ਮੁੱਖ ਮੰਤਰੀ ਦਾ ਪੀ. ਏ. ਬਣ ਕੇ ਅਧਿਕਾਰੀਆਂ ਨੂੰ ਧੋਖਾ ਦੇਣ ਵਾਲਾ ਪੁਲਸ ਮੁਲਾਜ਼ਮ ਗ੍ਰਿਫਤਾਰ
Wednesday, Sep 23, 2020 - 08:51 PM (IST)
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਿਜੀ ਸਹਾਇਕ ਬਣਕੇ ਇਕ ਸਿਪਾਹੀ ਵਲੋਂ ਸਰਕਾਰੀ ਅਧਿਕਾਰੀਆਂ ਤੇ ਹੋਰਨਾਂ ਨੂੰ ਧੋਖਾ ਦਿੱਤਾ ਗਿਆ। ਇਸ ਕਾਰਣ ਪੰਜਾਬ ਪੁਲਸ ਨੇ ਉਕਤ ਸਿਪਾਹੀ ਮਨਜਿੰਦਰ ਸਿੰਘ ਨੂੰ ਮੁੱਖ ਮੰਤਰੀ ਦਾ ਪੀਏ ਬਣ ਕੇ ਅਤੇ ਟਰੂਕਾਲਰ ਐਪ ਦੀ ਵਰਤੋਂ ਕਰਦਿਆਂ ਖ਼ੁਦ ਨੂੰ ਵੱਖ-ਵੱਖ ਅਹੁਦਿਆਂ ਦੇ ਸੀਨੀਅਰ ਅਧਿਕਾਰੀ ਵਜੋਂ ਗਲਤ ਤਰੀਕੇ ਨਾਲ ਪੇਸ਼ ਕਰਕੇ ਕਈ ਵਿਅਕਤੀਆਂ ਨੂੰ ਧੋਖਾ ਦੇਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਡੀ.ਜੀ. ਪੀ. ਦਿਨਕਰ ਗੁਪਤਾ ਨੇ ਸਪੈਸ਼ਲ ਡੀ.ਜੀ.ਪੀ. ਪੰਜਾਬ ਆਰਮਡ ਪੁਲਸ ਨੂੰ ਹਦਾਇਤ ਕੀਤੀ ਹੈ ਕਿ ਉਕਤ ਸਿਪਾਹੀ ਨੂੰ ਬਰਖਾਸਤ ਕੀਤਾ ਜਾਵੇ, ਜੋ ਕਿ ਅਪਰਾਧਿਕ ਮਾਮਲਿਆਂ 'ਚ ਸ਼ਾਮਲ ਪਾਇਆ ਗਿਆ ਹੈ ਅਤੇ ਪਹਿਲਾਂ ਤਿੰਨ ਵੱਖ-ਵੱਖ ਮਾਮਲਿਆਂ 'ਚ ਬਰੀ ਹੋ ਚੁੱਕਾ ਹੈ। ਸਾਲ 2006 ਦੌਰਾਨ ਪੰਜਾਬ ਪੁਲਸ 'ਚ ਬਤੌਰ ਸਿਪਾਹੀ ਭਰਤੀ ਹੋਇਆ ਇਹ ਪੁਲਸ ਮੁਲਾਜ਼ਮ ਮੌਜੂਦਾ ਸਮੇਂ 1 ਆਈ.ਆਰ.ਬੀ. ਵੱਲੋਂ 21 ਨੰਬਰ ਓਵਰਬ੍ਰਿਜ, ਪਟਿਆਲਾ ਵਿਖੇ ਸੰਤਰੀ ਗਾਰਡ ਵਜੋਂ ਤਾਇਨਾਤ ਸੀ।
ਗੁਪਤਾ ਨੇ ਦੱਸਿਆ ਕਿ ਸਕੱਤਰ (ਖਰਚਾ) ਅਤੇ ਡਾਇਰੈਕਟਰ (ਮਾਈਨਿੰਗ) ਵਿਜੇ ਐਨ ਜ਼ਾਦੇ ਵਲੋਂ ਦਿੱਤੀ ਜਾਣਕਾਰੀ ਤੋਂ ਬਾਅਦ ਪੁਲਸ ਨੇ ਕਾਰਵਾਈ ਸ਼ੁਰੂ ਕੀਤੀ। ਐਨ. ਜ਼ਾਦੇ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਇਕ ਵਿਅਕਤੀ ਦਾ ਫੋਨ ਆਇਆ ਸੀ ਜੋ ਦਾਅਵਾ ਕਰ ਰਿਹਾ ਸੀ ਕਿ ਉਹ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਬੋਲ ਰਿਹਾ ਹੈ। ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਕੋਈ ਵੀ ਅਜਿਹਾ ਵਿਅਕਤੀ ਮੁੱਖ ਮੰਤਰੀ ਦੀ ਰਿਹਾਇਸ਼ ਜਾਂ ਦਫਤਰ ਵਿੱਚ ਡਿਊਟੀ 'ਤੇ ਨਹੀਂ ਸੀ। ਹਾਲਾਂਕਿ, ਟਰੂਕਾਲਰ 'ਤੇ ਦਿਖਾਇਆ ਗਿਆ ਸੀ ਕਿ ਇਹ ਕਾਲ ਮੁੱਖ ਮੰਤਰੀ ਨਿਵਾਸ ਤੋਂ ਆਈ ਹੈ।
ਡੀ.ਜੀ.ਪੀ. ਨੇ ਦੱਸਿਆ ਕਿ ਐਮ. ਬੀ. ਏ. ਪਾਸ ਇਹ ਸ਼ੱਕੀ ਵਿਅਕਤੀ ਵੱਖ-ਵੱਖ ਸਰਕਾਰੀ ਅਧਿਕਾਰੀਆਂ ਨੂੰ ਫੋਨ ਕਰਦਾ ਸੀ ਅਤੇ ਅਕਸਰ ਖੁਦ ਨੂੰ ਮੁੱਖ ਮੰਤਰੀ ਦਾ ਨਿੱਜੀ ਸਹਾਇਕ ਕੁਲਦੀਪ ਸਿੰਘ ਵਜੋਂ ਪੇਸ਼ ਕਰਦਾ ਸੀ। ਉਨ੍ਹਾਂ ਕਿਹਾ ਕਿ ਉਹ ਆਪਣੀ ਅਸਲ ਪਛਾਣ ਨੂੰ ਬਚਾਉਣ ਲਈ ਟੈਕਨੋਲੋਜੀ ਨੂੰ ਬੜੀ ਚਲਾਕੀ ਨਾਲ ਵਰਤਦਾ ਸੀ । ਉਹ ਟਰੂਕਾਲਰ ਐਪ ਵਿੱਚ ਅਦਲਾ-ਬਦਲੀ ਕਰਕੇ ਆਪਣੇ ਆਪ ਨੂੰ ਮੁੱਖ ਮੰਤਰੀ ਦਫਤਰ ਚੰਡੀਗੜ੍ਹ, ਐਸ. ਐਸ. ਪੀ. ਚੰਡੀਗੜ੍ਹ, ਡੀ.ਸੀ. ਮੁਕਤਸਰ ਤੋਂ ਇਲਾਵਾ ਕਈ ਹੋਰ ਵਿਅਕਤੀਆਂ ਵਜੋਂ ਪੇਸ਼ ਕਰਦਾ ਸੀ।
ਡੀ. ਜੀ. ਪੀ. ਗੁਪਤਾ ਨੇ ਦੱਸਿਆ ਕਿ ਇਸ ਸਿਪਾਹੀ ਦੇ ਕਬਜ਼ੇ 'ਚੋਂ 12 ਸਿਮ ਕਾਰਡਾਂ ਸਮੇਤ ਲਾਵਾ, ਸੈਮਸੰਗ, ਨੋਕੀਆ, ਓਪੋ, ਪੈਨਾਸੋਨਿਕ ਦੇ ਵੱਖ-ਵੱਖ ਕੰਪਨੀਆਂ ਦੇ ਅੱਠ ਮੋਬਾਈਲ ਫੋਨ, ਇਕ ਇਨੋਵਾ ਕਾਰ, ਆਧਾਰ ਕਾਰਡਾਂ ਦੀਆਂ ਕਾਪੀਆਂ, ਵੋਟਰ ਕਾਰਡ ਅਤੇ ਹੋਰ ਵਿਅਕਤੀਆਂ ਦੀਆਂ ਮਾਰਕਸ਼ੀਟਾਂ ਆਦਿ ਬਰਾਮਦ ਕੀਤੇ ਗਏ ਹਨ। ਉਸ ਨੇ ਚਿੱਟੇ ਰੰਗ ਦੀ ਇਨੋਵਾ ਕਾਰ ਨੰ. ਪੀਬੀ 11 ਏਬੀ 0108 ਉੱਪਰ ਫਲੈਗ ਰਾਡ ਲਗਾਇਆ ਹੋਇਆ ਸੀ ਅਤੇ ਸਾਹਮਣੇ ਸ਼ੀਸ਼ੇ 'ਤੇ ਵੀ.ਆਈ.ਪੀ. ਸਟਿੱਕਰ ਲਗਾਇਆ ਹੋਇਆ ਸੀ। ਪਟਿਆਲਾ ਵਾਸੀ ਉਕਤ ਦੋਸ਼ੀ ਤੋਂ ਜ਼ਬਤ ਕੀਤੀਆਂ ਗਈਆਂ ਹੋਰ ਚੀਜ਼ਾਂ ਵਿਚ 2 ਆਧਾਰ ਕਾਰਡ (ਕਮਲੇਸ਼ ਚੌਧਰੀ ਅਤੇ ਜਗਤਾਰ ਸਿੰਘ ਦੇ ਨਾਮ ਵਾਲੇ), ਜਗਤਾਰ ਸਿੰਘ ਦਾ ਵੋਟਰ ਸ਼ਨਾਖਤੀ ਕਾਰਡ ਸਨ, ਸਤਨਾਮ ਸਿੰਘ ਦੇ ਆਧਾਰ ਕਾਰਡ ਦੀ ਫੋਟੋ ਕਾਪੀ, 10 ਵੀਂ ਅਤੇ 12 ਵੀਂ ਦੀ ਮਾਰਕਸ਼ੀਟਾਂ ਵੀ ਸ਼ਾਮਲ ਹਨ।
ਮੁੱਢਲੀ ਜਾਂਚ ਦੌਰਾਨ ਦੋਸ਼ੀ ਮਨਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਖੁਦ ਨੂੰ ਕੁਲਦੀਪ ਸਿੰਘ, ਨਿੱਜੀ ਸਹਾਇਕ ਮੁੱਖ ਮੰਤਰੀ, ਪੰਜਾਬ ਵਜੋਂ ਪੇਸ਼ ਕਰਕੇ ਵੱਖ-ਵੱਖ ਅਧਿਕਾਰੀਆਂ ਨਾਲ ਸੰਪਰਕ ਕਰਦਾ ਸੀ। ਉਨ੍ਹਾਂ ਵਿਚੋਂ ਕੁਝ ਡੀ.ਐਸ.ਪੀ. ਮਾਲੇਰਕੋਟਲਾ ਸੁਮਿਤ ਸੂਦ, ਮਾਈਨਿੰਗ ਅਫਸਰ ਰੋਪੜ ਮਨਜੀਤ ਕੌਰ ਢਿੱਲੋਂ, ਸੁਪਰਡੰਟ (ਪੀ.ਆਰ.ਟੀ.ਸੀ. ਫਰੀਦਕੋਟ) ਸੀਤਾ ਰਾਮ, ਨਾਕਾ ਇੰਚਾਰਜ ਨੇੜੇ ਨੰਦਪੁਰ ਕੇਸ਼ੋਂ ਪਟਿਆਲਾ- ਸਰਹਿੰਦ ਰੋਡ, ਪੀ.ਪੀ. ਫੱਗਣ ਮਾਜਰਾ ਸ਼ਾਮਲ ਹਨ। ਐਸ.ਐਸ.ਪੀ. ਪਟਿਆਲਾ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਉਕਤ ਦੋਸ਼ੀ ਖਿਲਾਫ ਐਫ.ਆਈ.ਆਰ. ਨੰ. 300 ਆਈ.ਪੀ.ਸੀ. ਦੀ ਧਾਰਾ 419, 420, 467, 471 ਅਤੇ 66 (ਡੀ) ਆਈ.ਟੀ. ਐਕਟ ਤਹਿਤ ਥਾਣਾ ਤ੍ਰਿਪੜੀ, ਪਟਿਆਲਾ ਵਿਖੇ ਅਪਰਾਧਿਕ ਕੇਸ ਦਰਜ ਕਰ ਲਿਆ ਗਿਆ। ਡੀ.ਜੀ.ਪੀ. ਨੇ ਅੱਗੇ ਦੱਸਿਆ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ, ਜਿਸ 'ਚ ਵੱਖ-ਵੱਖ ਪੀੜਤਾਂ ਦੇ ਨਾਮ ਸ਼ਾਮਲ ਹਨ, ਜਿਨ੍ਹਾਂ ਨੂੰ ਉਸ ਨੇ ਧੋਖਾ ਦਿੱਤਾ ਸੀ ਅਤੇ ਕਿੰਨੀ ਰਕਮ ਉਂਨਾਂ ਕੋਲੋਂ ਠੱਗੀ ਸੀ। ਉਕਤ ਮੁਲਾਜ਼ਮ ਵਿਰੁੱਧ ਦਰਜ ਪਿਛਲੀਆਂ ਐਫ.ਆਈ.ਆਰ. ਵਿਚ ਐਫ.ਆਈ.ਆਰ. ਨੰ. 264, ਮਿਤੀ 21.08.12 ਅਧੀਨ ਧਾਰਾ 420, 511 ਥਾਣਾ ਤ੍ਰਿਪੜੀ, ਜ਼ਿਲ੍ਹਾ ਪਟਿਆਲਾ, ਐਫ.ਆਈ.ਆਰ. ਨੰ. 234 ਮਿਤੀ 02.07.2009 ਅਧੀਨ ਆਈ.ਪੀ.ਸੀ. ਧਾਰਾ 323, 341, 506, 427, 34 ਥਾਣਾ ਤ੍ਰਿਪੜੀ ਜ਼ਿਲ੍ਹਾ ਪਟਿਆਲਾ ਅਤੇ ਐਫਆਈਆਰ ਨੰਬਰ 218 ਮਿਤੀ 14.11.2014 ਆਈ.ਪੀ.ਸੀ. ਦੀ ਧਾਰਾ 379, 427, 411 ਤਹਿਤ ਥਾਣਾ ਸਿਵਲ ਲਾਈਨਜ਼, ਪਟਿਆਲਾ ਸ਼ਾਮਲ ਹਨ।