ ਮੰਤਰੀ ਆਪਣੇ ਪ੍ਰਧਾਨ ਨਵਜੋਤ ਸਿੱਧੂ ਦੇ ਸਵਾਲਾਂ ਦੇ ਜਵਾਬ ਦੇਣ : ਹਰਪਾਲ ਚੀਮਾ
ਸਰਦਾਰ ਬਾਦਲ ਨੇ ਇਤਿਹਾਸਕ ਹਨੂੰਮਾਨ ਮੰਦਿਰ, ਵੈਸ਼ਨੋ ਦੇਵੀ ਮੰਦਿਰ, ਭਗਵਾਨ ਵਾਲਮੀਕਿ ਮੰਦਿਰ, ਸ਼ਿਵ ਮੰਦਿਰ, ਗੁਰਦੁਆਰਾ ਤਖਤਗੜ੍ਹ ਸਾਹਿਬ ਤੇ ਗੁਰੂ ਰਵੀਦਾਸ ਮੰਦਿਰ ਸਮੇਤ ਧਾਰਮਿਕ ਸਥਾਨਾਂ ’ਤੇ ਮੱਥਾ ਵੀ ਟੇਕਿਆ। ਉਹ ਗੁਰਾਇਆ ਵਿਚ ਸ਼ਹਿਰ ਦੀ ਮਸ਼ਹੂਰ ਬਰਫੀ ਵਾਲੇ ਦੀ ਦੁਕਾਨ ’ਤੇ ਵੀ ਗਏ ਤੇ ਮਠਿਆਈ ਦਾ ਸੁਆਦ ਲਿਆ। ਬਾਅਦ ਵਿਚ ਉਹ ਫਿਲੌਰ ਦੀ ਮਾਰਕੀਟ ਵਿਚ ਵੀ ਗਏ ਜਿਹਨਾਂ ਉਨ੍ਹਾਂ ਸੜਕ ਦੁਆਲੇ ਖੜ੍ਹੀਆਂ ਫੜੀਆਂ ਤੋਂ ਵਿਕਦੇ ਖਾਣ ਪੀਣ ਦੇ ਸਮਾਨ ਦਾ ਸਵਾਦ ਲਿਆ ਤੇ ਦੁਕਾਨਦਾਰਾਂ ਨਾਲ ਖੁਲ੍ਹ ਕੇ ਗੱਲਬਾਤ ਵੀ ਕੀਤੀ।
ਦਿਨ ਭਰ ਦੀਆਂ ਗਤੀਵਿਧੀਟਾਂ ਦੀ ਸ਼ੁਰੂਆਤ ਪ੍ਰਭਾਵਸ਼ਾਲੀ ਰੋਡ ਸ਼ੌਅ ਤੋਂ ਹੋਈ ਜਿਸ ਦੌਰਾਨ ਯੂਥ ਅਕਾਲੀ ਦਲ ਤੇ ਐਸ ਓ ਆਈ ਦੇ ਸੈਂਕੜੇ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਤੇ ਉਹਨਾਂ ਨੂੰ ਕੌਮੀ ਸ਼ਾਹ ਮਾਰਗ ਤੋਂ ਹੁੰਦੇ ਹੋਏ ਵੱਖ ਵੱਖ ਥਾਵਾਂ ’ਤੇ ਲੈ ਕੇ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਲੰਧਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਤੇ ਬਸਪਾ ਦੇ ਆਗੁ ਲਾਲ ਚੰਦ ਔਜਲਾ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸਨ। ਸਰਦਾਰ ਬਾਦਲ ਨੇ ਸਮਾਜ ਸੁਧਾਰਕ ਤੇ ਲੇਖਕ ਸ਼ਰਧਾ ਰਾਮ ਫਿਲੌਰੀ ਤੇ ਡਾ. ਬੀ ਆਰ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ।