ਮੁੱਖ ਮੰਤਰੀ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਨੂੰ ਮੁਕੰਮਲ ਕਰਨ ਲਈ 15 ਕਰੋੜ ਰੁਪਏ ਪ੍ਰਵਾਨ
08/18/2017 9:23:19 PM
ਚੰਡੀਗੜ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਵਿੱਚ ਕਰਤਾਰਪੁਰ ਵਿਖੇ ਸਥਿਤ ਜੰਗ-ਏ-ਆਜ਼ਾਦੀ ਦੇ ਦੂਜੇ ਪੜਾਅ ਨੂੰ ਮੁਕੰਮਲ ਕਰਨ ਲਈ ਅੱਜ 15 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਯਾਦਗਾਰ ਦੀ ਉਸਾਰੀ ਕਰ ਰਹੀ ਪੰਜਾਬ ਫ੍ਰੀਡਮ ਮੂਵਮੈਂਟ ਮੈਮੋਰੀਅਲ ਫਾਊਂਡੇਸ਼ਨ ਦੀ ਮੀਟਿੰਗ ਉਪਰੰਤ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਇਕ ਨਵੰਬਰ ਨੂੰ ਪੰਜਾਬ ਦਿਵਸ ਮੌਕੇ ਇਹ ਯਾਦਗਾਰ ਦੇਸ਼ ਨੂੰ ਸਮਰਪਿਤ ਕਰਨ ਦੀ ਸਹਿਮਤੀ ਦੇ ਦਿੱਤੀ ਹੈ।
ਕੈਪਟਨ ਅਮਰਿੰਦਰ ਸਿੰਘ ਜੋ ਫਾਊਂਡੇਸ਼ਨ ਦੇ ਚੇਅਰਮੈਨ ਵੀ ਹਨ, ਨੇ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ) ਨੂੰ ਇਸ ਯਾਦਗਾਰ ਦੀ ਉਸਾਰੀ ਅਤੇ ਰੱਖ-ਰਖਾਅ ਲਈ 8.12 ਕਰੋੜ ਰੁਪਏ ਦੇ ਅਣਵਰਤੇ ਫੰਡ ਫਾਊਂਡੇਸ਼ਨ ਨੂੰ ਵਰਤਣ ਦੀ ਇਜਾਜ਼ਤ ਦੇਣ ਦੀ ਹਦਾਇਤ ਕੀਤੀ। ਇਹ ਯਾਦਗਾਰ ਭਾਰਤੀ ਆਜ਼ਾਦੀ ਸੰਘਰਸ਼ ਵਿੱਚ ਪੰਜਾਬ ਦੇ ਯੋਗਦਾਨ ਨੂੰ ਮੂਰਤੀਮਾਨ ਕਰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਯਾਦਗਾਰ ਸਾਡੀ ਅਜੋਕੀ ਪੀੜ੍ਹੀ ਨੂੰ ਆਪਣੇ ਪਿਛੋਕੜ ਨਾਲ ਜੋੜੇਗੀ।
ਸੱਭਿਆਚਾਰਕ ਮਾਮਲੇ ਅਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੱਧੂ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਕੰਮ ਜੂਨ, 2017 ਵਿੱਚ ਪੂਰਾ ਕੀਤਾ ਜਾ ਚੁੱਕਾ ਹੈ ਅਤੇ ਦੂਜੇ ਪੜਾਅ ਦਾ ਕੰਮ ਵੀ ਅਗਲੇ ਦੋ ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਭਰੋਸਾ ਦਿੱਤਾ।
ਇਸ ਤੋਂ ਪਹਿਲਾਂ ਫਾਊਂਡੇਸ਼ਨ ਦੇ ਮੈਂਬਰਾਂ ਨੇ ਮੁੱਖ ਮੰਤਰੀ ਅੱਗੇ ਪ੍ਰਾਜੈਕਟ ਦੇ ਪਹਿਲੇ ਪੜਾਅ ਦੀ ਮੁਕੰਮਲਤਾ ’ਤੇ ਪੇਸ਼ਕਾਰੀ ਦਿੱਤੀ। ਫਾਊਂਡੇਸ਼ਨ ਦੇ ਮੈਂਬਰ ਸਕੱਤਰ ਡਾ. ਬਰਜਿੰਦਰ ਸਿੰਘ ਹਮਦਰਦ ਨੇ ਕਿਹਾ ਕਿ ਇਸ ਯਾਦਗਾਰ ਨੇ ਭਾਰਤੀ ਆਜ਼ਾਦੀ ਸੰਘਰਸ਼ ਦੇ ਮਹਾਨ ਯੋਧਿਆਂ ਭਾਈ ਮਹਾਰਾਜ ਸਿੰਘ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਦੀ ਮਹਾਨਤਾ ਨੂੰ ਮੁੜ ਬਿਆਨ ਕਰਨ ਦਾ ਵਿਸ਼ੇਸ਼ ਮੌਕਾ ਪ੍ਰਦਾਨ ਕੀਤਾ ਹੈ, ਜਿਨ੍ਹਾਂ ਨੇ ਆਪਣੀ ਮਾਤ-ਭੂਮੀ ਦੀ ਖਾਤਰ ਜਾਨਾਂ ਕੁਰਬਾਨ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਯਾਦਗਾਰ ਰਾਹੀਂ ਆਪਣੇ ਗੌਰਵਮਈ ਪਿਛੋਕੜ ਬਾਰੇ ਜਾਣੂ ਹੋਣਗੀਆਂ।
ਕਰਤਾਰਪੁਰ ਵਿਖੇ 25 ਏਕੜ ਰਕਬੇ ਵਿਚ ਬਣੇ 315 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਨੂੰ ਜੂਨ 2012 ਵਿਚ ਪ੍ਰਵਾਨਗੀ ਦਿੱਤੀ ਗਈ ਸੀ। ਬਾਲੀਵੁੱਡ ਹਸਤੀ ਸ਼ਾਮ ਬੈਨੇਗਲ ਵਰਗੀਆਂ ਉੱਘੀਆਂ ਸ਼ਖਸੀਅਤਾਂ ਨੂੰ ਇਸ ਪ੍ਰਾਜੈਕਟ ਵਿਚ ਸ਼ਾਮਲ ਕੀਤਾ ਗਿਆ ਸੀ ਤਾਂ ਕਿ ਇਸ ਯਾਦਗਾਰ ਦੇ ਅਸਲ ਉਦੇਸ਼ ਨੂੰ ਯਕੀਨੀ ਬਣਾਇਆ ਜਾ ਸਕੇ।