ਜਲੰਧਰ ਦੇ ਗੈਂਗਰੇਪ ਮਾਮਲੇ 'ਚ ਖੁੱਲ੍ਹੀਆਂ ਹੋਰ ਕਈ ਪਰਤਾਂ, ਕਾਂਗਰਸੀ ਆਗੂ ਬਣਾ ਰਿਹਾ ਪੁਲਸ 'ਤੇ ਦਬਾਅ
Thursday, May 27, 2021 - 10:16 AM (IST)
ਜਲੰਧਰ (ਮ੍ਰਿਦੁਲ)– ਥਾਣਾ ਮਾਡਲ ਟਾਊਨ ਅਧੀਨ ਆਉਂਦੇ ਕਲਾਊਡ ਸਪਾ ਸੈਂਟਰ ਵਿਚ ਇਕ ਨਾਬਾਲਗ ਕੁੜੀ ਨਾਲ ਗੈਂਗਰੇਪ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਮਹਿਲਾ ਮੁਲਜ਼ਮ ਸਾਜ਼ਿਸ਼ਕਰਤਾ ਜੋਤੀ ਦਾ ਬੁੱਧਵਾਰ ਨੂੰ ਰਿਮਾਂਡ ਖ਼ਤਮ ਹੋ ਗਿਆ। ਪੁਲਸ ਵੱਲੋਂ ਜੋਤੀ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਉਥੇ ਹੀ ਦੂਜੇ ਪਾਸੇ ਮਾਸਟਰਮਾਈਂਡ ਆਸ਼ੀਸ਼ ਅਤੇ ਇੰਦਰ ਤੋਂ ਉੱਚ ਅਧਿਕਾਰੀਆਂ ਨੇ ਸਵੇਰੇ ਕਾਫ਼ੀ ਦੇਰ ਪੁੱਛਗਿੱਛ ਕੀਤੀ, ਜਿਸ ਦੌਰਾਨ ਕਈ ਤਰ੍ਹਾਂ ਦੇ ਖ਼ੁਲਾਸੇ ਹੋਏ, ਜਿਨ੍ਹਾਂ ਵਿਚ ਨੇਤਾਵਾਂ ਤੋਂ ਲੈ ਕੇ ਕਈ ਸਫੈਦਪੋਸ਼ ਲੋਕਾਂ ਬਾਰੇ ਵੀ ਪਤਾ ਲੱਗਾ।
ਜਾਣਕਾਰੀ ਮਿਲੀ ਹੈ ਕਿ ਆਸ਼ੀਸ਼ ਅਤੇ ਉਸ ਦਾ ਇਕ ਅੰਮ੍ਰਿਤਸਰ ਦਾ ਪਾਰਟਨਰ ਅਤੇ ਜਲੰਧਰ ਦਾ ਇਕ ਰੈਸਟੋਰੈਂਟ ਮਾਲਕ ਇਸ ਸਾਰੇ ਕੇਸ ਵਿਚ ਅਹਿਮ ਕੜੀ ਹਨ। ਆਸ਼ੀਸ਼ ਅੰਮ੍ਰਿਤਸਰ ਦੇ ਜਿਸ ਸਪਾ ਸੈਂਟਰ ਮਾਲਕ ਦੇ ਕੋਲ ਨੌਕਰੀ ਕਰਦਾ ਸੀ, ਬਾਅਦ ਵਿਚ ਉਸ ਦੇ ਹੀ ਨਾਲ ਉਸ ਨੇ ਪਾਰਟਨਰਸ਼ਿਪ ਕਰ ਲਈ ਸੀ, ਹਾਲਾਂਕਿ ਜਲੰਧਰ ਆ ਕੇ ਉਸ ਨੇ ਨੈਸ਼ਨਲ ਹਾਈਵੇਅ ’ਤੇ ਸਥਿਤ ਇਕ ਮਾਲ ਵਿਚ ਸਭ ਤੋਂ ਪਹਿਲਾਂ ਸਪਾ ਸੈਂਟਰ ਖੋਲ੍ਹਿਆ, ਜਿਸ ਤੋਂ ਬਾਅਦ ਉਸ ਨੇ ਆਪਣੀ ਚੇਨ ਸ਼ੁਰੂ ਕੀਤੀ।
ਇਹ ਵੀ ਪੜ੍ਹੋ: ਫਿਲੌਰ: ਥਾਣੇਦਾਰ ਦੀ ਧੀ ਨੂੰ ਸੜਕ 'ਤੇ ਰੋਕ ਕੇ ਪਾੜੇ ਕੱਪੜੇ, ਮਾਰਨ ਲਈ ਪਿੱਛੇ ਤਲਵਾਰ ਲੈ ਕੇ ਭੱਜੇ
ਸੂਤਰਾਂ ਦੀ ਮੰਨੀਏ ਤਾਂ ਪੁੱਛਗਿੱਛ ਦੌਰਾਨ ਆਸ਼ੀਸ਼ ਨੇ ਜਲੰਧਰ ਦੇ ਇਕ ਰੈਸਟੋਰੈਂਟ ਮਾਲਕ ਦਾ ਨਾਂ ਲਿਆ ਹੈ, ਜੋ ਕੂਲ ਰੋਡ-ਅਰਬਨ ਅਸਟੇਟ ਫੇਜ਼-2 ਰੋਡ ’ਤੇ ਸਥਿਤ ਇਕ ਕਾਰ ਵਾਸ਼ਿੰਗ ਕੰਪਨੀ ਦੇ ਕੋਲ ਰੈਸਟੋਰੈਂਟ ਚਲਾਉਂਦਾ ਹੈ। ਉਕਤ ਰੈਸਟੋਰੈਂਟ ਮਾਲਕ ਦਾ ਕਈ ਵੱਡੇ ਲੋਕਾਂ ਨਾਲ ਮੇਲ-ਜੋਲ ਹੈ। ਇਹ ਰੈਸਟੋਰੈਂਟ ਮਾਲਕ ਸਪਾ ਸੈਂਟਰ ਅਤੇ ਹਰ ਤਰ੍ਹਾਂ ਦੀ ਕਾਲੀ ਕਮਾਈ ਇਕੱਠੀ ਕਰਕੇ ਅੱਗੇ ਆਪਣੇ ਪਾਰਟਨਰਾਂ ਵਿਚ ਵੰਡਦਾ ਸੀ, ਹਾਲਾਂਕਿ ਇਨ੍ਹਾਂ ਪਾਰਟਨਰਾਂ ਵਿਚ ਸਿਆਸੀ ਲੋਕ ਵੀ ਸ਼ਾਮਲ ਸਨ, ਜੋ ਖ਼ੁਦ ਨੂੰ ਵ੍ਹਾਈਟ ਕਾਲਰਡ ਦੱਸਦੇ ਹਨ। ਉਕਤ ਰੈਸਟੋਰੈਂਟ ਮਾਲਕ ਨੇ ਇਕ ਅਧਿਕਾਰੀ ਨਾਲ ਮਿਲ ਕੇ ਪਾਰਟਨਰਸ਼ਿਪ ਵਿਚ ਰੈਸਟੋਰੈਂਟ ਵੀ ਖੋਲ੍ਹਿਆ ਹੈ।
ਇਹ ਵੀ ਪੜ੍ਹੋ: ਗੈਂਗਰੇਪ ਦੇ ਮਾਮਲੇ 'ਚ ਗ੍ਰਿਫ਼ਤਾਰ ਆਸ਼ੀਸ਼ ਤੋਂ ਬਾਅਦ ਅੰਡਰਗਰਾਊਂਡ ਹੋਏ ਮਸਾਜ ਤੇ ਕਈ ਸਪਾ ਸੈਂਟਰ ਵਾਲੇ
ਅਰਸ਼ਦ ਖ਼ਾਨ ਨੂੰ ਬਚਾਉਣ ਉਤਰਿਆ ਕਾਂਗਰਸੀ ਨੇਤਾ
ਸ਼ਹਿਰ ਦਾ ਸਭ ਤੋਂ ਵੱਡਾ ਗੈਂਗਰੇਪ ਕੇਸ ਜਿਸ ਵਿਚ ‘ਗੰਦੇ ਧੰਦੇ’ ਨਾਲ ਜੁੜੇ ਕਈ ਲੋਕ ਸ਼ਾਮਲ ਹਨ, ਨੂੰ ਬਚਾਉਣ ਲਈ ਇਕ ਕਾਂਗਰਸੀ ਨੇਤਾ ਸਾਹਮਣੇ ਆਇਆ ਹੈ। ਪਤਾ ਲੱਗਾ ਹੈ ਕਿ ਹੁਣ ਤੱਕ ਪੁਲਸ ਦੀ ਪਕੜ ਤੋਂ ਦੂਰ ਅਰਸ਼ਦ ਖਾਨ ਨੂੰ ਪਾਕ-ਸਾਫ਼ ਸਾਬਤ ਕਰਨ ਦੀ ਖੇਡ ਚੱਲ ਰਹੀ ਹੈ, ਜਿਸ ਵਿਚ ਇਕ ਕਾਂਗਰਸੀ ਨੇਤਾ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਪਤਾ ਲੱਗਾ ਹੈ ਕਿ ਕਾਂਗਰਸੀ ਨੇਤਾ ਨੇ ਪੁਲਸ ਤੋਂ ਹੀ ਅਰਸ਼ਦ ਨੂੰ ਬਚਾਉਣ ਦਾ ਫਾਰਮੂਲਾ ਮੰਗਿਆ ਹੈ। ਪੁਲਸ ਚਾਹੁੰਦੀ ਹੈ ਕਿ ਅਰਸ਼ਦ ਨੂੰ ਪੁਲਸ ਦੇ ਸਾਹਮਣੇ ਪੇਸ਼ ਕੀਤਾ ਜਾਵੇ, ਜਿਸ ਤੋਂ ਬਾਅਦ ਜੋ ਅਦਾਲਤ ਤੈਅ ਕਰੇਗੀ, ਉਹ ਹੀ ਸਹੀ ਹੋਵੇਗਾ ਪਰ ਉਕਤ ਕਾਂਗਰਸੀ ਨੇਤਾ ਆਪਣੀ ਜ਼ਿੱਦ ’ਤੇ ਅੜਿਆ ਹੈ।
ਇਹ ਵੀ ਪੜ੍ਹੋ: ਪਹਿਲਾਂ ਪੂਰੇ ਟੱਬਰ ਨੂੰ ਵਿਖਾਏ ਕੈਨੇਡਾ ਜਾਣ ਦੇ ਸੁਫ਼ਨੇ, ਫਿਰ ਕੀਤਾ ਉਹ ਜੋ ਸੋਚਿਆ ਵੀ ਨਾ ਸੀ
ਪਤਾ ਲੱਗਾ ਹੈ ਕਿ ਅਰਸ਼ਦ ਦੇ ਕਰੀਬੀ ਦੇ ਨਾਲ ਉਕਤ ਕਾਂਗਰਸੀ ਨੇਤਾ ਦੀ ਕਾਫ਼ੀ ਗੰਢਤੁੱਪ ਹੈ। ਉਹੀ ਨੇਤਾ ਪੁਲਸ ਨੂੰ ਸੁਝਾਅ ਦੇ ਰਿਹਾ ਹੈ ਕਿ ਇਸ ਮਾਮਲੇ ਵਿਚ ਇਨਕੁਆਰੀ ਮਾਰਕ ਕੀਤੀ ਜਾਵੇ, ਜਿਸ ਵਿਚ ਅਰਸ਼ਦ ਨੂੰ ਸਾਫ਼-ਸੁਥਰਾ ਬਣਾ ਕੇ ਕੇਸ ਵਿਚੋਂ ਹੀ ਕੱਢ ਦਿੱਤਾ ਜਾਵੇ। ਇਹ ਵੀ ਪਤਾ ਲੱਗਾ ਹੈ ਕਿ ਇਸ ਕੋਸ਼ਿਸ਼ ਵਿਚ ਨੇਤਾ ਪੁਲਸ ’ਤੇ ਦਬਾਅ ਬਣਾ ਰਿਹਾ ਹੈ ਪਰ ਫਿਲਹਾਲ ਪੁਲਸ ਅਜਿਹਾ ਕੁਝ ਕਰਨ ਦੇ ਮੂਡ ਵਿਚ ਨਹੀਂ ਹੈ, ਜਿਸ ਨਾਲ ਉਸ ਦੀ ਕਿਰਕਿਰੀ ਹੋ ਜਾਵੇ। ਕਾਰਨ ਇਹ ਹੈ ਕਿ ਇਹ ਮਾਮਲਾ ਸਿਰਫ਼ ਜਲੰਧਰ ਦਾ ਨਾ ਹੋ ਕੇ ਪੂਰੇ ਪੰਜਾਬ ਦਾ ਹੋ ਚੁੱਕਾ ਹੈ। ਸਿਆਸੀ ਲੋਕਾਂ ਦੀ ਇਸ ਵਿਚ ਦਖ਼ਲਅੰਦਾਜ਼ੀ ਕਾਰਨ ਮਾਮਲਾ ਲਗਾਤਾਰ ਵਿਗੜ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਅਰਸ਼ਦ ਦੇ ਕੁਝ ਕਰੀਬੀ ਲੋਕ ਅਰਸ਼ਦ ਨੂੰ ਪੁਲਸ ਦੇ ਸਾਹਮਣੇ ਪੇਸ਼ ਕਰਵਾਉਣ ਦੀ ਬਜਾਏ ਇਸ ਤਰ੍ਹਾਂ ਦੇ ਆਈਡੀਏ ਪੁਲਸ ਨੂੰ ਦੇ ਰਹੇ ਹਨ। ਉੱਪਰ ਤੋਂ ਕਾਂਗਰਸੀ ਨੇਤਾ ਦੀਆਂ ਸਿਫ਼ਾਰਸ਼ਾਂ ਕਰਵਾ ਕੇ ਮਾਮਲੇ ਨੂੰ ਹੋਰ ਪੇਚੀਦਾ ਬਣਾਇਆ ਜਾ ਰਿਹਾ ਹੈ ਪਰ ਜਿਸ ਤਰ੍ਹਾਂ ਨਾਲ ਪੁਲਸ ਮਾਮਲੇ ਨੂੰ ਹੱਲ ਕਰਨ ਵਿਚ ਜੁਟੀ ਹੈ, ਉਸ ਨਾਲ ਲੱਗਦਾ ਨਹੀਂ ਕਿ ਇਕ ਨਾਬਾਲਗਾ ਵਿਰੁੱਧ ਇਸ ਤਰ੍ਹਾਂ ਦਾ ਕੋਈ ਕਦਮ ਪੁਲਸ ਉਠਾਏਗੀ, ਜਿਸ ਵਿਚ ਕੋਈ ਮੁਲਜ਼ਮ ਸਜ਼ਾ ਤੋਂ ਬਚ ਜਾਵੇ।
ਇਹ ਵੀ ਪੜ੍ਹੋ: ਗੋਦ ਲੈਣ ਵਾਲਿਆਂ ਦੀ ਟੁੱਟੀ ਆਸ, ਬਾਥਰੂਮ ਦੀ ਛੱਤ ’ਤੇ ਲਿਫ਼ਾਫ਼ੇ ’ਚੋਂ ਮਿਲੀ ਨਵਜਨਮੀ ਬੱਚੀ ਨੇ ਤੋੜਿਆ ਦਮ
ਜੇਕਰ ਅਰਸ਼ਦ ਨਾਲ ਕੁਨੈਕਸ਼ਨ ਨਹੀਂ ਤਾਂ ਪੱਲਾ ਝਾੜਨ ਵਾਲੇ ਕਾਂਗਰਸੀ ਨੇਤਾ ਕੋਲੋਂ ਕਿਉਂ ਕਰਵਾ ਰਹੇ ਹਨ ਸਿਫ਼ਾਰਸ਼ਾਂ
ਉਂਝ ਤਾਂ ਅਰਸ਼ਦ ਫ਼ਰਾਰ ਹੈ ਅਤੇ ਉਸ ਦੇ ਕਰੀਬੀ ਕਈ ਲੋਕ ਸਾਫ਼ ਇਨਕਾਰ ਕਰ ਰਹੇ ਹਨ ਕਿ ਉਨ੍ਹਾਂ ਦਾ ਅਰਸ਼ਦ ਨਾਲ ਕੋਈ ਲੈਣਾ-ਦੇਣਾ ਹੈ ਪਰ ਇਹ ਗੱਲ ਸਾਫ਼ ਹੋ ਗਈ ਹੈ ਕਿ ਇਹ ਸਿਰਫ਼ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਕੇ ਅਰਸ਼ਦ ਨੂੰ ਬਚਾਉਣ ਦੀ ਕੋਸ਼ਿਸ਼ ਹੈ। ਜੋ ਅਰਸ਼ਦ ਤੋਂ ਪੱਲਾ ਝਾੜ ਰਹੇ ਹਨ, ਉਹੀ ਉਕਤ ਕਾਂਗਰਸੀ ਨੇਤਾ ਦੀਆਂ ਸਿਫ਼ਾਰਸ਼ਾਂ ਕਰਵਾ ਰਹੇ ਹਨ। ਜੇਕਰ ਉਨ੍ਹਾਂ ਦਾ ਅਰਸ਼ਦ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਤਾਂ ਉਕਤ ਕਾਂਗਰਸੀ ਨੇਤਾ ਦੇ ਘਰ ਦੇ ਆਸ-ਪਾਸ ਇਨ੍ਹਾਂ ਲੋਕਾਂ ਨੂੰ ਕਿਉਂ ਵੇਖਿਆ ਗਿਆ ਹੈ। ਇਹ ਲੋਕ ਉਥੇ ਕੀ ਕਰਨ ਗਏ ਸਨ, ਜਦਕਿ ਕੁਝ ਦਿਨ ਪਹਿਲਾਂ ਹੋਈ ਇਕ ਮੁਲਾਕਾਤ ਤੋਂ ਬਾਅਦ ਹੀ ਉਕਤ ਕਾਂਗਰਸੀ ਅਰਸ਼ਦ ਖ਼ਾਨ ਲਈ ਪੁਲਸ ’ਤੇ ਦਬਾਅ ਬਣਾ ਰਿਹਾ ਹੈ। ਬੇਸ਼ੱਕ ਪੁਲਸ ਦੇ ਅਧਿਕਾਰੀ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੇ ਦਬਾਅ ਤੋਂ ਇਨਕਾਰ ਕਰ ਰਹੇ ਹਨ ਪਰ ਪੁਖ਼ਤਾ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਰੈਸਟੋਰੈਂਟ ਮਾਲਕ ਦਾ ਡਰਾਈਵਰ ਕਰਦਾ ਸੀ ਕੁਲੈਕਸ਼ਨ
ਉਕਤ ਰੈਸਟੋਰੈਂਟ ਮਾਲਕ ਦੇ ਕਾਫ਼ੀ ਵੱਡੇ ਪੱਧਰ ਦੇ ਨੇਤਾਵਾਂ ਨਾਲ ਸਬੰਧ ਸਨ ਅਤੇ ਉਕਤ ਰੈਸਟੋਰੈਂਟ ਮਾਲਕ ਨੇ ਆਪਣਾ ਕੰਮ ਵੰਡਿਆ ਹੋਇਆ ਸੀ। ਉਹ ਖ਼ੁਦ ਨੇਤਾਵਾਂ ਨਾਲ ਸਬੰਧ ਬਣਾਉਣ ਅਤੇ ਉਨ੍ਹਾਂ ਦੇ ਕੰਮ ਕਰਵਾਉਣ ’ਚ ਬਿਜ਼ੀ ਰਹਿੰਦਾ ਸੀ ਅਤੇ ਨੇਤਾਵਾਂ ਅਤੇ ਅਫ਼ਸਰਾਂ ਦੀ ਸਾਰੀ ਕਾਲੀ ਕਮਾਈ ਉਸ ਦਾ ਡਰਾਈਵਰ ਇਕੱਠੀ ਕਰਦਾ ਸੀ, ਹਾਲਾਂਕਿ ਇਸ ਸਾਰੇ ਮਾਮਲੇ ਵਿਚ ਪੁਲਸ ਅਧਿਕਾਰੀ ਪੁਸ਼ਟੀ ਕਰਨ ਤੋਂ ਬਚ ਰਹੇ ਹਨ।
ਹੋ ਸਕਦੀ ਹੈ ਈ. ਡੀ. ਦੀ ਐਂਟਰੀ
ਮਾਮਲਾ ਕਿਉਂਕਿ ਹਰ ਮਹੀਨੇ ਮੋਟੀ ਕਮਾਈ ਨਾਲ ਜੁੜਿਆ ਹੋਇਆ ਹੈ ਅਤੇ ਕੁਝ ਸਿਆਸੀ ਲੋਕ ਇਸ ਮਾਮਲੇ ਵਿਚ ਜੁੜੇ ਹੋਏ ਹਨ ਤਾਂ ਹੁਣ ਇਸ ਮਾਮਲੇ ਵਿਚ ਈ. ਡੀ. ਦੀ ਐਂਟਰੀ ਹੋ ਸਕਦੀ ਹੈ। ਮਾਮਲੇ ਨੂੰ ਲੈ ਕੇ ਇਕ ਸ਼ਿਕਾਇਤ ਈ. ਡੀ. ਨੂੰ ਭੇਜੀ ਗਈ ਹੈ। ਇਹ ਸ਼ਿਕਾਇਤ ਐਨਫੋਰਸਮੈਂਟ ਡਾਇਰੈਕਟੋਰੇਟ ਸਮੇਤ ਨੈਸ਼ਨਲ ਚਾਈਲਡ ਪ੍ਰੋਟੈਕਸ਼ਨ ਰਾਈਟ ਨੂੰ ਵੀ ਭੇਜੀ ਗਈ ਹੈ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਵਿਚ ਕੁਝ ਨਵਾਂ ਵੇਖਣ ਨੂੰ ਮਿਲੇ ਕਿਉਂਕਿ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਦੇ ਕਈ ਨੇਤਾਵਾਂ ਨੂੰ ਘੇਰਨ ਲਈ ਇਸ ਤੋਂ ਬਿਹਤਰ ਮਾਮਲਾ ਨਹੀਂ ਮਿਲ ਸਕਦਾ। ਉਂਝ ਵੀ ਅਗਲੇ ਸਾਲ ਚੋਣਾਂ ਹਨ ਤਾਂ ਇਸ ਮਸਲੇ ਦੀ ਚੁਣਾਵੀ ਵਰਤੋਂ ਤੋਂ ਵੀ ਇਨਕਾਰ ਨਹੀਂ ਹੋ ਸਕਦਾ, ਜਿਸ ਵਿਚ ਕਾਂਗਰਸ ਦੇ ਨੇਤਾਵਾਂ ਨੂੰ ਨਾਮੋਸ਼ੀ ਸਹਿਣੀ ਪੈ ਸਕਦੀ ਹੈ।
ਇਹ ਵੀ ਪੜ੍ਹੋ: ਜਲੰਧਰ: ਭਾਰਤ-ਪਾਕਿ ਦੀ ਵੰਡ ਦੌਰਾਨ ਹੋਏ ਕਤਲੇਆਮ ਦੀ ਸੁਣੋ ਅਸਲ ਕਹਾਣੀ, ਬਜ਼ੁਰਗ ਨੇ ਸੁਣਾਈਆਂ ਸੱਚੀਆਂ ਗੱਲਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ