ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ CM ਭਗਵੰਤ ਮਾਨ ਖਟਕੜ ਕਲਾਂ 'ਚ ਭੁੱਖ ਹੜਤਾਲ 'ਤੇ ਬੈਠੇ, ਭਾਜਪਾ 'ਤੇ ਸਾਧੇ ਨਿਸ਼ਾਨੇ

Sunday, Apr 07, 2024 - 06:30 PM (IST)

ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ CM ਭਗਵੰਤ ਮਾਨ ਖਟਕੜ ਕਲਾਂ 'ਚ ਭੁੱਖ ਹੜਤਾਲ 'ਤੇ ਬੈਠੇ, ਭਾਜਪਾ 'ਤੇ ਸਾਧੇ ਨਿਸ਼ਾਨੇ

ਖਟਕੜ ਕਲਾਂ/ਨਵਾਂਸ਼ਹਿਰ (ਵੈੱਬ ਡੈਸਕ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੇ ਭਾਰਤੀ ਜਨਤਾ ਪਾਰਟੀ ਦੀ ਤਾਨਾਸ਼ਾਹੀ ਖ਼ਿਲਾਫ਼ 'ਆਪ' ਵੱਲੋਂ ਅੱਜ ਦੇਸ਼ ਭਰ ਵਿਚ ਸਮੂਹਿਕ ਭੁੱਖ ਹੜਤਾਲ ਕੀਤੀ ਗਈ। ਇਸੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਕੈਬਨਿਟ ਮੰਤਰੀਆਂ ਅਤੇ 'ਆਪ' ਵਰਕਰਾਂ ਨਾਲ ਖਟਕੜ ਕਲਾਂ ਵਿਚ ਭੁੱਖ ਹੜਤਾਲ 'ਤੇ ਬੈਠੇ ਸਨ। ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਰੋਸ ਜ਼ਾਹਰ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਅੱਜ ਦੇਸ਼ ਦਾ ਲੋਕਤੰਤਰ ਖ਼ਤਰੇ ਵਿਚ ਹੈ। ਕੀ ਇਨ੍ਹਾਂ ਦਿਨਾਂ ਵਾਸਤੇ ਹੀ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਸਨ। ਅੱਜ ਸ਼ਹੀਦ ਭਗਤ ਸਿੰਘ ਦੀ ਆਤਮਾ ਤੜਫ਼ ਰਹੀ ਹੋਵੇਗੀ। ਅੱਜ ਭਗਤ ਸਿੰਘ ਵੱਲੋਂ ਦਿਵਾਈ ਗਈ ਆਜ਼ਾਦੀ ਖ਼ਤਰੇ ਵਿਚ ਹੈ। 

ਇਹ ਵੀ ਪੜ੍ਹੋ: ਪੰਜਾਬ ਵਿਚ ਭਲਕੇ ਰਹੇਗੀ ਛੁੱਟੀ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ

PunjabKesari

ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਦੇਸ਼ ਲਈ ਸਭ ਕੁਝ ਛੱਡ ਦਿੱਤਾ। ਲੱਖਾਂ ਕਰੋੜਾਂ ਦੀ ਕਮਾਈ ਛੱਡ ਕੇ ਕੇਜਰੀਵਾਲ ਰਾਜਨੀਤੀ ਵਿਚ ਆਏ ਹਨ। ਭਾਜਪਾ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਕੇਜਰੀਵਾਲ ਦੀ ਸੋਚ ਨੂੰ ਕਿਵੇਂ ਗ੍ਰਿਫ਼ਤਾਰ ਕਰਨਗੇ। ਭਗਵੰਤ ਮਾਨ ਅੱਗੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਗਾਰੰਟੀਆਂ ਦਿੰਦੀ ਹੈ, ਜਦਕਿ ਭਾਜਪਾ ਵਾਲੇ ਘੋਸ਼ਣਾਪੱਤਰ ਜਾਰੀ ਕਰਦੇ ਸਨ। ਜਦੋਂ ਲੋਕ ਸਾਡੇ ਵੱਲੋਂ ਦਿੱਤੀਆਂ ਗਈਆਂ ਗਾਰੰਟੀਆਂ 'ਤੇ ਯਕੀਨ ਕਰਨ ਲੱਗ ਗਏ ਤਾਂ ਮੋਦੀ ਜੀ ਵੀ ਕਹਿਣ ਲੱਗੇ ਕਿ ਆਸੀਂ ਵੀ ਗਾਰੰਟੀਆਂ ਹੀ ਕਹਾਂਗੇ। ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਲਈ ਖ਼ਤਰੇ ਦੀਆਂ ਘੰਟੀਆਂ ਵੱਜਣ ਲੱਗੀਆਂ ਸਨ, ਤਾਂ ਉਦੋਂ ਇਨ੍ਹਾਂ ਨੂੰ ਕੇਜਰੀਵਾਲ ਦੀਆਂ ਗਾਰੰਟੀਆਂ ਯਾਦ ਆਈਆਂ ਸਨ। ਸਾਡੀਆਂ ਗਾਰੰਟੀਆਂ ਵੇਖ ਕੇ ਹੀ ਭਾਜਪਾ ਵਾਲੇ ਵੀ ਹੁਣ ਗਾਰੰਟੀ ਕਹਿਣ ਲੱਗ ਗਏ ਹਨ। ਭਾਜਪਾ ਨੂੰ 26 ਸਾਲਾਂ ਬਾਅਦ ਪਾਰਲੀਮੈਂਟ 'ਚ 2 ਸੀਟਾਂ ਆਈਆਂ ਸੀ ਅਤੇ ਕਾਂਗਰਸ ਦਾ 45 ਸਾਲਾਂ ਬਾਅਦ ਪਹਿਲਾ ਕੌਂਸਲਰ ਜਿੱਤਿਆ ਸੀ। 'ਆਪ' 10 ਸਾਲਾਂ 'ਚ ਨੈਸ਼ਨਲ ਪਾਰਟੀ ਬਣ ਗਈ। ਹੁਣ ਵਿਰੋਧੀਆਂ ਨੂੰ ਇਹੀ ਡਰ ਸਤਾ ਰਿਹਾ ਹੈ।

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ ਕੱਸਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਾਬ੍ਹ ਆਪਣੀ ਪੜ੍ਹਾਈ ਦੀਆਂ ਡਿਗਰੀਆਂ ਛੱਡੋ ਚਾਹ ਵਾਲੀ ਕੇਤਲੀ ਹੀ ਵਿਖਾ ਦਿਓ, ਜਿਸ ਵਿੱਚ ਤੁਸੀਂ ਚਾਹ ਵੇਚਦੇ ਸੀ। ਹੁਣ ਲੋਕ ਤੁਹਾਡੇ ਜੁਮਲਿਆਂ ਅਤੇ ਝੂਠ ਦੇ ਜਾਲ ਵਿੱਚ ਨਹੀਂ ਫਸਣ ਵਾਲੇ ਹਨ। 

ਦਲ-ਬਦਲ ਕਰਨ ਵਾਲਿਆਂ 'ਤੇ ਭੜਕੇ CM ਭਗਵੰਤ ਮਾਨ 
ਉਥੇ ਹੀ ਦਲ-ਬਦਲ ਕਰਨ ਵਾਲਿਆਂ 'ਤੇ ਭੜਕਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗੂਰਾਲ ਦਾ ਬਿਨਾਂ ਨਾਂ ਲਏ ਕਿਹਾ ਕਿ  ਕਈ ਲੋਕਾਂ ਦਾ ਕੋਈ ਸਟੈਂਡ ਨਹੀਂ ਹੁੰਦਾ, ਅੱਜ ਇੱਧਰ ਅਤੇ ਕੱਲ੍ਹ ਉਧਰ। ਸਾਨੂੰ ਇੱਧਰ-ਉਧਰ ਜਾਣ ਵਾਲੇ ਲੋਕ  ਨਹੀਂ ਚਾਹੀਦੇ ਹਨ। ਸਾਡੀ ਪਾਰਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਸਾਨੂੰ ਵੱਡੇ ਚਿਹਰੇ ਨਹੀਂ ਆਮ ਘਰਾਂ ਦੇ ਲੋਕ ਚਾਹੀਦੇ ਹਨ। ਚੰਗਾ ਹੋਇਆ ਜਿਸ ਨੇ ਕੱਲ ਜਾਣਾ ਸੀ, ਅੱਜ ਚਲਾ ਗਿਆ। ਸ਼ਾਇਰਾਨਾ ਅੰਦਾਜ਼ 'ਚ ਬੋਲਦੇ ਭਗਵੰਤ ਮਾਨ ਨੇ ਕਿਹਾ ਕਿ ਭਲਾ ਹੋਇਆ ਲੜ ਨੇੜਿਓਂ ਛੁੱਟਿਆ, ਉਮਰ ਨਾ ਬੀਤੀ ਸਾਰੀ, ਲਗਦੀ ਨਾਲੋਂ ਟੁੱਟਦੀ ਚੰਗੀ, ਬੇਕਦਰਾਂ ਦੀ ਯਾਰੀ।  

ਇਹ ਵੀ ਪੜ੍ਹੋ: ਜਲੰਧਰ 'ਚ CM ਭਗਵੰਤ ਮਾਨ ਦੀ ਵਾਲੰਟੀਅਰਾਂ ਨਾਲ ਮਿਲਣੀ, ਵਿਰੋਧੀਆਂ 'ਤੇ ਸਾਧੇ ਤਿੱਖੇ ਨਿਸ਼ਾਨੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News