CM ਮਾਨ ਦੀ ਜ਼ਿੰਦਗੀ 'ਚ ਅੱਜ ਜੁੜੇਗਾ ਨਵਾਂ ਕਿੱਸਾ, 12 ਸਾਲ ਮਗਰੋਂ ਇਹ ਦਿਨ ਆਵੇਗਾ, ਕਿਸੇ ਨੇ ਨਹੀਂ ਸੀ ਸੋਚਿਆ
Thursday, Nov 17, 2022 - 09:20 AM (IST)
ਲੁਧਿਆਣਾ (ਵਿੱਕੀ) : ਕਹਿੰਦੇ ਹਨ ਕਿ ਸਮਾਂ ਬਹੁਤ ਬਲਵਾਨ ਹੈ, ਕਿਸ ਦਾ ਕਦੋਂ ਬਦਲ ਜਾਵੇ, ਕੁੱਝ ਪਤਾ ਨਹੀਂ। ਇਸ ਗੱਲ ਦੀ ਤਾਜ਼ਾ ਮਿਸਾਲ ਹਨ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਜੋ ਕਾਮੇਡੀ ਤੋਂ ਸਿਆਸਤ 'ਚ ਆਏ ਹਨ। ਵੈਸੇ ਤਾਂ ਮੁੱਖ ਮੰਤਰੀ ਮਾਨ ਆਪਣੀਆਂ ਕਈ ਸਪੀਚਾਂ 'ਚ ਲੁਧਿਆਣਾ ਨੂੰ ਆਪਣੀ ਕਰਮਭੂਮੀ ਆਖ ਚੁੱਕੇ ਹਨ ਪਰ ਵੀਰਵਾਰ ਨੂੰ ਉਨ੍ਹਾਂ ਦੇ ਪ੍ਰੋਫੈਸ਼ਨਲ ਅਤੇ ਸਿਆਸੀ ਜੀਵਨ 'ਚ ਇਕ ਹੋਰ ਕਿੱਸਾ ਜੁੜ ਜਾਵੇਗਾ।
ਅਸਲ 'ਚ ਸਾਲ 2010 'ਚ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕਰਵਾਏ ਗਏ ਵਰਲਡ ਕੱਪ ਕਬੱਡੀ ਕੱਪ ਦੇ ਭਾਰਤ-ਪਾਕਿ ਫਾਈਨਲ ਮੈਚ 'ਚ ਭਗਵੰਤ ਮਾਨ ਗੁਰੂ ਨਾਨਕ ਸਟੇਡੀਅਮ 'ਚ ਬਤੌਰ ਕੁਮੈਂਟੇਟਰ ਕੁਮੈਂਟਰੀ ਕਰਨ ਆਏ ਸਨ ਪਰ ਉਸ ਸਮੇਂ ਸ਼ਾਇਦ ਕਿਸੇ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਗਰਾਊਂਡ 'ਚ ਆ ਕੇ ਆਪਣੀਆਂ ਗੱਲਾਂ ਨਾਲ ਦਰਸ਼ਕਾਂ ਨੂੰ ਹਸਾ ਕੇ ਉਨ੍ਹਾਂ ਦਾ ਮਨੋਰੰਜਨ ਕਰਨ ਵਾਲੇ ਮਾਨ ਆਉਣ ਵਾਲੇ ਇਕ ਦਿਨ ਇਸੇ ਸਟੇਡੀਅਮ 'ਚ ਬਤੌਰ ਮੁੱਖ ਮੰਤਰੀ ਪੰਜਾਬ ਬਣ ਕੇ ਖਿਡਾਰੀਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕਰਨਗੇ।
ਇਹ ਵੀ ਪੜ੍ਹੋ : ਪੰਜਾਬ ਬਾਰੇ ਅਮਿਤ ਸ਼ਾਹ ਦੇ ਬਿਆਨ 'ਤੇ ਮਾਨ ਸਰਕਾਰ ਦਾ ਪਲਟਵਾਰ, ਕਹੀ ਵੱਡੀ ਗੱਲ
ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਪਹਿਲੀ ਵਾਰ ਕਿਸੇ ਸੂਬਾ ਪੱਧਰੀ ਖੇਡ ਸਮਾਗਮ 'ਚ ਫਿਰ ਉਸੇ ਸਟੇਡੀਅਮ 'ਚ ਆ ਰਹੇ ਹਨ, ਜਿੱਥੇ ਉਹ ਲੋਕਾਂ 'ਚ ਬੈਠ ਕੇ ਕੁਮੈਂਟਰੀ ਕਰਦੇ ਸਨ। ਕਬੱਡੀ ਕੋਚ ਦੇਵੀ ਦਿਆਲ ਸਾਲ 2010 ਦੇ ਕਬੱਡੀ ਕੱਪ 'ਚ ਉਹ ਰੈਫ਼ਰੀ ਦੀ ਭੂਮਿਕਾ ਨਿਭਾਅ ਰਹੇ ਸਨ ਅਤੇ ਭਗਵੰਤ ਮਾਨ ਕੁਮੈਂਟੇਟਰ ਦੀ। ਬੇਸ਼ੱਕ ਭਗਵੰਤ ਮਾਨ ਅੱਜ ਮੁੱਖ ਮੰਤਰੀ ਬਣ ਗਏ ਹਨ ਪਰ ਬਤੌਰ ਹਾਸਰਸ ਕਲਾਕਾਰ ਵੀ ਉਹ ਹਮੇਸ਼ਾ ਜ਼ਮੀਨ ਨਾਲ ਜੁੜੇ ਰਹੇ ਅਤੇ ਅੱਜ ਵੀ ਜ਼ਮੀਨ ਨਾਲ ਹੀ ਜੁੜੇ ਹਨ ਅਤੇ ਪੰਜਾਬ ਨੂੰ ਉਚਾਈਆਂ ’ਤੇ ਲਿਜਾਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਮਾਨ ਵੱਲੋਂ ਕਬੱਡੀ ਕੱਪ 'ਚ ਕੀਤੀ ਗਈ ਕੁਮੈਂਟਰੀ ਅੱਜ ਵੀ ਸੋਸ਼ਲ ਮੀਡੀਆ ’ਤੇ ਉਪਲੱਬਧ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ