CM ਭਗਵੰਤ ਮਾਨ ਵੱਲੋਂ ਸ਼ਹਿਰੀ ਵਿਕਾਸ ਨੂੰ ਲੈ ਕੇ ਮਾਡਲ ਤਿਆਰ, ਫਰਵਰੀ ਤੋਂ ਹਰ ਹਫ਼ਤੇ ਸ਼ਹਿਰਾਂ ਦਾ ਕਰਨਗੇ ਦੌਰਾ
Sunday, Jan 22, 2023 - 10:36 AM (IST)

ਜਲੰਧਰ (ਧਵਨ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹਿਰੀ ਵਿਕਾਸ ਨੂੰ ਲੈ ਕੇ ਹੁਣ ਮਾਡਲ ਤਿਆਰ ਕੀਤਾ ਹੈ। ਮੁੱਖ ਮੰਤਰੀ ਨੇ ਆਉਣ ਵਾਲੇ ਦਿਨਾਂ ’ਚ ਸ਼ਹਿਰਾਂ ’ਤੇ ਧਿਆਨ ਕੇਂਦਰਿਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਮੁੱਖ ਮੰਤਰੀ ਸ਼ਹਿਰਾਂ ਦੇ ਵਿਕਾਸ ਮਾਡਲ ਦੀ ਚਰਚਾ ਵੱਡੇ ਮਹਾਨਗਰਾਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ ’ਚ ਜਾ ਕੇ ਖ਼ੁਦ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਫਰਵਰੀ ਮਹੀਨੇ ਤੋਂ ਹਰ ਹਫ਼ਤੇ ਸ਼ਹਿਰਾਂ ਦਾ ਦੌਰਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਉਹ ਹਫ਼ਤੇ ’ਚ ਘੱਟੋ-ਘੱਟ 2 ਦਿਨ ਸ਼ਹਿਰਾਂ ਦਾ ਦੌਰਾ ਕਰਨਗੇ। ਇਸ ਨਾਲ ਜਿੱਥੇ ਉਹ ਸ਼ਹਿਰੀ ਲੋਕਾਂ ਦੇ ਅੰਦਰ ਆਪਣੀ ਸਰਕਾਰ ਦਾ ਸ਼ਹਿਰਾਂ ਦੇ ਪ੍ਰਤੀ ਨਜ਼ਰ ਦਾ ਪ੍ਰਗਟਾਵਾ ਕਰਨਗੇ, ਉੱਥੇ ਹੀ ਉਨ੍ਹਾਂ ਨੂੰ ਸ਼ਹਿਰੀ ਲੋਕਾਂ ਦੇ ਨੇੜੇ ਜਾਣ ਦਾ ਮੌਕਾ ਮਿਲੇਗਾ।
ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਆਗੂਆਂ ਨੇ ਦੱਸਿਆ ਕਿ ਫਿਲਹਾਲ ਮੁੱਖ ਮੰਤਰੀ ਅਗਲੇ ਇਕ ਹਫ਼ਤਾ ਕਾਫ਼ੀ ਰੁੱਝੇ ਰਹਿਣ ਵਾਲੇ ਹਨ। ਉਹ ਮਹਾਰਾਸ਼ਟਰ ਅਤੇ ਓਡਿਸ਼ਾ ਦੇ ਦੌਰੇ ’ਤੇ ਜਾਣਗੇ ਅਤੇ ਨਾਲ ਹੀ ਗਣਤੰਤਰ ਦਿਵਸ ਸਮਾਰੋਹ ’ਚ ਵੀ ਉਨ੍ਹਾਂ ਨੇ ਰਾਸ਼ਟਰੀ ਝੰਡਾ ਲਹਿਰਾਉਣਾ ਹੈ। ਫਰਵਰੀ ਦੇ ਸ਼ੁਰੂ ਤੋਂ ਹੀ ਮੁੱਖ ਮੰਤਰੀ ਦੀ ਸ਼ਹਿਰਾਂ ਪ੍ਰਤੀ ਨਜ਼ਰਸਾਨੀ ਸਾਹਮਣੇ ਆਉਣੀ ਸ਼ੁਰੂ ਹੋ ਜਾਵੇਗੀ। ਮੁੱਖ ਮੰਤਰੀ ਨੂੰ ਇਨ੍ਹਾਂ ਦੌਰਿਆਂ ਤੋਂ ਅਧਿਕਾਰੀਆਂ ਦੇ ਕੰਮਕਾਜ ਬਾਰੇ ਪਤਾ ਲੱਗੇਗਾ। ਪੰਜਾਬ ਸਰਕਾਰ ਨੇ ਆਉਣ ਵਾਲੇ ਕੁਝ ਮਹੀਨਿਆਂ ’ਚ ਨਿਗਮ ਚੋਣਾਂ ਵੀ ਕਰਵਾਉਣੀਆਂ ਹਨ। ਇਸ ਲਈ ਇਸ ਤੋਂ ਪਹਿਲਾਂ ਮੁੱਖ ਮੰਤਰੀ ਸ਼ਹਿਰਾਂ ’ਚ ਆਪਣੀ ਪਾਰਟੀ ਨੂੰ ਪੂਰੀ ਤਰ੍ਹਾਂ ਮਜ਼ਬੂਤ ਕਰਨਾ ਚਾਹੁੰਦੇ ਹਨ। ਸ਼ਾਇਦ ਫਰਵਰੀ ਅਤੇ ਮਾਰਚ ਦੇ ਮਹੀਨਿਆਂ ’ਚ ਮੁੱਖ ਮੰਤਰੀ ਤਿੰਨੋਂ ਵੱਡੇ ਮਹਾਨਗਰਾਂ ’ਚ ਸਰਗਰਮ ਰਹਿਣਗੇ।
ਇਹ ਵੀ ਪੜ੍ਹੋ : ਰਾਮ ਰਹੀਮ ਨੂੰ ਪੈਰੋਲ ਮਿਲਣ 'ਤੇ ਸੁਖਬੀਰ ਬਾਦਲ ਬੋਲੇ,ਅਪਰਾਧੀ ਨੂੰ ਵਾਰ-ਵਾਰ ਪੈਰੋਲ ਪਰ ਬੰਦੀ ਸਿੰਘਾਂ ਨੂੰ ਨਹੀਂ ਮਿਲ ਰਿਹਾ ਇਨਸਾਫ਼
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਇਕ ਪਾਸੇ ਅੰਮ੍ਰਿਤਸਰ ’ਚ ਜੀ-20 ਸਿਖਰ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਅੰਮ੍ਰਿਤਸਰ ਲਈ ਵਿਕਾਸ ਪ੍ਰਾਜੈਕਟ ਤਾਂ ਤਿਆਰ ਕਰ ਲਏ ਗਏ ਹਨ ਪਰ ਹੁਣ ਉਹ ਜਲੰਧਰ ਅਤੇ ਲੁਧਿਆਣਾ ਲਈ ਵਿਸ਼ੇਸ਼ ਤੌਰ ’ਤੇ ਵਿਕਾਸ ਪ੍ਰਾਜੈਕਟ ਤਿਆਰ ਕਰ ਰਹੇ ਹਨ। ਇਸ ਲਈ ਮੁੱਖ ਮੰਤਰੀ ਨੇ ਆਪਣੇ ਨਜ਼ਦੀਕੀ ਅਧਿਕਾਰੀਆਂ ਨੂੰ ਵੀ ਦਿਸ਼ਾ-ਨਿਰਦੇਸ਼ ਦੇ ਦਿੱਤੇ ਹਨ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਇਕ ਸੀਨੀਅਰ ਅਧਿਕਾਰੀ ਦਾ ਤਬਾਦਲਾ ਕਰਕੇ ਅਫ਼ਸਰਸ਼ਾਹੀ ਨੂੰ ਵਿਖਾਏ ਤੇਵਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।