ਪਾਕਿਸਤਾਨ ਵੱਲ ਨੂੰ ਸਿੱਧੇ ਹੋ ਗਏ CM ਮਾਨ-''ਸਾਡਾ ਧੂੰਆਂ ਗੇੜੇ ਹੀ ਦੇਈ ਜਾਂਦਾ ਹੈ?'' (ਵੀਡੀਓ)
Wednesday, Nov 13, 2024 - 12:55 PM (IST)
ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਵਿਖੇ ਵਰਲਡ ਪੰਜਾਬੀ ਸੰਸਥਾ ਵਲੋਂ ਕਰਵਾਏ ਜਾ ਰਹੇ 'ਪੰਜਾਬ ਵਿਜ਼ਨ-2047' ਕਨਕਲੇਵ ਪ੍ਰੋਗਰਾਮ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰੱਕਤ ਕੀਤੀ। ਇੱਥੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੁਦਰਤ ਨੇ ਪੰਜਾਬ ਲਈ ਕੋਈ ਅਜਿਹੀ ਕਮੀ ਨਹੀਂ ਛੱਡੀ, ਜੋ ਕਾਮਯਾਬੀ ਵੱਲ ਨੂੰ ਨਾ ਲੈ ਕੇ ਜਾਂਦੀ ਹੋਵੇ ਪਰ ਫਿਰ ਵੀ ਪੰਜਾਬ ਕਿਉਂ ਪਿੱਛੇ ਰਹਿ ਗਿਆ, ਉਸ ਦੇ ਕਾਰਨ ਸਿਆਸੀ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਹੁੰਦਾ ਰਿਹਾ ਹੈ। ਇਸ ਵਾਰ 182 ਲੱਖ ਮੀਟ੍ਰਿਕ ਟਨ ਚੌਲ ਪੰਜਾਬ, ਦੇਸ਼ ਨੂੰ ਦੇ ਰਿਹਾ ਹੈ, ਹਾਲਾਂਕਿ ਚੌਲ ਸਾਡੀ ਖ਼ੁਰਾਕ ਦਾ ਹਿੱਸਾ ਨਹੀਂ ਹਨ।
ਇਹ ਵੀ ਪੜ੍ਹੋ : ਗੁਰਪੁਰਬ ਤੋਂ ਪਹਿਲਾਂ ਸਿੱਖ ਸੰਗਤਾਂ ਲਈ ਵੱਡੀ ਖ਼ਬਰ, ਮਿਲਣ ਜਾ ਰਹੀ ਇਹ ਸਹੂਲਤ
ਅਸਲ 'ਚ ਅਸੀਂ ਚੌਲ ਨਹੀਂ ਦੇ ਰਹੇ, ਅਸੀਂ ਤਾਂ ਬਿਸਲੇਰੀ ਵਰਗਾ ਪਾਣੀ ਹੀ ਦਿੰਦੇ ਰਹੇ, ਜਿਸ ਕਾਰਨ ਅੱਜ ਸਾਡਾ ਧਰਤੀ ਹੇਠਲਾ ਪਾਣੀ ਖ਼ਤਮ ਹੋ ਗਿਆ ਹੈ ਅਤੇ ਅੱਧੇ ਤੋਂ ਵੱਧ ਪੰਜਾਬ ਡਾਰਕ ਜ਼ੋਨ 'ਚ ਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਪੰਜਾਬ ਚੌਲ ਦਿੰਦਾ ਹੈ ਤਾਂ ਅੰਨਦਾਤਾ ਕਹਾਉਂਦਾ ਹੈ ਪਰ ਜਦੋਂ ਝੋਨੇ ਤੋਂ ਪਰਾਲੀ ਪੈਦਾ ਹੁੰਦੀ ਹੈ ਤਾਂ ਫਿਰ ਇਸ ਨੂੰ ਅੱਗ ਲਾਉਣ ਲਈ ਕਿਸਾਨਾਂ 'ਤੇ ਪਰਚੇ ਦਰਜ ਕੀਤੇ ਜਾਂਦੇ ਹਨ। ਇਸ ਦੇ ਹੱਲ ਲਈ ਕੇਂਦਰ ਨੂੰ ਬਹੁਤ ਵਾਰ ਕਹਿ ਚੁੱਕੇ ਹਾਂ ਕਿ ਅਸੀਂ ਝੋਨੇ ਤੋਂ ਖ਼ੁਦ ਅੱਕੇ ਪਏ ਹਾਂ, ਸਾਡਾ ਦਿਲ ਨਹੀਂ ਕਰਦਾ ਪਰਾਲੀ ਨੂੰ ਅੱਗ ਲਾਉਣ ਨੂੰ। ਜੇਕਰ ਸਾਨੂੰ ਮੱਕੀ, ਬਾਜਰੇ ਜਾਂ ਮੂੰਗ ਦਾਲ ਦੀ ਫ਼ਸਲ 'ਤੇ ਝੋਨੇ ਜਿੰਨੇ ਪੈਸੇ ਬਚ ਜਾਣ ਤਾਂ ਫਿਰ ਅਸੀਂ ਕੋਈ ਹੋਰ ਫ਼ਸਲ ਬੀਜ ਲਵਾਂਗੇ। ਉਨ੍ਹਾਂ ਕਿਹਾ ਕਿ ਹੁਣ ਤਾਂ ਪਾਕਿਸਤਾਨ ਵੀ ਕਹਿਣ ਲੱਗ ਪਿਆ ਹੈ ਕਿ ਪੰਜਾਬ ਦਾ ਜ਼ਹਿਰੀਲਾ ਧੂੰਆਂ ਲਾਹੌਰ ਵੱਲ ਨੂੰ ਆਉਂਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਪੈਣ ਨੂੰ ਲੈ ਕੇ ਵੱਡੀ Update, ਸੰਘਣੀ ਧੁੰਦ ਨਾਲ ਛਿੜੇਗਾ ਕਾਂਬਾ
ਇਧਰੋਂ ਦਿੱਲੀ ਵਾਲੇ ਵੀ ਇਹੀ ਗੱਲ ਕਹੀ ਜਾਂਦੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡਾ ਧੂੰਆਂ ਗੇੜੇ ਹੀ ਦੇਈ ਜਾਂਦਾ ਹੈ? ਉਨ੍ਹਾਂ ਕਿਹਾ ਕਿ ਸਭ ਨੂੰ ਸਿਰਫ ਪੰਜਾਬ ਦਾ ਹੀ ਧੂੰਆਂ ਦਿਖਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਪਰਾਲੀ ਨੂੰ ਅੱਗ ਲਾਉਂਦੇ ਹਾਂ ਸਭ ਤੋਂ ਪਹਿਲਾਂ ਤਾਂ ਸਾਡੇ ਫੇਫੜਿਆਂ ਵਿੱਚੋਂ ਦੀ ਹੀ ਇਹ ਧੂੰਆਂ ਲੰਘਦਾ ਹੈ ਅਤੇ ਸਾਰੇ ਸਾਡੇ 'ਤੇ ਹੀ ਦੋਸ਼ ਲਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਮਿਲ ਬੈਠ ਕੇ ਹੱਲ ਕਰਨਾ ਪਵੇਗਾ। ਨਹਿਰਾਂ ਦੇ ਪਾਣੀ ਦੇ ਇਸਤੇਮਾਲ 'ਤੇ ਅਸੀਂ ਜ਼ੋਰ ਦੇ ਰਹੇ ਹਾਂ ਤਾਂ ਜੋ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਇਕ ਕਿੱਲੋ ਚੌਲ ਪੈਦਾ ਕਰਨ ਲਈ 3500 ਲੀਟਰ ਪਾਣੀ ਲੱਗਦਾ ਹੈ। ਇਸ 'ਚ ਕਿਸਾਨਾਂ ਦਾ ਵੀ ਕੋਈ ਕਸੂਰ ਨਹੀਂ ਹੈ। ਕੇਂਦਰ 'ਤੇ ਵਰ੍ਹਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਕੋਈ ਨਾ ਕੋਈ ਫੰਡ ਰੋਕ ਕੇ ਬੈਠੀ ਰਹਿੰਦੀ ਹੈ। ਜਦੋਂ ਦੇਸ਼ ਨੂੰ ਅਨਾਜ ਦੀ ਲੋੜ ਸੀ, ਉਦੋਂ ਪੰਜਾਬ ਨੇ ਹਰੀ ਕ੍ਰਾਂਤੀ ਲਿਆਂਦੀ ਅਤੇ ਪੰਜਾਬ ਨੇ ਦੇਸ਼ ਦੀ ਬਾਂਹ ਫੜ੍ਹੀ, ਅੱਜ ਪੰਜਾਬ ਨੂੰ ਲੋੜ ਹੈ ਤਾਂ ਦੇਸ਼ ਨੂੰ ਚਾਹੀਦਾ ਹੈ ਕਿ ਸਾਡੀ ਬਾਂਹ ਫੜ੍ਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8