ਫੋਕੇ ਐਲਾਨ ਕਰਨ ’ਚ ਮਾਹਿਰ CM ਚੰਨੀ ਵੀ ਨਵਜੋਤ ਸਿੱਧੂ ਵਾਂਗ ਡਰਾਮੇਬਾਜ਼ : ਮਜੀਠੀਆ
Friday, Nov 26, 2021 - 03:06 PM (IST)
ਅੰਮ੍ਰਿਤਸਰ (ਛੀਨਾ) - ਫੋਕੇ ਐਲਾਨ ਕਰਨ ’ਚ ਮਾਹਿਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਨਵਜੋਤ ਸਿੰਘ ਸਿੱਧੂ ਵਾਂਗ ਪੂਰਾ ਡਰਾਮੇਬਾਜ਼ ਹੈ। ਇਹ ਵਿਚਾਰ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਾਂਗਰਸ ਨੂੰ ਛੱਡ ਕੇ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਦੇ ਹੱਕ ’ਚ ਨਿੱਤਰੇ ਭਾਟ ਸਿੱਖ ਭਾਈਚਾਰੇ ਦਾ ਸਵਾਗਤ ਕਰਦਿਆਂ ਪ੍ਰਗਟਾਏ। ਉਨ੍ਹਾਂ ਨੇ ਕਿਹਾ ਕਿ ਚੰਨੀ ਤਾਂ ਸਿੱਧੂ ਨੂੰ ਵੀ ਮਾਤ ਪਾਉਂਦਾ ਹੋਇਆ ਚਾਰ ਕਦਮ ਅੱਗੇ ਲੰਘਣ ਨੂੰ ਫਿਰ ਰਿਹਾ ਹੈ। ਜਿਹੜਾ ਕਦੇ ਕਹਿੰਦਾਂ ਮੈਂ ਪਟਾਕੇ ਵੇਚੇ, ਪ੍ਰੋਗਰਾਮਾਂ ’ਚ ਟੈਂਟ ਲਗਾਏ, ਕਦੇ ਟੈਂਪੂ ਚਲਾਇਆ ਅਤੇ ਕਦੇ ਆਖਦਾ ਮੈਂ ਪੈਟਰੋਲ ਪੰਪ ’ਤੇ ਤੇਲ ਵੀ ਪਾਉਦਾ ਰਿਹਾ, ਉਏ ਭਰਾਵਾਂ ਤੂੰ ਇਕੋ ਵਾਰ ਹੀ ਆਪਣੇ ਕੰਮਾਂ ਦੀ ਸਾਰੀ ਲਿਸਟ ਲੋਕਾਂ ਨੂੰ ਫੜਾ ਦੇ ਕਿਉਂਕਿ ਤੇਰੀਆ ਗੱਲਾਂ ਸੁਣ-ਸੁਣ ਕੇ ਲੋਕ ਬਹੁਤ ਕੰਨਫਿਊਜ਼ ਹੋਏ ਬੈਠੇ ਈ।
ਪੜ੍ਹੋ ਇਹ ਵੀ ਖ਼ਬਰ - ਜਲੰਧਰ ਬੱਸ ਅੱਡੇ ’ਤੇ ਵੱਡੀ ਵਾਰਦਾਤ : ਜਨਮ ਦਿਨ ਦੀ ਪਾਰਟੀ ਦੌਰਾਨ ਸ਼ਰਾਬੀ ਨੇ ਚਲਾਈਆਂ ਗੋਲੀਆਂ, ਇਕ ਦੀ ਮੌਤ
ਮਜੀਠੀਆ ਨੇ ਕਿਹਾ ਕਿ ਭ੍ਰਿਸ਼ਟਾਚਾਰ ’ਚ ਲਿਪਤ ਹੋਏ ਕਾਂਗਰਸੀਆ ਨੇ 5 ਸਾਲਾਂ ’ਚ ਪੰਜਾਬ ਵਾਸੀਆ ਦਾ ਸੰਵਾਰਿਆਂ ਤਾਂ ਕੁਝ ਨਹੀ ਪਰ ਹੁਣ ਫੋਕੇ ਲਾਅਰਿਆਂ ਦੇ ਸਹਾਰੇ ਅਤੇ ਭੋਲੇ ਜਿਹੇ ਬਣ ਕੇ ਫਿਰ ਵੋਟਾਂ ਬਟੋਰਨ ਦੀਆ ਜੋ ਸਾਜਿਸ਼ਾਂ ਘੜੀ ਬੈਠੇ ਹਨ ਉਨਾ ’ਚ ਉਹ ਕਦੇ ਵੀ ਕਾਮਯਾਬ ਨਹੀਂ ਹੋਣਗੇ, ਕਿਉਂਕਿ ਪੰਜਾਬ ਦੇ ਸੂਝਵਾਨ ਲੋਕ ਉਨ੍ਹਾਂ ਦੀਆਂ ਸਭ ਚਾਲਾਂ ਨੂੰ ਸਮਝਦੇ ਹਨ। ਮਜੀਠੀਆ ਨੇ ਕਿਹਾ ਕਿ ਹਲਕਾ ਦੱਖਣੀ ’ਚ ਭਾਟ ਸਿੱਖ ਭਾਈਚਾਰੇ ਵਲੋਂ ਕਾਂਗਰਸ ਨੂੰ ਛੱਡ ਕੇ ਤਲਬੀਰ ਸਿੰਘ ਗਿੱਲ ਦੇ ਹੱਕ ’ਚ ਨਿੱਤਰ ਆਉਣ ਨਾਲ ਗਿੱਲ ਦੀ ਸਥਿਤੀ ਬਹੁਤ ਮਜਬੂਤ ਹੋ ਗਈ ਹੈ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸਕੂਲ ਤੋਂ ਲਾਪਤਾ ਵਿਦਿਆਰਥੀ ਦੀ 5 ਦਿਨਾਂ ਬਾਅਦ ਸਿਧਵਾਂ ਨਹਿਰ ’ਚੋਂ ਤੈਰਦੀ ਹੋਈ ਮਿਲੀ ਲਾਸ਼
ਮਜੀਠੀਆ ਨੇ ਕਿਹਾ ਕਿ ਲੋਕਾਂ ਦੇ ਹੱਕਾਂ ਅਤੇ ਇਨਸਾਫ ਲਈ ਡੱਟ ਕੇ ਪਹਿਰਾ ਦੇਣ ਵਾਲਾ ਤਲਬੀਰ ਸਿੰਘ ਗਿੱਲ ਹੁਣ ਭਾਟ ਸਿੱਖ ਭਾਈਚਾਰੇ ਨੂੰ ਵੀ ਪੂਰਾ ਮਾਣ ਸਤਿਕਾਰ ਦੇਵੇਗਾ। ਇਸ ਮੌਕੇ ਭਾਟ ਸਿੱਖ ਭਾਈਚਾਰੇ ਦੇ ਆਗੂ ਹਰਜੀਤ ਸਿੰਘ ਲਾਡੀ ਨੇ ਕਿਹਾ ਕਿ ਕਾਂਗਰਸ ਦਾ ਸਾਥ ਦਿੰਦਿਆਂ ਅਸੀਂ ਕਾਲੇ ਤੋਂ ਚਿੱਟੇ ਹੋ ਗਏ ਹਾਂ ਪਰ ਕਾਂਗਰਸ ਨੇ ਸਾਡੇ ਭਾਈਚਾਰੇ ਨੂੰ ਕਦੇ ਵੀ ਕੋਈ ਮਾਣ ਸਨਮਾਨ ਨਹੀਂ ਦਿੱਤਾ। ਇਸੇ ਕਾਰਨ ਅਸੀਂ ਹੁਣ ਤਲਬੀਰ ਸਿੰਘ ਗਿੱਲ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨਾਲ ਚਟਾਨ ਵਾਂਗ ਡੱਟਣ ਦਾ ਫ਼ੈਸਲਾ ਲੈ ਲਿਆ ਹੈ। ਇਸ ਸਮੇਂ ਡਾ.ਫਤਿਹ ਸਿੰਘ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਇੰਦਰਜੀਤ ਸਿੰਘ ਕਾਕਾ, ਚਾਨਣ ਸਿੰਘ ਕੀੜੀ, ਅਵਤਾਰ ਸਿੰਘ, ਅਰਜਨ ਸਿੰਘ, ਪ੍ਰਿਥੀਪਾਲ ਸਿੰਘ, ਕਰਮ ਸਿੰਘ ਆਦਿ ਨੁਮਾਇੰਦੇ ਹਾਜ਼ਰ ਸਨ।
ਪੜ੍ਹੋ ਇਹ ਵੀ ਖ਼ਬਰ - 10 ਦਿਨ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਨਹਿਰ ’ਚੋਂ ਬਰਾਮਦ, ਘਰ ’ਚ ਪਿਆ ‘ਚੀਕ-ਚਿਹਾੜਾ’